ਬਰਫਬਾਰੀ ਕਾਰਨ ਕਸ਼ਮੀਰ ਦੀ ਆਵਾਜਾਈ ਹੋਈ ਪ੍ਰਭਾਵਿਤ

ਸ਼੍ਰੀਨਗਰ— ਕਸ਼ਮੀਰ ‘ਚ ਉਚਾਈ ‘ਤੇ ਸਥਿਤ ਸਥਾਨਾਂ ਸਮੇਤ ਕਈ ਇਲਾਕਿਆਂ ‘ਚ ਤਾਜ਼ਾ ਬਰਫਬਾਰੀ ਹੋਈ, ਜਿਸ ਦੇ ਕਾਰਨ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ ਹੈ। ਅਗਲੇ ਕੁਝ ਦਿਨਾਂ ਤੱਕ ਇੱਥੇ ਬਾਰਸ਼ ਹੋਣ ਦਾ ਅਨੁਮਾਨ ਹੈ। ਮੌਸਮ ਵਿਭਾਗ ਨੇ ਅਨੁਮਾਨ ਜਤਾਇਆ ਹੈ ਕਿ ਅੱਜ ਇੱਥੇ ਬਾਰਸ਼ ਜਾਂ ਬਰਫਬਾਰੀ ਹੋ ਸਕਦੀ ਹੈ। ਇਸ ਤੋਂ ਬਾਅਦ 24-26 ਜਨਵਰੀ ਦਰਮਿਆਨ ਤਿੰਨ ਦਿਨ ਤੱਕ ਬਾਰਸ਼ ਜਾਂ ਬਰਫਬਾਰੀ ਹੋ ਸਕਦੀ ਹੈ।
ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਕੱਲ ਰਾਤੀ ਘਾਟੀ ਦੇ ਕਈ ਇਲਾਕਿਆਂ ‘ਚ ਬਰਫਬਾਰੀ ਹੋਈ ਅਤੇ ਸ਼੍ਰੀਨਗਰ ਸਮੇਤ ਮੈਦਾਨੀ ਇਲਾਕਿਆਂ ‘ਚ ਸਵੇਰੇ ਹਲਕੀ ਬਰਫਬਾਰੀ ਹੋਈ। ਘਾਟੀ ‘ਚ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਦੇ ਖੇਤਰ ਸਮੇਤ ਕਸ਼ਮੀਰ ‘ਚ ਉਚਾਈ ਵਾਲੇ ਸਥਾਨਾਂ ‘ਤੇ ਬਰਫਬਾਰੀ ਹੋਣ ਦੀ ਖਬਰ ਹੈ।
ਬੀਤੇ 24 ਘੰਟਿਆਂ ‘ਚ ਕੁਪਵਾੜਾ ‘ਚ 4 ਸੈਂਟੀਮੀਟਰ, ਪਹਿਲਗਾਮ ‘ਚ 13 ਸੈਂਟੀਮੀਟਰ ਅਤੇ ਸ਼੍ਰੀਨਗਰ ‘ਚ 0.8 ਸੈਂਟੀਮੀਟਰ ਬਰਫਬਰੀ ਹੋਈ ਹੈ। ਆਵਾਜਾਈ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਹੈ ਕਿ ਬਰਫਬਾਰੀ ਕਾਰਨ ਸੜਕ ‘ਤੇ ਫਿਸਲਣ ਕਾਰਨ ਰਾਸ਼ਟਰੀ ਰਾਜਮਾਰਗ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ।