ਨਵੀਂ ਦਿੱਲੀਂ ਸੁਪਰੀਮ ਕੋਰਟ ਨੇ ਬੀ.ਸੀ.ਸੀ.ਆਈ. ਪ੍ਰਸ਼ਾਸਕਾਂ ਦੇ ਲਈ ਨਾਵਾਂ ਦਾ ਸੁਝਾਅ ਦੇਣ ਦੇ ਮਾਮਲੇ ‘ਚ ਅਦਾਲਤ ਦੀ ਸਹਾਇਤ ਕਰਨ ‘ਚ ਅਸਮਰਥਤਾ ਜਤਾਉਣ ਵਾਲੇ ਮਸ਼ਹੂਰ ਵਕੀਲ ਐੱਫ਼.ਐੱਸ. ਨਰੀਮਨ ਦੇ ਸਥਾਨ ‘ਤੇ ਸੀਨੀਅਰ ਵਕੀਲ ਅਨਿਲ ਦੀਵਾਨ ਨੂੰ ਨਿਯੁਕਤ ਕੀਤਾ। ਨਰੀਮਨ ਨੇ ਮੁੱਖ ਜੱਜ ਟੀ.ਐੱਸ. ਠਾਕੁਰ ਦੀ ਅਗਵਾਈ ਵਾਲੇ ਬੈਂਚ ਨੂੰ ਦੱਸਿਆ ਕਿ ਉਨ੍ਹਾਂ ਨੇ 2009 ‘ਚ ਵਕੀਲ ਦੇ ਤੌਰ ‘ਤੇ ਭਾਰਤੀ ਕ੍ਰਿਕਟ ਬੋਰਡ ਦੀ ਨੁਮਾਇੰਦਗੀ ਕੀਤੀ ਸੀ ਅਤੇ ਇਸ ਲਈ ਉਹ ਇਸ ਪ੍ਰਕਿਰਿਆ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਹਨ।
ਇਸ ਤੋਂ ਬਾਅਦ ਬੈਂਚ ਨੇ ਦੀਵਾਨ ਨੂੰ ਇਸ ਮਾਮਲੇ ‘ਚ ਨਿਆ ਮਿੱਤਰ ਦੇ ਰੂਪ ‘ਚ ਅਦਾਲਤ ਦੀ ਮਦਦ ਕਰ ਰਹੇ ਸੀਨੀਅਰ ਵਕੀਲ ਗੋਪਾਲ ਸੁਬ੍ਰਮਣਿਅਮ ਦੇ ਨਾਲ ਕੰਮ ਕਰਨ ਅਤੇ ਬੀ.ਸੀ.ਸੀ.ਆਈ. ਦਾ ਕੰਮਕਾਜ ਦੇਖਣ ਦੇ ਲਈ ਪ੍ਰਸ਼ਾਸਕਾਂ ਦੇ ਨਾਵਾਂ ਨੂੰ ਸੁਝਾਉਣ ਦੇ ਲਈ ਕਿਹਾ। ਬੈਂਚ ‘ਚ ਜੱਜ ਖਾਨਵਿਲਕਰ ਅਤੇ ਡੀ.ਵਾਈ. ਚੰਦਰਚੂੜ ਵੀ ਸ਼ਾਮਲ ਹਨ। ਅਦਾਲਤ ਨੇ ਇਨ੍ਹਾਂ ਦੋਹਾਂ ਵਕੀਲਾਂ ਨੂੰ ਦੋ ਹਫ਼ਤਿਆਂ ਦੇ ਅੰਦਰ ਸੰਭਾਵੀ ਪ੍ਰਸ਼ਾਸਕਾਂ ਦੇ ਨਾਵਾਂ ਦਾ ਸੁਝਾਅ ਦੇਣ ਦੇ ਲਈ ਕਿਹਾ ਸੀ। ਸੁਪਰੀਮ ਕੋਰਟ ਨੇ ਕੱਲ ਅਨੁਰਾਗ ਠਾਕੁਰ ਅਤੇ ਅਜੇ ਸ਼ਿਰਕੇ ਨੂੰ ਕ੍ਰਮਵਾਰ ਬੀ.ਸੀ.ਸੀ.ਆਈ. ਪ੍ਰਧਾਨ ਅਤੇ ਸਕੱਤਰ ਦੇ ਅਹੁਦੇ ਤੋਂ ਹਟਾਉਣ ਦਾ ਹੁਕਮ ਦਿੱਤਾ ਸੀ।












