ਕੋਲੰਬੋਂ ਕਾਰਜਵਾਹਕ ਕਪਤਾਨ ਹਰਮਨਪ੍ਰੀਤ ਕੌਰ ਨੇ ਉਲਟ ਪਰਿਸਥਿਤੀਆਂ ‘ਚ ਸੰਜਮ ਬਰਕਰਾਰ ਰੱਖ ਕੇ ਆਖ਼ਰੀ ਦੋ ਗੇਂਦਾਂ ‘ਤੇ ਛੱਕਾ ਅਤੇ ਫ਼ਿਰ ਦੋ ਦੌੜਾਂ ਲੈ ਕੇ ਭਾਰਤ ਨੂੰ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਕੁਆਲੀਫ਼ਾਇਰ ਦੇ ਫ਼ਾਈਨਲ ‘ਚ ਅੱਜ ਇੱਥੇ ਦੱਖਣੀ ਅਫ਼ਰੀਕਾ ‘ਤੇ ਇੱਕ ਵਿਕਟ ਨਾਲ ਰੋਮਾਂਚਕ ਜਿੱਤ ਦਿਵਾਈ।
ਦੱਖਣੀ ਅਫ਼ਰੀਕਾ ਨੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ 49.4 ਓਵਰ ‘ਚ 244 ਦੌੜਾਂ ਬਣਾਈਆਂ। ਇਸ ਦੇ ਜਵਾਬ ‘ਚ ਭਾਰਤੀ ਟੀਮ ਦੀਪਤੀ ਸ਼ਰਮਾ (71) ਅਤੇ ਮੋਨਾ ਮੇਸ਼ਰਾਮ (59) ਦੇ ਵਿੱਚਾਲੇ ਦੂਜੇ ਵਿਕਟ ਦੇ ਲਈ 124 ਦੌੜਾਂ ਦੀ ਸਾਂਝੇਦਾਰੀ ਦੇ ਬਾਵਜੂਦ ਇੱਕ ਸਮੇਂ ਸੰਕਟ ‘ਚ ਜੂਝ ਰਹੀ ਸੀ। ਮਿਤਾਲੀ ਰਾਜ ਦੇ ਸੱਟ ਦਾ ਸ਼ਿਕਾਰ ਹੋਣ ਦੇ ਕਾਰਨ ਮੈਚ ‘ਚ ਟੀਮ ਦੀ ਅਗਵਾਈ ਕਰ ਰਹੀ ਹਰਮਨਪ੍ਰੀਤ ਕੌਰ ਨੇ ਅਜਿਹੇ ‘ਚ ਚੰਗੀ ਤਰ੍ਹਾਂ ਨਾਲ ਜ਼ਿੰਮੇਵਾਰੀ ਸੰਭਾਲੀ ਅਤੇ ਅੰਤ ‘ਚ ਇਸ ਟੂਰਨਾਮੈਂਟ ‘ਚ ਭਾਰਤ ਦੀ ਜੇਤੂ ਮੁਹਿੰਮ ਜਾਰੀ ਰਖ ਕੇ ਖਿਤਾਬ ਜਿੱਤਿਆ। ਭਾਰਤ ਨੂੰ ਆਖਰੀ ਓਵਰ ‘ਚ 9 ਦੌੜਾਂ ਚਾਹੀਦੀਆਂ ਸਨ ਅਤੇ ਉਸ ਦੇ ਦੋ ਵਿਕਟ ਬਾਕੀ ਬਚੇ ਸਨ। ਤੇਜ਼ ਗੇਂਦਬਾਜ਼ ਮਰਸੀਆ ਲੇਤਸੋਲੋ ਦੇ ਇਸ ਓਵਰ ਦੀ ਪਹਿਲੀ ਗੇਂਦ ‘ਤੇ ਦੋ ਦੌੜਾਂ ਲੈਣ ਦੀ ਕੋਸ਼ਿਸ ‘ਚ ਪੂਨਮ ਯਾਦਵ ਆਊਟ ਹੋ ਗਈ। ਹਰਮਨਪ੍ਰੀਤ ਦੇ ਕੋਲ ਸਟ੍ਰਾਈਕ ਸੀ ਪਰ ਉਹ ਅਗਲੀਆਂ ਤਿੰਨ ਗੇਂਦਾਂ ‘ਤੇ ਦੌੜਾਂ ਬਣਾਉਣ ‘ਚ ਅਸਫ਼ਲ ਰਹੀ ਜਿਸ ਨਾਲ ਭਾਰਤੀ ਖੇਮੇ ‘ਚ ਖਲਬਲੀ ਮਚ ਗਈ।
ਇਸ ਅਨੁਭਵੀ ਆਲਰਾਊਂਡਰ ਨੇ ਹਾਲਾਂਕਿ ਸੰਜਮ ਨਹੀਂ ਗੁਆਇਆ ਅਤੇ ਲੇਤਸੋਲੋ ਦੀ ਅਗਲੀ ਗੇਂਦ ਨੂੰ ਡੀਪ ਮਿਡਵਿਕਟ ‘ਤੇ 6 ਦੌੜਾਂ ਦੇ ਲਈ ਭੇਜ ਦਿੱਤਾ। ਭਾਰਤ ਨੂੰ ਆਖ਼ਰੀ ਗੇਂਦ ‘ਤੇ ਦੋ ਦੌੜਾਂ ਚਾਹੀਦੀਆਂ ਸਨ ਅਤੇ ਹਰਮਨਪ੍ਰੀਤ ਨੇ ਫ਼ੁਲਟਾਸ ਨੂੰ ਲਾਂਗ ਆਨ ‘ਤੇ ਖੇਡ ਕੇ ਦੋ ਦੌੜਾਂ ਬਣਾਈਆਂ ਜਿਸ ਨਾਲ ਭਾਰਤੀ ਖੇਮੇ ‘ਚ ਖੁਸ਼ੀ ਦੀ ਲਹਿਰ ਦੌੜ ਗਈ। ਰਿਕਾਰਡ ਦੇ ਲਈ ਦੱਸ ਦਈਏ ਕਿ ਭਾਰਤ ਨੇ 50 ਓਵਰ ‘ਚ 9 ਵਿਕਟਾਂ ‘ਤੇ 245 ਦੌੜਾਂ ਬਣਾਈਆਂ। ਹਰਮਨਪ੍ਰੀਤ 41 ਗੇਂਦਾਂ ‘ਤੇ 41 ਦੌੜਾਂ ਬਣਾ ਕੇ ਅਜੇਤੂ ਰਹੀ ਜਿਸ ‘ਚ 2 ਚੌਕੇ ਅਤੇ ਇੱਕ ਛੱਕਾ ਸ਼ਾਮਲ ਹੈ। ਮਹਿਲਾ ਵਿਸ਼ਵ ਕੱਪ ‘ਚ ਪਹਿਲਾਂ ਹੀ ਜਗ੍ਹਾ ਸੁਰੱਖਿਅਤ ਕਰ ਚੁੱਕੇ ਭਾਰਤ ਨੇ ਲੀਗ ਪੜਾਅ ਅਤੇ ਫ਼ਿਰ ਸੁਪਰ ਸਿਕਸ ‘ਚ ਵੀ ਆਪਣੇ ਸਾਰੇ ਮੈਚ ਜਿੱਤੇ ਹਨ।












