ਮੰਤਰੀਆਂ ਦੀਆਂ ਕਾਰਾਂ ਤੋਂ ਲਾਲ ਬੱਤੀ ਹਟਾਉਣ ਦੇ ਵਿਰੁੱਧ ਨਹੀਂ ਹਾਂ : ਰਾਣਾ ਗੁਰਜੀਤ ਸਿੰਘ

ਚੰਡੀਗੜ੍ਹ – ਊਰਜਾ ਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੱਜ ਇਥੇ ਕਿਹਾ ਕਿ ਉਹ ਮੰਤਰੀਆਂ ਦੀਆਂ ਗੱਡੀਆਂ ਤੋਂ ਲਾਲ ਬੱਤੀ ਹਟਾਉਣ ਦੇ ਫੈਸਲੇ ਦੇ ਵਿਰੁੱਧ ਨਹੀਂ ਹਨ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਉਹ ਕੈਬਨਿਟ ਵੱਲੋਂ ਲਾਲ ਬੱਤੀ ਨਾ ਲਾਉਣ ਸਬੰਧੀ ਲਏ ਗਏ ਫੈਸਲੇ ਵਾਲੇ ਦਿਨ ਤੋਂ ਹੀ ਲਾਲ ਬੱਤੀ ਦੀ ਵਰਤੋਂ ਨਹੀਂ ਕਰ ਰਹੇ ਹਨ।
ਮੀਡੀਆ ਦੇ ਇੱਕ ਹਿੱਸੇ ਵੱਲੋਂ ਇਹ ਦਿਖਾਏ ਜਾਣ ‘ਤੇ ਕਿ ਉਹ ਲਾਲ ਬੱਤੀ ਹਟਾਉਣ ਦੇ ਫੈਸਲੇ ਦੇ ਵਿਰੁੱਧ ਹਨ, ਬਾਰੇ ਗੱਲ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਰਸਰੀ ਤੌਰ ‘ਤੇ ਲਾਲ ਬੱਤੀ ਬਾਰੇ ਟਿੱਪਣੀ ਕੀਤੀ ਗਈ ਸੀ ਅਤੇ ਉਕਤ ਟਿੱਪਣੀ ਲਾਲ ਬੱਤੀ ਸਬੰਧੀ ਫੈਸਲਾ ਲੈਣ ਵਾਲੀ ਕੈਬਨਿਟ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਦੀ ਸੀ।
ਊਰਜਾ ਤੇ ਸਿੰਚਾਈ ਮੰਤਰੀ ਨੇ ਕਿਹਾ ਕਿ ਬਤੌਰ ਮੰਤਰੀ ਉਹ ਕੈਬਨਿਟ ਵੱਲੋਂ ਲਏ ਫੈਸਲਿਆਂ ਵਿੱਚ ਸ਼ਾਮਿਲ ਹਨ ਅਤੇ ਇਨ੍ਹਾਂ ਫੈਸਲਿਆਂ ਨੂੰ ਮੰਨਣ ਲਈ ਵੀ ਵਚਨਬੱਧ ਹਨ। ਉਨ੍ਹਾਂ ਕਿਹਾ, ”ਮੈਂ ਸਾਡੇ ਮਾਣਯੋਗ ਮੁੱਖ ਮੰਤਰੀ ਵੱਲੋਂ ਲਏ ਗਏ ਕਿਸੇ ਵੀ ਫੈਸਲਿਆਂ ਨੂੰ ਮੰਨਣ ਲਈ  ਵਚਨਬੱਧ ਹਾਂ”।