ਆਰੀਆ ਸਮਾਜ ਬੰਬ ਧਮਾਕੇ ਦੇ ਮਾਮਲੇ ‘ਚ ਰਮਨਦੀਪ ਸਿੰਘ ਨੂੰ ਅਦਾਲਤ ਨੇ ਕੀਤਾ ਬਰੀ

ਪਟਿਆਲਾ— ਆਰੀਆ ਸਮਾਜ ਬੰਬ ਧਮਾਕੇ ਦੇ ਕਥਿਤ ਮਾਮਲੇ ‘ਚ ਵਧੀਕ ਸੈਸ਼ਨ ਜੱਜ ਰਵਦੀਪ ਸਿੰਘ ਹੁੰਦਲ ਦੀ ਅਦਾਲਤ ‘ਚ ਅੱਜ ਪੁਲਸ ਨੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਦੋਸ਼ੀ ਰਮਨਦੀਪ ਸਿੰਘ ਗੋਲਡੀ ਵਾਸੀ ਮੁਹੱਲਾ ਸਿੰਘਪੁਰਾ ਬਸੀ ਪਠਾਣਾ ਨੂੰ ਪੇਸ਼ ਕੀਤਾ। ਬਚਾਅ ਪੱਖ ਲਈ ਸੀਨੀਅਰ ਵਕੀਲ ਬਰਜਿੰਦਰ ਸਿੰਘ ਸੋਢੀ ਅਦਾਲਤ ‘ਚ ਪੇਸ਼ ਹੋਏ। ਅਦਾਲਤ ਨੇ ਅੱਜ ਬਚਾਅਪੱਖ ਦੇ ਵਕੀਲਾਂ ਦੀਆਂ ਦਲੀਲਾਂ ਮੰਨਦੇ ਹੋਏ ਉਕਤ ਮਾਮਲੇ ‘ਚੋਂ ਰਮਨਦੀਪ ਸਿੰਘ ਗੋਲਡੀ ਨੂੰ ਬਰੀ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪੁਲਸ ਨੇ ਰਮਨਦੀਪ ਸਿੰਘ ਗੋਲਡੀ ਨੂੰ ਉਸ ਸਮੇਂ ਚਨਈ ਏਅਰਪੋਰਟ ਤੋਂ ਕਾਬੂ ਕੀਤਾ ਸੀ, ਜਦੋਂ ਉਸ ਨੂੰ ਬੈਂਕਾਕ ਤੋਂ ਚਨਈ ਏਅਰਪੋਰਟ ‘ਤੇ ਲਿਆਂਦਾ ਗਿਆ ਸੀ। ਪੁਲਸ ਨੇ ਬਾਅਦ ‘ਚ ਗੋਲਡੀ ਖਿਲਾਫ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਸੀ। ਪੁਲਸ ਨੇ ਸ਼ਿਕਾਇਤਕਰਤਾ ਗੌਰਵ ਸ਼ਰਮਾ ਵਾਸੀ 66 ਕੇ. ਵੀ. ਗਰਿਡ ਕਾਲੋਨੀ ਦੀ ਸ਼ਿਕਾਇਤ ‘ਤੇ 28 ਅਪ੍ਰੈਲ 2010 ਨੂੰ ਥਾਣਾ ਕੋਤਵਾਲੀ ਪਟਿਆਲਾ ਵਿਖੇ 15 ਅਨ ਲਾਅ ਫੁੱਲ ਐਕਟੀਵੀਟਿਜ਼ ਐਕਟ ਅਤੇ 4, 5 ਐਕਸਪਲੋਸਿਵ ਸਬਸਾਂਟਸ਼ੀਅਲ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਇਥੇ ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਆਰੀਆ ਸਮਾਜ ਵਿਖੇ ਸਥਿਤ ਸਤਿ ਨਰਾਇਣ ਮੰਦਰ ਦੇ ਸਾਹਮਣੇ ਪਾਣੀ ਦੇ ਵਾਟਰ ਕੂਲਰ ਥੱਲੇ ਇਕ ਬੰਬ ਧਮਾਕਾ ਹੋਇਆ ਸੀ। ਇਸ ਬੰਬ ਧਮਾਕੇ ‘ਚ ਪੰਜ ਵਿਅਕਤੀ ਜ਼ਖਮੀ ਹੋ ਗਏ ਸਨ ਅਤੇ ਇਸ ਚੌਂਕ ਦੇ ਆਸ-ਪਾਸ ਸਥਿਤ ਬਜ਼ਾਰ ਦੀਆਂ ਕੁਝ ਦੁਕਾਨਾਂ ਨੂੰ ਨੁਕਸਾਨ ਵੀ ਪੁੱਜਾ ਸੀ। ਪੁਲਸ ਨੇ ਇਸ ਸੰਬੰਧ ‘ਚ ਥਾਣਾ ਕੋਤਵਾਲੀ ਪਟਿਆਲਾ ਵਿਖੇ ਐਕਸਪਲੋਸ਼ਿਵ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਇਥੇ ਜ਼ਿਕਰਯੋਗ ਹੈ ਕਿ 11 ਅਕਸਤ 2014 ਨੂੰ ਵਧੀਕ ਸੈਸ਼ਨ ਜੱਜ ਪੁਸ਼ਵਿੰਦਰ ਸਿੰਘ ਦੀ ਅਦਾਲਤ ਨੇ 4 ਕਥਿਤ ਦੋਸ਼ੀਆਂ ਜਸਵਿੰਦਰ ਸਿੰਘ ਵਾਸੀ ਰੋਸ਼ਨ ਕਲੋਨੀ ਰਾਜਪੁਰਾ, ਮਨਜਿੰਦਰ ਸਿੰਘ ਵਾਸੀ ਹੁਸੈਨਪੁਰ, ਗੁਰਜੰਟ ਸਿੰਘ ਵਾਸੀ ਜੰਗਪੁਰਾ ਬਨੂੰੜ ਅਤੇ ਹਰਮਿੰਦਰ ਸਿੰਘ ਵਾਸੀ ਇੰਦਰਾ ਨਗਰ ਲੁਧਿਆਣਾ ਨੂੰ ਉਕਤ ਮਾਮਲੇ ‘ਚੋਂ ਬਰੀ ਕਰ ਦਿੱਤਾ ਸੀ।