ਵਿਰਾਟ ਨਾਲ ਖੇਡਣ ਦਾ ਮੌਕਾ ਮਿਲਣ ਕਾਰਨ.ਖੁਸ਼ ਹੈ ਕੇਦਾਰ

ਪੁਣੇ : ਇੰਗਲੈਂਡ ਖ਼ਿਲਾਫ਼ ਇਕ ਰੋਜ਼ਾ ਕ੍ਰਿਕਟ ਮੈਚ ਵਿੱਚ ਆਪਣੀ ਸੈਂਕੜੇ ਵਾਲੀ ਪਾਰੀ ਨਾਲ ਮੈਨ ਆਫ ਦਿ ਮੈਚ ਬਣੇ ਕੇਦਾਰ ਜਾਧਵ ਨੇ ਕਿਹਾ ਹੈ ਕਿ ਉਸ ਨੂੰ ਇਸ ਗੱਲ ਦੀ ਬੇਹੱਦ ਖ਼ੁਸ਼ੀ ਹੈ ਕਿ ਉਹ ਕਪਤਾਨ ਵਿਰਾਟ ਕੋਹਲੀ ਨਾਲ ਬੱਲੇਬਾਜ਼ੀ ਕਰ ਸਕਿਆ। ਭਾਰਤ ਦੀ ਮੁਸ਼ਕਲ ਜਿੱਤ ਵਿੱਚ 120 ਦੌੜਾਂ ਦੀ ਪਾਰੀ ਖੇਡਣ ਵਾਲੇ ਕੇਦਾਰ ਦੀ ਕਪਤਾਨ ਵਿਰਾਟ ਨੇ ਵੀ ਜਮ ਕੇ ਪ੍ਰਸੰਸਾ ਕੀਤੀ ਹੈ। ਕੇਦਾਰ ਨੇ ਮੁਸ਼ਕਲ ਹਾਲਾਤ ਵਿੱਚ ਮੈਚ ਨੂੰ ਸੰਭਾਲਿਆ ਅਤੇ ਵਿਰਾਟ ਨਾਲ 200 ਦੌੜਾਂ ਦੀ ਭਾਈਵਾਲੀ ਕਰਦਿਆਂ ਟੀਮ ਨੂੰ 351 ਦੌੜਾਂ ਦੇ ਟੀਚੇ ‘ਤੇ ਪਹੁੰਚਾਇਆ। 31 ਸਾਲਾ ਕੇਦਾਰ ਨੇ ਮੈਚ ਤੋਂ ਬਾਅਦ ਕਿਹਾ ਕਿ ਉਸ ਨੂੰ ਖ਼ੁਸ਼ੀ ਹੈ ਕਿ ਉਹ ਆਪਣੇ ਦੇਸ਼ ਲਈ ਮੈਚ ਜਿੱਤ ਸਕਿਆ ਅਤੇ ਉਹ ਵੀ ਆਪਣੇ ਘਰੇਲੂ ਮੈਦਾਨ ਉਤੇ। ਮਾਪਿਆਂ, ਪਤਨੀ ਤੇ ਬੱਚਿਆਂ ਸਾਹਮਣੇ ਇਹ ਉਪਲਬਧੀ ਹਾਸਲ ਕੀਤੀ। ਕੇਦਾਰ ਨੇ ਕਪਤਾਨ ਵਿਰਾਟ ਨੂੰ ਉਸ ਵਿੱਚ ਭਰੋਸਾ ਦਿਖਾਉਣ ਲਈ ਧਨਵਾਦ ਕਰਦਿਆਂ ਕਿਹਾ ਕਿ ਉਹ ਇੰਨੀ ਦੇਰ ਤੱਕ ਸਿਰਫ਼ ਵਿਰਾਟ ਦੀ ਵਜ੍ਹਾ ਨਾਲ ਖੇਡ ਸਕਿਆ ਕਿਉਂਕਿ ਉਨ੍ਹਾਂ ਦਿਖਾਇਆ ਕਿ ਕਿਵੇਂ ਇੰਨੇ ਵੱਡੇ ਟੀਚੇ ਦਾ ਪਿੱਛਾ ਕੀਤਾ ਜਾਂਦਾ ਹੈ।