ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਚਿੰਤਾਜਨਕ : ਇਸਤਰੀ ਅਕਾਲੀ ਦਲ

ਚੰਡੀਗੜ੍ਹ – ਇਸਤਰੀ ਅਕਾਲੀ ਦਲ ਦੇ ਸਮੁੱਚੇ ਜਥੇਬੰਦਕ ਢਾਂਚੇ ਦੀ ਇੱਕ ਜਰੂਰੀ ਮੀਟਿੰਗ ਅੱਜ ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਵਿੱਚ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬੀਬੀ ਜਗੀਰ ਕੌਰ ਨੇ ਪੰਜਾਬ ਵਿੱਚ ਵਾਪਰ ਰਹੀਆਂ ਰੋਜ ਦੀਆਂ ਘਟਨਾਵਾਂ ਉਪਰ ਚਿੰਤਾ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਜਿਸ ਤਰਾਂ ਰੋਜ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਉਪਰ ਕਾਤਲਾਨਾ ਹਮਲੇ ਹੋ ਰਹੇ ਹਨ ਅਤੇ ਕਈ ਥਾਂਵਾਂ ਤੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ, ਬੇਹੱਦ ਨਿੰਦਣਯੋਗ ਅਤੇ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਦੇ ਨਾਮ ਦੀ ਕੋਈ ਚੀਜ਼ ਨਹੀਂ। ਬੀਬੀ ਜਗੀਰ ਕੌਰ ਨੇ ਕਿਹਾ ਕਿ ਬਦਲਾਖੋਰੀ ਦੀ ਰਾਜਨੀਤੀ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਊਪਰ ਝੂਠੇ ਨਜਾਇਜ ਪਰਚੇ ਦਰਜ ਕੀਤੇ ਜਾ ਰਹੇ ਹਨ। ਪੰਜਾਬ ਵਿੱਚ ਕਈ ਥਾਵਾਂ ਤੇ ਨਗਰ ਕੌਂਸਲਾਂ, ਟਰੱਕ ਯੂਨੀਅਨਾ ਦੇ ਚੁਣੇ ਹੋਏ ਨੁੰਮਾਇੰਦਿਆਂ ਨੂੰ ਜਬਰੀ ਲਾਹ ਕੇ ਕਾਂਗਰਸ ਪਾਰਟੀ ਕਬਜਾ ਕਰ ਰਹੀ ਹੈ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਅਗਰ ਕਾਂਗਰਸ ਸਰਕਾਰ ਵਲੋਂ ਇਹ ਬਦਲਾਲਊ ਰਾਜਨੀਤੀ ਨੂੰ ਬੰਦ ਨਾ ਕੀਤਾ ਗਿਆ ਤਾਂ ਇਸਤਰੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨਾਲ ਰਲ ਕੇ ਆਉਣ ਵਾਲੇ ਸਮੇ ਵਿੱਚ ਸੰਘਰਸ਼ ਵਿੱਢੇਗਾ ਤਾਂ ਜੋ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਇਨਸਾਫ ਦੁਆਇਆ ਜਾ ਸਕੇ। ਉਹਨਾਂ ਕਾਂਗਰਸ ਪਾਰਟੀ ਅਤੇ ਕਾਂਗਰਸ ਸਰਕਾਰ ਨੂੰ ਸਖਤ ਸ਼ਬਦਾਂ ਵਿੱਚ ਤਾੜਨਾ ਕਰਦੇ ਹੋਏ ਕਿਹਾ ਕਿ ਅਜਿਹੀਆਂ ਰੋਜ ਦੀਆਂ ਹੋ ਰਹੀਆਂ ਘਟਨਾਵਾਂ ਨੂੰ ਫੌਰੀ ਰੋਕਿਆ ਜਾਵੇ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਤੇ ਵੀ ਗਹਿਰੀ ਚਿੰਤਾ ਦਾ  ਪ੍ਰਗਟਾਵਾ ਕੀਤਾ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬੀਬੀ ਜਗੀਰ ਕੌਰ ਨੇ ਕਿਹਾ ਕਿ 1 ਜੂਨ ਤੋਂ ਇਸਤਰੀ ਅਕਾਲੀ ਦਲ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਕਰੇਗਾ ਅਤੇ ਪਹਿਲਾਂ ਸਮਾਗਮ 1 ਜੂਨ ਨੂੰ ਬੇਗੋਵਾਲ ਵਿਖੇ ਕੀਤਾ ਜਾਵੇਗਾ। ਉਹਨਾ ਕਿਹਾ ਕਿ ਹਰ ਹਲਕੇ ਵਿੱਚ ਧਾਰਮਿਕ ਸਮਾਗਮ ਕੀਤੇ ਜਾਣਗੇ। ਜਿਹਨਾ ਦਾ ਵਿਸਥਾਰ ਆਉਂਦੇ ਦਿਨਾਂ ਵਿੱਚ ਦੱਸ ਦਿੱਤਾ ਜਾਵੇਗਾ।
ਆਪਣੇ ਸੰਬੋਧਨ ਵਿੱਚ ਬੀਬੀ ਜਗੀਰ ਕੌਰ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਆਪਣੇ ਮੈਨੀਫੈਸਟੋ ਵਿੱਚ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨਾ ਚਾਹੀਦਾ ਹੈ। ਉਹਨਾਂ ਇਸ ਗੱਲ ਤੇ ਵੀ ਅਫਸੋਸ ਜਾਹਰ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਲਈ ਚਲਾਈਆਂ ਗਈਆਂ ਭਲਾਈ ਦੀਆਂ ਸਕੀਮਾਂ ਨੂੰ ਕਾਂਗਰਸ ਸਰਕਾਰ ਨੇ ਬੰਦ ਕਰ ਦਿਤਾ ਹੈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਪਿਛਲੇ ਦਿਨੀ ਦਿੱਲੀ ਵਿੱਚ ਹੋਈਆਂ ਚੋਣਾਂ ਪਹਿਲਾਂ ਵਿਧਾਨ ਸਭਾ ਹਲਕਾ ਰਾਜੌਰੀ ਗਾਰਡਨ ਅਤੇ ਉਸ ਤੋਂ ਉਪਰੰਤ ਦਿੱਲੀ ਮਿਉਂਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਵਿੱਚ ਭਾਰੀ ਜਿੱਤ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਬੀ.ਜੇ.ਪੀ ਦੇ ਆਗੂਆਂ ਅਤੇ ਵਰਕਰਾਂ ਨੂੰ ਵਧਾਈ ਪੇਸ਼ ਕੀਤੀ।
ਮੀਟਿੰਗ ਦੌਰਾਨ ਇੱਕ ਸ਼ੋਕ ਮਤੇ ਰਾਹੀਂ ਗੁਰਦਾਸਪੁਰ ਹਲਕੇ ਤੋਂ ਮੈਂਬਰ ਪਾਰਲੀਮੈਂਟ ਸ਼ੀ੍ਰ ਵਿਨੋਦ ਖੰਨਾ, ਭਾਰਤ ਦੀ ਸਰਹੱਦ ਤੇ ਰਾਖੀ ਕਰਦੇ ਸੈਨਿਕ ਵੀਰਾਂ ਦੀ ਅਚਾਨਕ ਸ਼ਹਾਦਤ, ਬੀਬੀ ਸੁਰਿੰਦਰ ਕੌਰ ਫੱਤਣਵਾਲਾ ਦੇ ਪਤੀ ਸ.ਜਗਮੋਹਣ ਸਿੰਘ ਫੱਤਣਵਾਲਾ, ਬੀਬੀ ਤ੍ਰਿਵੈਣੀ ਚੌਹਾਨ ਦੇ ਪਤੀ ਸ਼੍ਰੀ ਅਸ਼ੋਕ ਕੁਮਾਰ ਅਤੇ ਬੀਬੀ ਪਰਮਜੀਤ ਕੌਰ ਭੋਤਨਾਂ ਦੇ ਪਤੀ ਦੀ ਮੌਤ ਤੇ ਦੋ ਮਿੰਟ ਦਾ ਮੌਨ ਰੱਖ ਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬੀਬੀ ਸਤਵੰਤ ਕੌਰ ਸੰਧੂ ਸਾਬਕਾ ਮੰਤਰੀ, ਬੀਬੀ ਫਰਜਾਨਾ ਆਲਮ ਸਾਬਕਾ ਵਿਧਾਇਕ, ਬੀਬੀ ਕਰਤਾਰ ਕੌਰ ਸ਼ਾਹਬਾਦ, ਬੀਬੀ ਰਵਿੰਦਰ ਕੌਰ ਅਜਰਾਣਾ, ਬੀਬੀ ਮਨਜੀਤ ਕੌਰ ਸਿੱਧੂ, ਬੀਬੀ ਪਰਮਜੀਤ ਕੌਰ ਲਾਂਡਰਾ, ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਬੀਬੀ ਰਾਜਵਿੰਦਰ ਕੌਰ ਰਾਜੂ, ਬੀਬੀ ਗੁਰਪ੍ਰੀਤ ਕੌਰ ਸਿਬੀਆ, ਬੀਬੀ ਪੂਨਮ ਅਰੋੜਾ, ਬੀਬੀ ਕਿਰਨ ਸ਼ਰਮਾ ਪਠਾਨਕੋਟ, ਬੀਬੀ ਕੁਲਦੀਪ ਕੌਰ ਕੰਗ, ਬੀਬੀ ਮਨਜੀਤ ਕੌਰ ਕਾਲੇਮਾਜਰਾ, ਬੀਬੀ ਸ਼ਰਨਜੀਤ ਕੌਰ ਜੀਂਦੜ, ਬੀਬੀ ਰਾਜਵਿੰਦਰ ਕੌਰ, ਬੀਬੀ ਬਲਵਿੰਦਰ ਕੌਰ ਸੰਧੂ, ਬੀਬੀ ਵੀਨਾ ਮੱਕੜ, ਬੀਬੀ ਨਿਰਮਲ ਕੌਰ ਸੇਖੋਂ, ਬੀਬੀ ਰਾਣੀ ਧਾਲੀਵਾਲ, ਬੀਬੀ ਪਰਮਜੀਤ ਕੌਰ ਵਿਰਕ, ਬੀਬੀ ਸੁਨੀਤਾ ਸ਼ਰਮਾ, ਬੀਬੀ ਸਿਮਰਜੀਤ ਕੌਰ ਮਾਨਸਾ, ਬੀਬੀ ਸੁਖਵਿੰਦਰ ਕੌਰ ਮਾਨ, ਬੀਬੀ ਪਰਮਜੀਤ ਕੌਰ ਭਗੜਾਣਾ, ਬੀਬੀ ਜਸਵਿੰਦਰ ਕੌਰ ਠੁੱਲੇਵਾਲ, ਬੀਬੀ ਗੀਤਾ ਸ਼ਰਮਾ ਬਟਾਲਾ ਅਤੇ ਹੋਰ ਬੀਬੀਆਂ ਹਾਜਰ ਸਨ।