ਭਾਰਤ ਦੀ ਜਿੱਤ ਤੋਂ ਪਹਿਲਾਂ ਮੈਚ ‘ਚ ਇਕ ਫੈਸਲੇ ਲਈ ਲਏ ਦੋ ਰਵਿਊ

ਨਵੀਂ ਦਿੱਲੀਂ ਭਾਰਤੀ ਟੀਮ ਨੇ ਬੰਗਲਾਦੇਸ਼ ਖਿਲਾਫ ਇਕੋ-ਇਕ ਟੈਸਟ ਮੈਚ ‘ਚ 208 ਦੌੜਾਂ ਨਾਲ ਜਿੱਤ ਦਰਜ ਕੀਤੀ। ਜਿੱਤ ਤੋਂ ਇਕ ਵਿਕਟ ਦੂਰ ਭਾਰਤੀ ਟੀਮ ਲਈ ਚਾਹ ਦੇ ਸਮੇਂ ਨੂੰ 30 ਮਿੰਟ ਅੱਗੇ ਵਧਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਅਸ਼ਵਿਨ ਦੀ ਗੇਂਦ ਨੂੰ ਤਸਕੀਨ ਅਹਿਮਦ ਨੇ ਫਲਿੱਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਮਿਸ ਕਰ ਗਿਆ ਅਤੇ ਗੇਂਦ ਉਸ ਦੇ ਪੈਡ ‘ਤੇ ਲੱਗ ਗਈ। ਭਾਰਤੀ ਟੀਮ ਨੇ ਐੱਲ. ਬੀ. ਡਬਲਿਊ. ਦੀ ਅਪੀਲ ਕੀਤੀ ਪਰ ਅੰਪਾਇਰ ਕਿਸੇ ਹੋਰ ਚੀਜ਼ ਨੂੰ ਲੈ ਕੇ ਉਲਝਣ ‘ਚ ਸਨ।
ਅਸਲ ‘ਚ ਅਹਿਮਦ ਦੇ ਸ਼ਾਟ ਖੇਡਣ ਤੋਂ ਮੁਰਲੀ ਵਿਜੇ ਨੇ ਉਸ ਦਾ ਕੈਚ ਫੜ ਲਿਆ ਸੀ ਤੇ ਅੰਪਾਇਰ ਇਸ ਨੂੰ ਲੈ ਕੇ ਉਲਝਣ ‘ਚ ਸਨ ਕਿ ਗੇਂਦ ਬੱਲੇ ‘ਤੇ ਲੱਗੀ ਜਾਂ ਨਹੀਂ। ਫੀਲਡ ਅੰਪਾਇਰ ਨੇ ਤੀਜੇ ਅੰਪਾਇਰ ਕੋਲ ਰਵਿਊ ਭੇਜਿਆ ਤੇ ਤੀਜੇ ਅੰਪਾਇਰ ਨੇ ਇਸ ਨੂੰ ਨਾਟ ਆਊਟ ਕਰਾਰ ਦਿੱਤਾ ਤੇ ਨਾਲ ਹੀ ਕੋਹਲੀ ਨੇ ਐੱਲ. ਬੀ. ਡਬਲਿਊ. ਦੀ ਅਪੀਲ ‘ਤੇ ਅੰਪਾਇਰ ਤੋਂ ਰਵਿਊ ਲਿਆ ਅਤੇ ਇਕ ਵਾਰ ਫਿਰ ਤੋਂ ਮਾਮਲਾ ਤੀਜੇ ਅੰਪਾਇਰ ਕੋਲ ਗਿਆ। ਇਸ ਵਾਰ ਫੈਸਲਾ ਭਾਰਤੀ ਟੀਮ ਦੇ ਪੱਖ ‘ਚ ਆਇਆ। ਇਸ ਤਰ੍ਹਾਂ ਮੈਚ ‘ਚ ਇਕੋ ਗੇਂਦ ‘ਤੇ 2 ਰਵਿਊ ਲਏ ਗਏ।