ਜ਼ਿੰਦਗੀ ਵਿੱਚ ਜ਼ਿਆਦਾ ਲੋਕ ਹੋਣ ਨਾਲ ਧਿਆਨ ਭੰਗ ਹੁੰਦੈ: ਕੋਹਲੀ

ਨਵੀਂ ਦਿੱਲੀ, 16 ਜਨਵਰੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਹੈ ਕਿ ਉਸ ਦੀ ਸਫ਼ਲਤਾ ਦਾ ਰਾਜ ਉਸ ਦੀ ਜ਼ਿੰਦਗੀ ਵਿੱਚ ਜ਼ਿਆਦਾ ਕਰੀਬੀਆਂ ਦਾ ਨਾ ਹੋਣਾ ਹੈ ਕਿਉਂਕਿ ਇਸ ਨਾਲ ਅੜਿੱਕੇ ਖੜ੍ਹੇ ਹੁੰਦੇ ਹਨ।
ਕੋਹਲੀ ਨੇ ਬੀਸੀਸੀਆਈਡਾਟ ਟੀਵੀ ਨਾਲ ਇੰਟਰਵਿਊ ਵਿੱਚ ਇੰਗਲੈਂਡ ਦੇ ਸਾਬਕਾ ਕਪਤਾਨ ਨਾਸਿਰ ਹੁਸੈਨ ਨੂੰ ਕਿਹਾ ਕਿ ਉਹ ਖ਼ੁਸ਼ਕਿਸਮਤ ਹੈ ਕਿ ਉਸ ਦੀ ਜ਼ਿੰਦਗੀ ਵਿੱਚ ਜ਼ਿਆਦਾ ਲੋਕ ਨਹੀਂ ਹਨ, ਜਿਨ੍ਹਾਂ ਦੇ ਉਹ ਜ਼ਿਆਦਾ ਨੇੜੇ ਹੈ। ਉਸ ਨੂੰ ਲਗਦਾ ਹੈ ਕਿ ਇਸ ਨਾਲ ਮਦਦ ਮਿਲਦੀ ਹੈ। ਜੇ ਤੁਹਾਡੀ ਜ਼ਿੰਦਗੀ ਵਿੱਚ ਕਾਫੀ ਲੋਕ ਹੁੰਦੇ ਹਨ ਅਤੇ ਤੁਸੀਂ ਕਾਫੀ ਦੋਸਤਾਂ ਨਾਲ ਗੱਲਾਂ ਕਰਦੇ ਹੋ ਤਾਂ ਤੁਹਾਡਾ ਧਿਆਨ ਭੰਗ ਹੁੰਦਾ ਹੈ ਅਤੇ ਸਮੇਂ ਦਾ ਪ੍ਰਬੰਧ ਕਰਨਾ ਵੀ ਅਸੰਭਵ ਬਣ ਜਾਂਦਾ ਹੈ। ਕੋਹਲੀ ਨੂੰ ਲਗਦਾ ਹੈ ਕਿ ਕਿਸੇ ਨੂੰ ਆਪਣੀਆਂ ਇੱਛਾਵਾਂ ਨੂੰ ਸੀਮਿਤ ਨਹੀਂ ਕਰਨਾ ਚਾਹੀਦਾ। ਉਸ ਨੇ ਕਿਹਾ ਕਿ ਅਸੀਂ ਬਤੌਰ ਖਿਡਾਰੀ ਪਹਿਲਾਂ ਖ਼ੁਦ ਨੂੰ ਸੀਮਤ ਕਰ ਦਿੰਦੇ ਹਨ, ਬਿਨਾਂ ਇਹ ਜਾਣੇ ਕਿ ਅਸੀਂ ਕਿੰਨਾ ਕੁਝ ਕਰ ਸਕਦੇ ਹਾਂ। ਇਹ ਅਜਿਹੀਆਂ ਗੱਲਾਂ ਹਨ, ਜਿਸ ਉਤੇ ਉਹ ਕਦੇ ਹੱਦ ਨਹੀਂ ਲਾਉਂਦਾ। ਸਚਿਨ ਤੇਂਦੁਲਕਰ ਨਾਲ ਤੁਲਨਾ ਬਾਰੇ ਕੋਹਲੀ ਨੇ ਸਪੱਸ਼ਟ ਕੀਤਾ ਕਿ ਉਸ ਦੇ ਰਿਕਾਰਡਾਂ ਨੂੰ ਹਾਸਲ ਕਰਨਾ ਬਹੁਤ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਉਹ ਸ਼ਾਇਦ ਇੰਨੇ ਲੰਮੇ ਸਮੇਂ 24 ਸਾਲਾਂ ਤੱਕ ਨਾ ਖੇਡ ਸਕੇ।