ਜਲੰਧਰ – ਜ਼ਿਲਾ ਚੋਣ ਅਫਸਰ ਸ਼੍ਰੀ ਕਮਲ ਕਿਸ਼ੋਰ ਯਾਦਵ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਪ੍ਰਵਾਨਗੀਆਂ ਲਈ ਅਮਲ ਵਿਚ ਲਿਆਂਦੀ ਸੁਵਿਧਾ ਐਪ ਵਿਚ ਕਵਰ ਨਾ ਹੋਣ ਵਾਲੀ ਕਿਸੇ ਵੀ ਕੈਟਾਗਰੀ ਨਾਲ ਸਬੰਧਤ ਪ੍ਰਵਾਨਗੀ ਰਾਜਨੀਤਿਕ ਪਾਰਟੀਆਂ ਲਿਖਤੀ ਦਰਖਾਸਤ ਨਾਲ ਪ੍ਰਵਾਨ ਕਰ ਸਕਦੀਆਂ ਹਨ।
ਅੱਜ ਇਥੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਜ਼ਿਲਾ ਚੋਣ ਅਫਸਰ ਨੇ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਸਿਰਫ ਉਸ ਕੈਟਾਗਰੀ ਨਾਲ ਸਬੰਧਤ ਲਿਖਤੀ ਪ੍ਰਵਾਨਗੀ ਲੈ ਸਕਦੀਆਂ ਹਨ, ਜੋ ਕੈਟਾਗਰੀ ਸੁਵਿਧਾ ਐਪ ਤੋਂ ਬਾਹਰ ਹੋਵੇ। ਪ੍ਰਚਾਰ ਕਾਫਿਲੇ ਸਬੰਧੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਜ਼ਿਲਾ ਚੋਣ ਅਫਸਰ ਨੇ ਦੱਸਿਆ ਕਿ ਕਿਸੇ ਵੀ ਕਾਫਿਲੇ ਵਿਚ 10 ਤੋਂ ਵੱਧ ਵਾਹਨਾਂ ਦੀ ਮਨਾਹੀ ਕੀਤੀ ਗਈ ਹੈ। ਜੇਕਰ ਕਾਫਿਲੇ ਵਿਚ 10 ਤੋਂ ਵਧੇਰੇ ਵਾਹਨ ਹੋਣ ਤਾਂ 10 ਵਾਹਨਾਂ ਉਪਰੰਤ 200 ਮੀਟਰ ਦਾ ਫਾਸਲਾ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਰਾਜਨੀਤਿਕ ਪਾਰਟੀ ਦੇ ਪ੍ਰਚਾਰ ਕਾਫਿਲੇ ਵਿਚ 10 ਤੋਂ ਵਧੇਰੇ ਵਾਹਨ ਹੋਣ ‘ਤੇ ਨਿਰਧਾਰਿਤ ਫਾਸਲਾ ਨਹੀਂ ਰੱਖਿਆ ਜਾਂਦਾ ਤਾਂ ਨਿਰਧਾਰਿਤ ਗਿਣਤੀ ਤੋਂ ਵਧੇਰੇ ਗੱਡੀਆਂ ਨੂੰ ਜ਼ਬਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਯਕੀਨੀ ਬਣਾਉਣ ਕਿ ਚੋਣ ਪ੍ਰਚਾਰ ਜਾਂ ਕਿਸੇ ਸਮਾਗਮ ਕਾਰਨ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਰਪੇਸ਼ ਨਾ ਆਵੇ।
ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲੇ ਅੰਦਰ ਬਣਾਏ ਗਏ ਕੁੱਲ 1830 ਪੋਲਿੰਗ ਸਟੇਸ਼ਨਾਂ ਵਿਚੋਂ 441 ਨੂੰ ਵਲਨਰੇਵਲ ਦੀ ਸੂਚੀ ਵਿਚ ਰੱਖਿਆ ਗਿਆ ਹੈ। ਇਸ ਮੌਕੇ ਚੋਣ ਤਹਿਸੀਲਦਾਰ ਰਾਜ ਕੁਮਾਰ ਤਾਂਗੜੀ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ। ਜ਼ਿਲਾ ਚੋਣ ਅਫਸਰ ਨੇ ਇਹ ਵੀ ਦੱਸਿਆ ਕਿ ਜੇਕਰ ਕਿਸੇ ਵੀ ਰਾਜਨੀਤਕ ਪਾਰਟੀ ਦੇ ਸਟਾਰ ਪ੍ਰਚਾਰਕ ਵੱਲੋਂ ਰੈਲੀ/ਚੋਣ ਸਮਾਗਮ ਮੌਕੇ ਕਿਸੇ ਉਮੀਦਵਾਰ ਦਾ ਨਾਂ ਲਿਆ ਜਾਂਦਾ ਹੈ ਤਾਂ ਉਸ ਦਾ ਖਰਚਾ ਸਬੰਧਤ ਉਮੀਦਵਾਰ ਦੇ ਚੋਣ ਖਰਚ ਵਿਚ ਸ਼ਾਮਲ ਹੋਵੇਗਾ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਰਾਸ਼ਟਰੀ ਤੇ ਰਾਜ ਪੱਧਰ ‘ਤੇ ਮਾਨਤਾ ਪ੍ਰਾਪਤ ਪਾਰਟੀਆਂ ਦੇ ਸਟਾਰ ਪ੍ਰਚਾਰਕਾਂ ਦੀ ਗਿਣਤੀ 40 ਅਤੇ ਗੈਰ-ਮਾਨਤਾ ਪ੍ਰਾਪਤ ਪਾਰਟੀਆਂ ਦੇ ਸਟਾਰ ਪ੍ਰਚਾਰਕਾਂ ਦੀ ਗਿਣਤੀ 20 ਤੈਅ ਕੀਤੀ ਗਈ ਹੈ। ਉਨ੍ਹਾਂ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉਮੀਦਵਾਰ ਚੋਣ ਖਰਚ ਸਬੰਧੀ ਅਤੇ ਜਨਰਲ ਕੰਮ ਲਈ ਦੋ ਏਜੰਟਾਂ ਨੂੰ ਅਧਿਕਾਰਤ ਕਰਨ। ਇਸ ਮੌਕੇ ਚੋਣ ਤਹਿਸੀਲਦਾਰ ਰਾਜ ਕੁਮਾਰ ਤਾਂਗੜੀ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।















