ਹੁਣ ਚੌਟਾਲਾ ਪਰਿਵਾਰ ਨੂੰ ਨਹੀਂ ਮਿਲੇਗੀ ਪੰਜਾਬ ਪੁਲਸ ਦੀ ਸੁਰੱਖਿਆ

ਜਲੰਧਰ — ਪੰਜਾਬ ਪੁਲਸ ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਸਿੰਘ ਚੌਟਾਲਾ ਦੇ ਪਰਿਵਾਰ ਦੀ ਸੁਰੱਖਿਆ ‘ਚ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੂੰ ਵਾਪਸ ਬੁਲਾ ਸਕਦੀ ਹੈ। ਪੰਜਾਬ ਪੁਲਸ ਵਲੋਂ ਚੌਟਾਲਾ ਪਰਿਵਾਰ ਦੀ ਸੁਰੱਖਿਆ ਲਈ 36 ਸੁਰੱਖਿਆ ਕਰਮੀ ਗਾਰਡ ਨਿਯੁਕਤ ਕੀਤੇ ਗਏ ਸਨ। ਇਹ ਸੁਰੱਖਿਆ ਕਰਮੀ ਚੌਟਾਲਾ ਦੇ ਸਿਰਸਾ, ਚੰਡੀਗੜ੍ਹ ਤੇ ਦਿੱਲੀ ਦੇ ਫਾਰਮ ਹਾਊਸ ਦੀ ਸੁਰੱਖਿਆ ਕਰਦੇ ਹਨ। ਚੌਟਾਲਾ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਉਣ ‘ਤੇ ਬਾਦਲ ਪਰਿਵਾਰ ਦੀ ਕਾਫੀ ਨਿੰਦਾ ਹੋਈ ਸੀ।
ਇਸ ਫੈਸਲੇ ‘ਤੇ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਨੇ ਚੁੱਪ ਵੱਟੀ ਹੋਈ ਸੀ। ਪੌਂਟੀ ਚੱਡਾ ਦੇ ਕਤਲ ਤੋਂ ਬਾਅਦ ਪੰਜਾਬ ਦੇ ਗ੍ਰਹਿ ਮੰਤਰੀ ਨੇ ਚੌਟਾਲਾ ਪਰਿਵਾਰ ਦੀ ਸੁਰੱਖਿਆ ਦੀ ਸਮੀਖਿਆ ਕਰਨ ਦਾ ਵੀ ਵਾਅਦਾ ਕੀਤਾ ਸੀ। ਜ਼ਿਕਰਯੋਗ ਹੈ ਕਿ ਬਾਦਲ ਤੇ ਚੌਟਾਲਾ ਪਰਿਵਾਰ ‘ਚ ਕਾਫੀ ਚੰਗੇ ਸਬੰਧ ਹਨ। ਦੋਵੇਂ ਪਰਿਵਾਰ ਹਮੇਸ਼ਾ ਇਕ-ਦੂਜੇ ਦੇ ਸੁੱਖ-ਦੁੱਖ ਸਮੇਂ ਖੜੇ ਰਹਿੰਦੇ ਹਨ। ਪੁਲਸ ਨੇ 4 ਫਰਵਰੀ ਨੂੰ ਚੋਣਾਂ ਤੋਂ ਬਾਅਦ ਸੁਰੱਖਿਆ ਵਾਪਸ ਲੈਣ ਦੀ ਯੋਜਨਾ ਬਣਾਈ ਸੀ ਪਰ ਦਬਾਅ ਦੇ ਕਾਰਨ ਯੋਜਨਾ ਸਫਲ ਨਹੀਂ ਹੋ ਪਾਈ। ਇਸ ਸਬੰਧੀ ਫੈਸਲਾ ਵੀਰਵਾਰ ਰਾਤ ਨੂੰ ਲਿਆ ਗਿਆ। ਇਸ ਦੇ ਚਲਦੇ ਸੁਰੱਖਿਆ ਕਰਮੀਆਂ ਨੂੰ ਵਾਪਸ ਬੁਲਾ ਲਿਆ ਗਿਆ। ਹਾਲਾਂਕਿ ਚੌਟਾਲਾ ਪਰਿਵਾਰ ਤੋਂ ਕਈ ਵੀ ਇਸ ਮਾਮਲੇ ਸਬੰਧੀ ਜਾਣਕਾਰੀ ਦੇਣ ਨੂੰ ਤਿਆਰ ਨਹੀਂ।