ਪ੍ਰਿਅੰਕਾ ਚੋਪੜਾ ਦੇ ਕਰੀਅਰ ਦਾ ਸਫ਼ਰ ਬੇਹੱਦ ਦਿਲਚਸਪ ਰਿਹਾ ਹੈ। ਉਸ ਨੇ ਆਪਣੀ ਦਮਦਾਰ ਐਕਟਿੰਗ ਖ਼ੁਦ ਨੂੰ ਸਾਬਿਤ ਕੀਤਾ ਹੈ। ਉਸ ਨੇ ਨਾ ਸਿਰਫ਼ ਬਾਲੀਵੁੱਡ ‘ਚ ਆਪਣਾ ਲੋਹਾ ਮਨਵਾਇਆ ਹੈ, ਸਗੋਂ ਕੌਮਾਂਤਰੀ ਪੱਧਰ ‘ਤੇ ਵੀ ਚੰਗੀ ਸ਼ੁਹਰਤ ਖੱਟੀ ਹੈ। ਪਿਛਲੇ ਕੁਝ ਸਮੇਂ ਤੋਂ ਜਿੱਥੇ ਉਹ ਆਪਣੇ ਕੌਮਾਂਤਰੀ ਪ੍ਰਾਜੈਕਟ ‘ਕਵਾਂਟਿਕੋ ਸੀਜ਼ਨ 2’ ਅਤੇ ‘ਬੇਵਾਚ’ ਨੂੰ ਲੈ ਕੇ ਕਾਫ਼ੀ ਚਰਚਾ ਵਿਚ ਰਹੀ ਹੈ, ਉਥੇ ਖੇਤਰੀ ਸਿਨੇਮਾ ਵੱਲ ਪੁੱਟੇ ਗਏ ਉਸ ਦੇ ਕਦਮਾਂ ਨੇ ਵੀ ਉਸ ਦੀ ਨਵੀਂ ਪ੍ਰਸ਼ੰਸਾ ਦੇ ਰਾਹ ਖੋਲ੍ਹੇ ਹਨ। ਪ੍ਰਿਅੰਕਾ ਇਨ੍ਹੀਂ ਦਿਨੀ ਆਪਣੇ ਪ੍ਰੋਡਕਸ਼ਨ ਹਾਊਸ ‘ਪਰਪਲ ਪੇਬਲਸ’ ਤਹਿਤ ਕਈ ਰੀਜਨਲ ਫ਼ਿਲਮਾਂ ਪ੍ਰੋਡਿਊਸ ਕਰ ਰਹੀ ਹੈ। ਪ੍ਰਿਅੰਕਾ ਦੇ ਪ੍ਰੋਡਕਸ਼ਨ ਹਾਊਸ ਵਿਚ ਬਣੀ ਭੋਜਪੁਰੀ ਫ਼ਿਲਮ ‘ਬਮਬਮ ਬੋਲ ਰਹਾ ਹੈ ਕਾਸ਼ੀ’ ਅਤੇ ਮਰਾਠੀ ਫ਼ਿਲਮ ‘ਵੈਂਟੀਲੇਟਰ’ ਰਿਲੀਜ਼ ਹੋ ਚੁੱਕੀ ਹੈ। ਪੰਜਾਬੀ ਫ਼ਿਲਮ ‘ਸਰਵਣ’ ਲੋਹੜੀ ਮੌਕੇ ਰਿਲੀਜ਼ ਹੋ ਰਹੀ ਹੈ। ਇਸ ਤੋਂ ਬਾਅਦ ਪ੍ਰਿਅੰਕਾ ਆਪਣੇ ਪ੍ਰੋਡਕਸ਼ਨ ਹਾਊਸ ਤਹਿਤ ਸਿੱਕਮ-ਨੇਪਾਲੀ ਬਣਾਉਣ ਦੀ ਤਿਆਰੀ ਕਰ ਰਹੀ ਹੈ। ਇਸ ਫ਼ਿਲਮ ਦਾ ਨਾਂ ‘ਪਊਆ’ ਹੋਵੇਗਾ। ਪ੍ਰਿਅੰਕਾ ਦੇ ਪ੍ਰੋਡਕਸ਼ਨ ਹਾਊਸ ਦਾ ਕੰਮਕਾਜ ਸੰਭਾਲਣ ਵਾਲੀ ਉਸ ਦੀ ਮਾਂ ਮਧੂ ਚੋਪੜਾ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰਿਅੰਕਾ ਹੁਣ ਸਿੱਕਮ ਅਤੇ ਨੇਪਾਲੀ ਫ਼ਿਲਮਾਂ ਪ੍ਰੋਡਿਊਸ ਕਰਨ ਜਾ ਰਹੀ ਹੈ। ਮਧੂ ਦਾ ਕਹਿਣਾ ਹੈ ਕਿ ਇਹ ਫ਼ਿਲਮ ਮਾਪਿਆਂ ਅਤੇ ਬੱਚਿਆਂ ‘ਤੇ ਆਧਾਰਿਤ ਹੋਵੇਗੀ। ਫ਼ਿਲਮ ਵਿਚ ਦਿਖਾਇਆ ਜਾਵੇਗਾ ਕਿ ਕਿਵੇਂ ਸੋਸ਼ਲ- ਪਾਲਿਟੀਕਲ ਸਮਾਜ ਵਿਚ ਮੁਸ਼ਕਿਲ ਹਾਲਾਤ ਕਾਰਨ ਮਾਪੇ ਬੱਚਿਆਂ ਤੋਂ ਵੱਖ ਹੋ ਜਾਂਦੇ ਹਨ। ਖ਼ਬਰ ਹੈ ਕਿ ਇਸ ਫ਼ਿਲਮ ਵਿਚ ਹੀਰੋ ਦੇ ਤੌਰ ‘ਤੇ ਕਿਸੇ ਸਥਾਨਕ ਕਲਾਕਾਰ ਨੂੰ ਲਿਆ ਜਾਵੇਗਾ ਜਦਕਿ ਫੀਮੇਲ ਲੀਡ ਲਈ ਕਿਸੇ ਬਾਲੀਵੁੱਡ ਹੀਰੋਇਨ ਨੂੰ ਸਾਈਨ ਕੀਤਾ ਜਾਵੇਗਾ। ਮਧੂ ਨੇ ਕਿਹਾ ਕਿ ‘ਪ੍ਰਿਅੰਕਾ ਜਦੋਂ ਫ਼ਿਲਮ ਮੈਰੀ ਕਾਮ ਲਈ ਉੱਤਰ ਭਾਰਤ ਦੀਆਂ ਵੱਖ-ਵੱਖ ਥਾਵਾਂ ‘ਤੇ ਗਈ ਸੀ ਤਾਂ ਉਸ ਨੂੰ ਸਥਾਨਕ ਲੋਕਾਂ ਨਾਲ ਪਿਆ ਹੋ ਗਿਆ ਸੀ ਅਤੇ ਇਸ ਲਈ ਪ੍ਰਿਅੰਕਾ ਚਾਹੁੰਦੀ ਹੈ ਕਿ ਉਹ ਖੇਤਰੀ ਫ਼ਿਲਮਾਂ ਪ੍ਰਮੋਟ ਕਰੇ।’











