ਰੋਨਾਲਡੋ ਚੌਥੀ ਵਾਰ ਬਣੇ ਸਾਲ ਦੇ ਸਰਵਸ਼੍ਰੇਸ਼ਠ ਖਿਡਾਰੀ

ਜਿਊਰਿਖ: ਪੁਰਤਗਾਲ ਫ਼ੁੱਟਬਾਲ ਟੀਮ ਦੇ ਕਪਤਾਨ ਅਤੇ ਸਪੈਨਿਸ਼ ਕਲੱਬ ਰੀਆਲ ਮੈਡ੍ਰਿਡ ਦੇ ਸਟਾਰ ਫ਼ਾਰਵਰਡ ਕ੍ਰਿਸਟੀਆਨੋ ਰੋਨਾਲਡੋ ਨੇ ਆਪਣੇ ਲੰਬੇ ਸਮੇਂ ਦੇ ਮੁਕਾਬਲੇਬਾਜ਼ ਅਰਜਨਟੀਨਾ ਦੇ ਸਟਾਰ ਖਿਡਾਰੀ ਅਤੇ ਬਾਰਸੀਲੋਨਾ ਦੇ ਫ਼ਾਰਵਰਡ ਲਿਓਨੇਲ ਮੈਸੀ ਨੂੰ ਪਛਾੜ ਕੇ ਚੌਥੀ ਵਾਰ ਸਾਲ ਦੇ ਸਰਵਸ਼੍ਰੇਸ਼ਠ ਪੁਰਸ਼ ਖਿਡਾਰੀ ਦਾ ਪੁਰਸਕਾਰ ਜਿੱਤ ਲਿਆ ਹੈ। ਕੌਮਾਂਤਰੀ ਫ਼ੁੱਟਬਾਲ ਮਹਾਸੰਘ (ਫ਼ੀਫ਼ਾ) ਦੇ ਪ੍ਰਧਾਨ ਜੀਆਨੋ ਇਨਫ਼ੇਂਟਿਨੋ ਨੇ ਇਕ ਸਮਾਰੋਹ ‘ਚ ਰੋਨਾਲਡੋ ਨੂੰ ‘ਪਲੇਅਰ ਆਫ਼ ਦਿ ਈਅਰ’ ਦਾ ਪੁਰਸਕਾਰ ਪ੍ਰਦਾਨ ਕੀਤਾ। ਰੋਨਾਲਡੋ ਨੇ ਇਸ ਤੋਂ ਪਹਿਲਾਂ 2008, 2013 ਅਤੇ 2014 ‘ਚ ਇਸ ਪੁਰਸਕਾਰ ਨੂੰ ਆਪਣੇ ਨਾਂ ਕੀਤਾ ਸੀ। ਉਨ੍ਹਾਂ ਪਿਛਲੀ ਦਸੰਬਰ ‘ਚ ਬੈਲੇਨ ਡੀ ਓਰ ਦਾ ਪੁਰਸਕਾਰ ਵੀ ਜਿੱਤਿਆ ਸੀ। 31 ਸਾਲਾ ਰੋਨਾਲਡੋ ਨੇ ਪਿਛਲੇ ਸਾਲ 57 ਮੈਚਾਂ ‘ਚ 55 ਗੋਲ ਕੀਤੇ ਸਨ ਅਤੇ 16 ਗੋਲ ਕਰਨ ‘ਚ ਮਦਦ ਕੀਤੀ ਸੀ। ਉਨ੍ਹਾਂ ਦੀ ਮੌਜੂਦਗੀ ‘ਚ ਉਨ੍ਹਾਂ ਦੀ ਟੀਮ ਨੇ ਪਿਛਲੇ ਸਾਲ ਚਾਰ ਟਰਾਫ਼ੀਆਂ ਆਪਣੇ ਨਾਂ ਕੀਤੀਆਂ ਸਨ। ਪੁਰਸਕਾਰਾਂ ਦੀ ਦੌੜ ‘ਚ ਮੈਸੀ ਦੂਜੇ ਅਤੇ ਫ਼ਰਾਂਸ ਦੇ ਐਂਟੋਨੀਓ ਗ੍ਰਿਏਜਮੈਨ ਤੀਜੇ ਨੰਬਰ ‘ਤੇ ਰਹੇ।