ਸਿਹਤ ਲਈ ਹਾਨੀਕਾਰਕ ਹੈ ਬੇਲੋੜਾ ਖਾਣਾ

ਲੋੜ ਤੋਂ ਵੱਧ ਖਾਣ ਦਾ ਪਹਿਲਾ ਲੱਛਣ ਸਰੀਰ ਵਿੱਚ ਮੋਟਾਪੇ ਦਾ ਵਧਣਾ ਹੁੰਦਾ ਹੈ। ਮੋਟਾਪੇ ਕਈ ਤਰ੍ਹਾਂ ਦੀਆਂ ਸਰੀਰਕ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਸਰੀਰ ਦੇ ਕੰਮ ਕਰਨ ਦੀ ਸਮਰੱਥਾ ਘਟ ਜਾਂਦੀ ਹੈ ਤੇ ਥਕੇਵਾਂ ਵੀ ਜਲਦੀ ਆਉਣ ਲਗਦਾ ਹੈ। ਵੱਧ ਖਾਣ ਨਾਲ ਅਲਰਜੀ ਦਾ ਖ਼ਤਰਾ ਵੀ ਵਧਦਾ ਹੈ। ਕਿਸੇ ਚੀਜ਼ ਨੂੰ ਵੱਧ ਖਾਣ ਦੇ ਮਾੜੇ ਪ੍ਰਭਾਵ ਵੀ ਹੁੰਦੇ ਹਨ ਜਿਵੇਂ- ਅੰਡਾ, ਦੁੱਧ, ਮੱਛੀ ਤੇ ਅਨਾਜ ਤੋਂ ਬਣੀਆਂ ਚੀਜ਼ਾਂ ਲੋੜ ਤੋਂ ਵੱਧ ਖਾਣ ਨਾਲ ਅਲਰਜੀ ਹੋ ਸਕਦੀ ਹੈ। ਇਸ ਨਾਲ ਚਿਹਰੇ ਉੱਪਰ ਤਿਣ ਨਿਕਲ ਆਉਂਦੇ ਹਨ। ਵੱਧ ਚਰਬੀ ਵਾਲੇ ਪਦਾਰਥਾਂ ਦੀ ਵਰਤੋਂ ਨਾਲ ਕਿੱਲ ਵੱਧ ਹੁੰਦੇ ਹਨ ਤੇ ਐਸਡਿਟੀ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਜੋ ਲੋਕ ਵੱਧ ਪ੍ਰੋਟੀਨ ਤੇ ਘੱਟ ਕਾਰਬੋਹਾਈਡ੍ਰੇਟ ਲੈਂਦੇ ਹਨ ਉਨ੍ਹਾਂ ਨੂੰ ਗੁਰਦੇ ਦੀ ਪਥਰੀ ਹੋ ਸਕਦੀ ਹੈ। ਕਈ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਜ਼ਿਆਦਾ ਖਾਣ ਨਾਲ ਕੋਲੈਸਟ੍ਰੋਲ ਦਾ ਪੱਧਰ ਵਧ ਜਾਂਦਾ ਹੈ ਤੇ ਇਸ ਨਾਲ ਦਿਲ ਦੇ ਦੌਰੇ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਬਜ਼ੁਰਗਾਂ ਦੁਆਰਾ ਫ਼ੈਟ ਵਾਲੀਆਂ ਚੀਜ਼ਾਂ ਜਾਂ ਜਿਨ੍ਹਾਂ ‘ਚ ਵੱਧ ਮਾਤਰਾ ਵਿੱਚ ਕੌਪਰ ਹੁੰਦਾ ਹੈ, ਦੀ ਜ਼ਿਆਦਾ ਵਰਤੋਂ ਨਾਲ ਯਾਦਾਸ਼ਤ ਕਮਜ਼ੋਰ ਪੈਣ ਦੇ ਨਾਲ ਨਾਲ ਦਿਮਾਗ ‘ਤੇ ਵੀ ਅਸਰ ਪੈਂਦਾ ਹੈ। ਜੇ  ਤੁਸੀਂ ਵੱਧ ਮਿੱਠੀਆਂ-ਨਮਕੀਨ ਚੀਜ਼ਾਂ ਦੀ ਵਰਤੋਂ ਕਰਦੇ ਹੋ ਤਾਂ ਸਰੀਰ ਉੱਪਰ ਅਤੇ ਮੂੰਹ ਅੰਦਰ ਸੋਜ਼ਿਸ਼ ਦੀ ਸਮੱਸਿਆ ਹੋ ਸਕਦੀ ਹੈ।
ਲੋੜ ਤੋਂ ਜ਼ਿਆਦਾ ਖਾਣ ਤੋਂ ਬਚਣ ਦੇ ਤਰੀਕੇ:
ਦ ਜਦੋਂ ਤੁਹਾਨੂੰ ਲੱਗੇ ਕਿ ਪੇਟ ਭਰ ਗਿਆ ਹੈ ਤਾਂ ਖਾਣਾ ਬੰਦ ਕਰ ਦਿਓ।
ਦ ਜੋ ਵੀ ਖਾਣ ਵਾਲੀ ਚੀਜ਼ ਤੁਹਾਡੇ ਸਾਹਮਣੇ ਰੱਖੀ ਗਈ ਹੋਵੇ, ਉਸ ਹਰ ਚੀਜ਼ ਨੂੰ ਨਹੀਂ ਖਾਣਾ ਚਾਹੀਦਾ। ਜੇ ਤੁਹਾਡਾ ਪੇਟ ਖਾਲੀ ਹੈ, ਤਾਂ ਹੀ ਖਾਓ।
ਦ ਖਾਣਾ ਬਰਬਾਦ ਹੋਣ ਦੀ ਸੋਚ ਕੇ ਫ਼ਾਲਤੂ ਨਾ ਖਾਓ। ਤੁਸੀਂ ਖਾਣਾ ਸਾਂਭ ਕੇ ਰੱਖ ਦਿਓ ਤੇ ਫ਼ਿਰ ਥੋੜ੍ਹੀ ਦੇਰ ਪਿੱਛੋਂ ਜੇ ਭੁੱਖ ਲੱਗੇ ਤਾਂ ਹੀ ਖਾਓ।
ਦ ਜੇ ਖਾਣਾ ਖਾਣ ਪਿੱਛੋਂ ਤੁਹਾਨੂੰ ਮਿੱਠਾ ਖਾਣਾ ਦੀ ਆਦਤ ਹੈ ਤਾਂ ਮਾਮੂਲੀ ਮਿੱਠਾ ਹੀ ਖਾਓ।
ਦ ਸਨੈਕਸ ਜ਼ਿਆਦਾ ਨਾ ਖਾਓ ਕਿਉਂਕਿ ਇਸ ਨਾਲ ਤੁਹਾਡੀ ਭੁੱਖ ਖ਼ਤਮ ਹੋ ਜਾਂਦੀ ਹੈ ਅਤੇ ਤੁਸੀਂ ਠੀਕ ਤਰ੍ਹਾਂ ਖਾਣਾ ਨਹੀਂ ਖਾ ਸਕਦੇ।
ਵਧਦੀ ਹੋਈ ਉਮਰ ‘ਚ ਖਾਣ ਦੇ ਨਿਯਮ ਵੀ ਵੱਖ ਵੱਖ ਹੁੰਦੇ ਹਨ। ਇਸ ਲਈ ਸਾਨੂੰ ਆਪਣੀ ਉਮਰ ਦੇ ਹਿਸਾਬ ਨਾਲ ਹੀ ਭੋਜਨ ਖਾਣਾ ਚਾਹੀਦਾ ਹੈ। ਵੱਖੋ-ਵੱਖ ਉਮਰ ਵਰਗਾਂ ਵਿੱਚ ਖਾਣੇ ਦੀ ਚੋਣ ਇਸ ਤਰ੍ਹਾਂ ਹੈ:
20 ਸਾਲ ਤੋਂ ਉੱਪਰ: ਕੈਲਸ਼ੀਅਮ ਤੁਹਾਡੇ ਖਾਣੇ ਦਾ ਅਹਿਮ ਹਿੱਸਾ ਹੋਣਾ ਚਾਹੀਦਾ ਹੈ। ਇਹ ਨਾ ਸਿਰਫ਼ ਤੁਹਾਡੀਆਂ ਹੱਡੀਆਂ ਮਜ਼ਬੂਤ ਕਰਦਾ ਹੈ ਬਲਕਿ ਪੱਠਿਆਂ ਦੀ ਚੰਗੀ ਸਿਹਤ ਲਈ ਵੀ ਜ਼ਰੂਰੀ ਹੁੰਦਾ ਹੈ। ਕੈਲਸ਼ੀਅਮ ਲੋੜੀਂਦੀ ਮਾਤਰਾ ਆਪਣੇ ਦਿਲ ਤੇ ਨਰਵਸ ਸਿਸਟਮ ਦੇ ਸਹੀ ਢੰਗ ਨਾਲ ਕੰਮ ਕਰਨ ‘ਚ ਮਦਦ ਕਰ ਸਕਦੀ ਹੈ। ਤੁਸੀਂ ਘੱਟੋ-ਘੱਟ 1000 ਮਿਲੀ ਗ੍ਰਾਮ ਕੈਲਸ਼ੀਅਮ ਦੀ ਵਰਤੋਂ ਰੋਜ਼ਾਨਾ ਕਰੋ। ਡੇਅਰੀ ਵਸਤਾਂ ਜਿਵੇਂ ਪਨੀਰ, ਦੁੱਧ ਅਤੇ ਦਹੀਂ ਆਦਿ ਇਸ ਦੇ ਸਹੀ ਸਰੋਤ ਮੰਨੇ ਜਾਂਦੇ ਹਨ। ਇਸ ਦੇ ਨਾਲ ਹੀ ਦਲੀਆ ਤੇ ਸੰਤਰੇ ਦਾ ਜੂਸ ਵੀ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ। ਬੀਨਜ, ਹਰੀਆਂ ਪੱਤੇਦਾਰ ਸਬਜ਼ੀਆਂ, ਬਦਾਮ ਤੇ ਸਾਲਮਨ ਮੱਛੀ ਆਦਿ ਵੀ ਹੱਡੀਆਂ ਦੀ ਮਜ਼ਬੂਤੀ ‘ਚ ਮਦਦ ਕਰਦੇ ਹਨ। ਅਕਸਰ ਲੜਕੀਆਂ ਵਜ਼ਨ ਘੱਟ ਕਰਨ ਲਈ ਡੇਅਰੀ ਵਸਤਾਂ ਤੋਂ ਦੂਰ ਰਹਿੰਦੀਆਂ ਹਨ ਪਰ ਇਹ ਕੋਈ ਚੰਗਾ ਤਰੀਕਾ ਨਹੀਂ ਹੈ। ਜੇ ਉਨ੍ਹਾਂ ਨੂੰ ਵੱਧ ਚਰਬੀ ਤੋਂ ਡਰ ਲਗਦਾ ਹੈ ਤਾਂ ਘੱਟ ਫ਼ੈਟ ਵਾਲਾ ਦੁੱਧ ਤੇ ਉਸ ਤੋਂ ਬਣੀਆਂ ਵਸਤਾਂ ਦੀ ਵਰਤੋਂ ਕਰ ਸਕਦੀਆਂ ਹਨ।
30 ਸਾਲ ਦੀ ਉਮਰ: ਇਸ ਉਮਰ ‘ਚ ਔਰਤਾਂ ਮਾਂ ਬਣਦੀਆਂ ਹਨ। ਅਜਿਹੇ ਉਨ੍ਹਾਂ ਨੂੰ ਫ਼ੌਲਿਕ ਐਸਿਡ ਦੀ ਜ਼ਿਆਦਾ ਲੋੜ ਹੁੰਦੀ ਹੈ। ਫ਼ੌਲਿਕ ਐਸਿਡ ਨਿਊਰਲ ਟਿਊਬ ਦੀਆਂ ਕਈ ਪ੍ਰੇਸ਼ਾਨੀਆਂ ਤੋਂ ਬਚਾਉਣ ਦਾ ਕੰਮ ਕਰਦਾ ਹੈ। ਔਰਤਾਂ ‘ਚ ਜਿਨ੍ਹਾਂ ਪੋਸ਼ਕ ਤੱਤਾਂ ਦੀ ਘਾਟ ਹੁੰਦੀ ਹੈ, ਉਨ੍ਹਾਂ ‘ਚ ਫ਼ੌਲਿਕ ਐਸਿਡ ਵੀ ਸ਼ਾਮਲ ਹੁੰਦਾ ਹੈ ਕਿਉਂਕਿ ਜ਼ਿਆਦਾਤਰ ਔਰਤਾਂ ਇਸ ਦੀ ਅਹਿਮੀਅਤ ਨਹੀਂ ਸਮਝਦੀਆਂ। ਉਹ ਔਰਤ ਜੋ ਗਰਭਧਾਰਨ ਦਾ ਵਿਚਾਰ ਕਰ ਰਹੀਆਂ ਹਨ, ਉਨ੍ਹਾਂ ਨੂੰ ਰੋਜ਼ਾਨਾ 400 ਮਾਈਕ੍ਰੋਗ੍ਰਾਮ ਫ਼ੌਲਿਕ ਐਸਿਡ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਸਮੇਂ ਉਨ੍ਹਾਂ ਨੂੰ ਅਜਿਹੀ ਖ਼ੁਰਾਕ ਖਾਣੀ ਚਾਹੀਦੀ ਹੈ ਜਿਸ ‘ਚ ਫ਼ੌਲਿਕ ਐਸਿਡ ਦੀ ਮਾਤਰਾ ਵੱਧ ਹੋਵੇ। ਬ੍ਰੈੱਡ, ਦਲੀਆ ਤੇ ਅਨਾਜ ਫ਼ਾਲੇਟ ਨੂੰ ਭਰਪੂਰ ਹੁੰਦੇ ਹਨ। ਇਸ ਦੇ ਨਾਲ ਹੀ ਫ਼ਲ ਤੇ ਸਬਜ਼ੀਆਂ ਵਿੱਚ ਵੀ ਫ਼ਾਲੇਟ ਕਾਫ਼ੀ ਮਾਤਰਾ ‘ਚ ਹੁੰਦਾ ਹੈ। ਗਰਭਵਤੀ ਔਰਤਾਂ ਨੂੰ ਡਾਕਟਰ ਦੁਆਰਾ ਫ਼ੌਲਿਕ ਏਸਿਡ ਦੀ ਸਪਲੀਮੈਂਟ ਲੈਣ ਦੀ ਵੀ ਰਾਇ ਦਿੱਤੀ ਜਾਂਦੀ ਹੈ। ਡਾਕਟਰ 30 ਸਾਲ ਦੀ ਉਮਰ ਨੂੰ ਸਾਵਧਾਨੀ ਦਾ ਦਹਾਕਾ ਵੀ ਕਹਿੰਦੇ ਹਨ। ਇਸ ਉਮਰ ਵਿੱਚ ਤੁਹਾਨੂੰ ਅਜਿਹਾ ਭੋਜਣ ਖਾਣਾ ਚਾਹੀਦਾ ਹੈ ਜਿਸ ‘ਚ ਓਮੇਗਾ-3 ਫ਼ੈਟੀ ਐਸਿਡ ਤੇ ਮੋਨੋਅਨਸੇਚੂਰੇਟਿਡ ਫ਼ੈਟ ਹੋਵੇ। ਇਸ ਦੇ ਲਈ ਆਲਿਵ, ਕੈਨੋਲਾ ਤੇ ਏਵੋਕੈਡੋ ਵਰਤੋਂ ਕਰੋ। ਮੋਨੋਸੇਚੂਰੇਟਿਡ ਖ਼ੁਰਾਕੀ ਪਦਾਰਥ ਨਾ ਖਾਓ, ਇਸ ਨਾਲ ਖ਼ੂਨ ‘ਚ ਕੋਲੈਸਟ੍ਰੋਲ ਦੀ ਮਾਤਰਾ ਵਧ ਜਾਂਦੀ ਹੈ। ਇਹ ਦਿਲ ਦੇ ਰੋਗਾਂ ਦਾ ਅਹਿਮ ਕਾਰਨ ਹੁੰਦਾ ਹੈ।
40 ਸਾਲ ਦੀ ਉਮਰ: ਜੇ ਤੁਸੀਂ ਆਪਣੇ ਸਰੀਰ ਦਾ ਸਹੀ ਖ਼ਿਆਲ ਨਹੀਂ ਰੱਖਿਆ ਹੈ ਤਾਂ 40 ਸਾਲਾਂ ਦੀ ਉਮਰ ‘ਚ ਇਸ ਦਾ ਅਸਰ ਸਾਹਮਣੇ ਆਉਣਾ ਸ਼ੁਰੂ ਹੋ ਜਾਂਦਾ ਹੈ। ਉਮਰ ਦੇ ਇਸ ਅਸਰ ਨੂੰ ਘੱਟ ਕਰਨ ਅਤੇ ਭਵਿੱਖ ਦੀਆਂ ਹੋਰ ਪ੍ਰੇਸ਼ਨੀਆਂ ਤੋਂ ਬਚਣ ਲਈ ਜਾਗਰੂਕ ਦੀ ਲੋੜ ਹੈ। ਇਸ ਲਈ ਆਪਣੇ ਖਾਣੇ ‘ਚ ਖ਼ੂਬ ਵਿਟਾਮਿਨ, ਮਿਨਰਲ, ਫ਼ਾਈਬਰ ਤੇ ਐਂਟੀਆਕਸੀਡੈਂਟ ਲੈਣੇ ਚਾਹੀਦੇ ਹਨ। ਇਸ ਵਿੱਚ ਚਰਬੀ ਤੇ ਕੈਲਰੀ ਦੀ ਮਾਤਰਾ ਵੀ ਘੱਟ ਹੁੰਦੀ ਹੈ। ਬਾਲਗਾਂ ਨੂੰ ਰੋਜ਼ਾਨਾ ਘੱਟੋ-ਘੱਟ ਦੋ ਕੱਪ ਫ਼ਲ ਤੇ ਦੋ ਤੋਂ ਢਾਈ ਕੱਪ ਸਬਜ਼ੀਆਂ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਫ਼ਲਾਂ ‘ਚ ਮੌਜੂਦ ਐਂਟੀਆਕਸੀਡੈਂਟ ਸਰੀਰ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੇ ਹਨ। ਕੁਝ ਲੋਕ ਐਂਟੀਆਕਸੀਡੈਂਟ ਲਈ ਸਪਲੀਮੈਂਟ ਲੈਂਦੇ ਹਨ ਪਰ ਇਸ ਦੀ ਥਾਂ ਆਮ ਖ਼ੁਰਾਕੀ ਵਸਤਾਂ ਬਿਹਤਰ ਰਹਿੰਦੀਆਂ ਹਨ। ਇਸ ਲਈ ਤੁਹਾਨੂੰ ਸੇਬ ਤੇ ਕੇਲੇ ਵਰਗੇ ਫ਼ਲ ਖਾਣੇ ਚਾਹੀਦੇ ਹਨ। ਇਸ ਦੇ ਨਾਲ ਹੀ ਸੂਪ, ਸਲਾਦ ਤੇ ਹਰੀਆਂ ਪੱਤੇਦਾਰ ਸਬਜ਼ੀਆਂ ਆਦਿ ਵੀ ਐਂਟੀਆਕਸੀਡੈਂਟਸ ਦਾ ਸਹੀ ਸਰੋਤ ਹੁੰਦੇ ਹਨ। ਜੇ ਤੁਹਾਨੂੰ ਇਨ੍ਹਾਂ ਦਾ ਕੱਚਾ ਸੁਆਦ ਨਹੀਂ ਪਸੰਦ ਤਾਂ ਇਨ੍ਹਾਂ ਨੂੰ ਰੋਸਟ ਕਰਕੇ ਵੀ ਖਾਧਾ ਜਾ ਸਕਦਾ ਹੈ। ਇਸ ਉਮਰ ਵਿੱਚ ਫ਼ਾਈਬਰ ਵੀ ਬੇਹੱਦ ਜ਼ਰੂਰੀ ਹੁੰਦਾ ਹੈ।
50 ਸਾਲਾਂ ਦੀ ਉਮਰ: ਪ੍ਰੀਮੀਨੋਪਾਜ਼ (ਮਾਂਹਬੰਦੀ ਤੋਂ ਪਹਿਲਾਂ) ਤੇ ਮੀਨੋਪਾਜ਼ (ਮਾਂਹਬੰਦੀ) ਕਾਰਨ 50 ਸਾਲਾਂ ਦੀ ਉਮਰ ‘ਚ ਤੁਹਾਨੂੰ ਤੇਜ਼ੀ ਨਾਲ ਬਦਲਾਅ ਆਉਂਦੇ ਹਨ ਅਤੇ ਇਨ੍ਹਾਂ ਦਾ ਅਸਰ ਮੈਟਾਬੋਲਿਜ਼ ‘ਤੇ ਪੈਂਦਾ ਹੈ। ਇਸ ‘ਚ ਔਰਤਾਂ ਨੂੰ ਵਜ਼ਨ ਵਧਣ ਦੀ ਸ਼ਿਕਾਇਤ ਵੀ ਹੁੰਦੀ ਹੈ। ਇਸ ਕਾਰਨ ਉਨ੍ਹਾਂ ਨੂੰ ਸ਼ੂਗਰ ਤੇ ਦਿਲ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਜੇ ਤੁਹਾਨੂੰ ਸਰੀਰਕ ਵਜ਼ਨ ਵਧਣ ਦਾ ਅਹਿਸਾਸ ਹੋਵੇ ਤਾਂ ਤੁਹਾਨੂੰ ਕੈਲਰੀਜ਼ ਘੱਟ ਕਰਕੇ ਸਰੀਰਕ ਸਰਗਰਮੀ ‘ਚ ਵਾਧਾ ਕਰਨਾ ਚਾਹੀਦਾ ਹੈ। ਵਿਟਾਮਨ ‘ਡੀ’ ਸਾਡੇ ਸਰੀਰ ਲਈ ਬੇਹੱਦ ਜ਼ਰੂਰੀ ਹੈ। ਇਹ ਸੈੱਲਾਂ ਤੇ ਹੱਡੀਆਂ ਦੀ ਸਿਹਤ ਲਈ ਤਾਂ ਲਾਜ਼ਮੀ ਹੈ ਹੀ ਨਾਲ ਹੀ ਕੁਝ ਕਿਸਮ ਦੇ ਕੈਂਸਰ, ਦਿਲ ਦੇ ਰੋਗ ਅਤੇ ਇਨਫ਼ੈਕਸ਼ਨ ਆਦਿ ਤੋਂ ਵੀ ਰਾਖੀ ਕਰਦਾ ਹੈ। ਵਿਟਾਮਿਨ ‘ਡੀ’ ਦਾ ਸਭ ਤੋਂ ਵੱਡਾ ਸਰੋਤ ਸੂਰਜ ਦੀ ਰੌਸ਼ਨੀ ਹੈ। ਇਸ ਦੇ ਨਾਲ ਹੀ ਦੁੱਧ, ਸੰਤਰੇ ਦਾ ਜੂਸ ਤੇ ਦਲੀਆ ਆਦਿ ਇਸ ਦੇ ਉਚਿਤ ਸਰੋਤ ਹੁੰਦੇ ਹਨ। ਮਾਸਾਹਾਰੀ ਲੋਕ ਮੱਛੀ ਤੋਂ ਵਿਟਾਮਨ ‘ਡੀ’ ਲੈ ਸਕਦੇ ਹਨ। 19 ਤੋਂ 70 ਸਾਲਾ ਦੀਆਂ ਔਰਤਾਂ ਲਈ ਰੋਜ਼ਾਨਾ 600 ਇੰਟਰਨੈਸ਼ਨਲ ਯੂਨਿਟ ਵਿਟਾਮਿਨ ਦੀ ਲੋੜ ਹੁੰਦੀ ਹੈ ਪਰ ਬਹੁਤੀਆਂ ਬਾਲਗ ਔਰਤਾਂ ਨੂੰ ਇਹ ਮਾਤਰਾ ਨਹੀਂ ਮਿਲਦੀ। ਆਹਾਰ ਬਾਰੇ ਮਾਹਿਰ ਦੀ ਸਲਾਹ ਨਾਲ ਤੁਸੀਂ ਇਸ ਦੇ ਸਪਲੀਮੈਂਟ ਵੀ ਜਾਣ ਸਕਦੇ ਹੋ। 60 ਸਾਲ ਤੋਂ ਉੱਪਰ ਉਮਰ: ਉਮਰ ਦੇ ਲਿਹਾਜ਼ ਨਾਲ ਤੁਹਾਡੇ ਪੱਠੇ ਕਮਜ਼ੋਰ ਹੋਣ ਲਗਦੇ ਹਨ। ਇਸ ਤੋਂ ਬਚਣ ਲਈ ਜ਼ਰੂਰੀ ਹੈ ਕਿ ਲੋੜੀਂਦੀ ਮਾਤਰਾ ‘ਚ ਪ੍ਰੋਟੀਨ ਭਰਪੂਰ ਖ਼ੁਰਾਕ ਖਾਧੀ ਜਾਵੇ। ਇਸ ਦੇ ਨਾਲ ਨਾਲ ਸਟ੍ਰੈਂਥ ਬਿਲਡਿੰਗ ਕਸਰਤ ਵੀ ਕਾਫ਼ੀ ਫ਼ਾਇਦੇਮੰਦ ਹੁੰਦੀ ਹੈ। ਲੋੜੀਂਦੀ ਮਾਤਰਾ ‘ਚ ਪ੍ਰੋਟੀਨ ਦੀ ਵਰਤੋਂ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦੀ ਹੈ। ਇੱਕ ਆਮ ਔਰਤ ਨੂੰ ਰੋਜ਼ਾਨਾ 5 ਤੋਂ 6 ਔਂਸ ਭਾਵ ਕਰੀਬ 140 ਤੋਂ 170 ਗ੍ਰਾਮ ਪ੍ਰੋਟੀਨ ਲੈਣੀ ਚਾਹੀਦੀ ਹੈ। ਮਾਸਾਹਾਰੀ ਭੋਜਨ ‘ਚ ਪ੍ਰੋਟੀਨ ਦੀ ਮਾਤਰਾ ਵੱਧ ਹੁੰਦੀ ਹੈ। ਇਸ ਦੇ ਨਾਲ ਹੀ ਅੰਡੇ, ਬੀਨਸ, ਨਟਸ, ਦੁੱਧ ਤੇ ਦੁੱਧ ਤੋਂ ਬਣੇ ਪਦਾਰਥਾਂ ‘ਚ ਵੀ ਪ੍ਰੋਟੀਨ ਲੋੜੀਂਦੀ ਮਾਤਰਾ ‘ਚ ਹੁੰਦਾ ਹੈ।
ਇਸ ਦੇ ਨਾਲ ਹੀ ਤੁਹਾਨੂੰ ਵਿਟਾਮਨ ‘ ਲ-12’ ਸ਼ਰੀਰ ਦੀ ਲਾਲ ਰਕਤ ਸੈੱਲ ਬਣਾਉਣ ‘ਚ ਮਦਦ ਕਰਦਾ ਹੈ। ਇਸ ਨਾਲ ਦਿਮਾਗ ਤੇ ਨਰਵਸ ਸਿਸਟਮ ਬਿਹਤਰ ਕੰਮ ਕਰਦਾ ਹੈ। ਮਾਸਾਅਹਾਰ, ਮੱਛੀ, ਡੇਅਰੀ ਵਸਤਾਂ ਅਤੇ ਅੰਡੇ ਆਦਿ ਵਿੱਚ ਇਹ ਪੌਸ਼ਟਿਕ ਤੱਤ ਭਰਪੂਰ ਮਾਤਰਾ ‘ਚ ਹੁੰਦੇ ਹਨ। ਇਸ ਤੋਂ ਇਲਾਵਾ ਤੁਸੀਂ ਆਪਣੇ ਡਾਕਟਰ ਤੋਂ ਸਲਾਹ ਲੈ ਕੇ ਸਪਲੀਮੈਂਟ ਲੈਣ ਬਾਰੇ ਵੀ ਸੋਚ ਸਕਦੇ ਹੋ। ਹਰ ਦਹਾਕੇ ਦੀਆਂ ਆਪਣੀਆਂ ਵੱਖ ਵੱਖ ਸਿਹਤ ਸਮੱਸਿਆਵਾਂ ਤੇ ਵੱਖੋ-ਵੱਖਰੀਆਂ ਪੋਸ਼ਣ ਲੋੜਾਂ ਹੁੰਦੀਆਂ ਹਨ। ਇਸ ਲਈ ਜ਼ਰੁਰੀ ਹੈ ਕਿ ਉਮਰ ਦੇ ਲਿਹਾਜ਼ ਨਾਲ ਹੀ ਭੋਜਨ ਲਿਆ ਜਾਵੇ ਤਾਂ ਕਿ ਤੰਦਰੁਸਤ ਜ਼ਿੰਦਗੀ ਬਸਰ ਕੀਤੀ ਜਾ ਸਕੇ।
-ਡਾ. ਅਜੀਤਪਾਲ ਸਿੰਘ