ਅਭਿਨੇਤਰੀ ਆਸਿਨ ਦਾ ਮੰਨਣਾ ਹੈ ਕਿ ਉਸ ‘ਤੇ ਨਖ਼ਰਾ ਕਰਨ, ਦੂਜਿਆਂ ਨੂੰ ਆਪਣੇ ਮੁਕਾਬਲੇ ਘਟੀਆ ਸਮਝਣ ਅਤੇ ਨਿਰਮਾਤਾਵਾਂ ਨੂੰ ਪ੍ਰੇਸ਼ਾਨ ਕਰਨ ਵਰਗੇ ਦੋਸ਼ ਕਈ ਵਾਰ ਲੱਗੇ, ਪਰ ਇਨ੍ਹਾਂ ਦੋਸ਼ਾਂ ਦੇ ਪਿੱਛੇ ਸਾਜਿਸ਼ ਤੋਂ ਇਲਾਵਾ ਹੋਰ ਕੁਝ ਨਹੀਂ। ਉਹ ਅਸਲੇ ਵਿੱਚ ਨਖ਼ਰੇਬਾਜ਼ ਨਹੀਂ ਹੈ। ਬਲਕਿ ਬੇਹੱਦ ਨਰਮ ਸੁਭਾਅ ਦੀ ਮਾਲਕ ਹੈ। ਆਸਿਨ ਇਸ ਪੱਖੋਂ ਖ਼ੁਸ਼ ਹੈ ਕਿ ਦੱਖਣ ਭਾਰਤੀ ਫ਼ਿਲਮਾਂ ਦੀ ਤਰ੍ਹਾਂ ਹੀ ਉਹ ਹਿੰਦੀ ਫ਼ਿਲਮਾਂ ਵਿੱਚ ਗਜ਼ਨੀ, ਰੇਡੀ, ਹਾਊਸਫ਼ੁਲ-2 ਵਰਗੀਆਂ ਹਿੱਟ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਉਹ ਮੰਨਦੀ ਹੈ ਕਿ ਹਿੰਦੀ ਫ਼ਿਲਮਾਂ ਵਿੱਚ ਉਸ ਨੇ ਆਪਣੇ ਕਰੀਅਰ ਨੂੰ ਜ਼ਿਆਦਾ ਸੰਜੀਦਾ ਢੰਗ ਨਾਲ ਨਹੀਂ ਲਿਆ। ਸ਼ਾਇਦ ਇਸ ਲਈ ਵਿਆਹ ਤੋਂ ਬਾਅਦ ਉਹ ਹਿੰਦੀ ਫ਼ਿਲਮਾਂ ਤੋਂ ਦੂਰ ਹੋ ਗਈ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਇਸ ਗੱਲ ਦਾ ਅਫ਼ਸੋਸ ਨਹੀਂ ਹੈ। ਉਹ ਜਾਣਦੀ ਹੈ ਕਿ ਇਹ ਸਿਲਸਿਲਾ ਫ਼ਿਰ ਸ਼ੁਰੂ ਹੋ ਸਕਦਾ ਹੈ। ਆਸਿਨ ‘ਤੇ ਇਹ ਵੀ ਦੋਸ਼ ਲੱਗਦਾ ਰਿਹਾ ਹੈ ਕਿ ਉਹ ਆਪਣੇ ਸਟਾਰਡਮ ਦੇ ਚਲਦੇ ਆਪਣੇ ਕਈ ਮੁੱਖ ਅਦਾਕਾਰਾਂ ਨੂੰ ਬੀ ਗਰੇਡ ਦਾ ਕਹਿ ਕੇ ਉਨ੍ਹਾਂ ਨਾਲ ਪੰਗੇ ਲੈਂਦੀ ਹੈ। ਇਸ ‘ਤੇ ਉਸ ਦਾ ਕਹਿਣਾ ਹੈ ਕਿ ਉਸ ‘ਤੇ ਤਾਂ ਕਦੇ ਸਟਾਰਡਮ ਭਾਰੂ ਹੋਇਆ ਹੀ ਨਹੀਂ। ਹਿੰਦੀ ਫ਼ਿਲਮਾਂ ਤਾਂ ਉਸ ਨੇ ਕਾਫ਼ੀ ਦੇਰ ਬਾਅਦ ਸ਼ੁਰੂ ਕੀਤੀਆਂ, ਜਦੋਂ ਕਿ ਦੱਖਣ ਦੀਆਂ ਫ਼ਿਲਮਾਂ ਤਾਂ ਉਹ ਪਿਛਲੇ 15 ਸਾਲਾਂ ਤੋਂ ਕਰਦੀ ਆ ਰਹੀ ਹੈ। ਉੱਥੇ ਉਸ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ। ਉਨ੍ਹਾਂ ਵਿੱਚ ਕਈ ਫ਼ਿਲਮਾਂ ਅਜਿਹੀਆਂ ਸਨ ਜਿਨ੍ਹਾਂ ਵਿੱਚ ਉਸ ਦੇ ਹੀਰੋ ਬਿਲਕੁਲ ਨਵੇਂ ਸਨ। ਉਸ ਦਾ ਕਹਿਣਾ ਹੈ ਕਿ ਉਸ ਨੇ ਹੀਰੋ ਨੂੰ ਤਾਂ ਦੂਰ, ਬਲਕਿ ਆਪਣੇ ਸਹਾਇੱਕ ਕਿਸੇ ਵੀ ਕਲਾਕਾਰ ਨੂੰ ਕਦੇ ਛੋਟਾ ਨਹੀਂ ਸਮਝਿਆ। ਆਸਿਨ ਨੂੰ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਦੀਆਂ ਵੀ ਕਈ ਭਾਸ਼ਾਵਾਂ ਆਉਂਦੀਆਂ ਹਨ। ਫ਼ਿਰ ਵੀ ਉਸ ਨੇ ਫ਼ਿਲਮਾਂ ਨੂੰ ਕਦੇ ਵੀ ਕਿਸੇ ਭਾਸ਼ਾ ਦੇ ਬੰਧਨ ਵਿੱਚ ਨਹੀਂ ਬੰਨ੍ਹਿਆ। ਫ਼ਿਲਮਾਂ ਤੋਂ ਦੂਰ ਹੋਣ ਦੇ ਸੁਆਲ ਦੇ ਜੁਆਬ ਵਿੱਚ ਉਹ ਕਹਿੰਦੀ ਹੈ ਕਿ ਫ਼ਿਲਮਾਂ ਉਸ ਨੇ ਹਮੇਸ਼ਾਂ ਆਪਣੇ ਢੰਗ ਨਾਲ ਹੀ ਕੀਤੀਆਂ ਹਨ। ਉਸ ਨੇ ਇਹ ਹੀ ਕੋਸ਼ਿਸ਼ ਕੀਤੀ ਕਿ ਸਾਲ ਵਿੱਚ ਸਿਰਫ਼ ਇੱਕ ਹੀ ਫ਼ਿਲਮ ਕੀਤੀ ਜਾਵੇ ਕਿਉਂਕਿ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਵੀ ਥੋੜ੍ਹਾ ਵਕਤ ਦੇਣਾ ਚਾਹੁੰਦੀ ਹੈ, ਪਰ ਨਿੱਜੀ ਜ਼ਿੰਦਗੀ ਸਬੰਧੀ ਲੋਕਾਂ ਨਾਲ ਗੱਲ ਕਰਨਾ ਪਸੰਦ ਨਹੀਂ ਕਰਦੀ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਬਾਤ ਦਾ ਬਤੰਗੜ ਬਣਾਇਆ ਜਾਂਦਾ ਹੈ। ਉਸ ਨਾਲ ਅਜਿਹਾ ਹੋ ਵੀ ਚੁੱਕਾ ਹੈ। ਰਾਹੁਲ ਸ਼ਰਮਾ ਨਾਲ ਵਿਆਹ ਕਰਨ ਤੋਂ ਪਹਿਲਾਂ ਤੱਕ ਉਸ ਦਾ ਸਲਮਾਨ ਖ਼ਾਨ, ਜੌਹਨ ਅਬਰਾਹਮ, ਨੀਲ ਨਿਤਿਨ ਮੁਕੇਸ਼ ਵਰਗੇ ਸਾਰੇ ਨਾਇੱਕਾਂ ਨਾਲ ਵਿਆਹ ਕਰਾਉਣ ਦੀਆਂ ਅਫ਼ਵਾਹਾਂ ਉੜ ਚੁੱਕੀਆਂ ਸਨ। ਅਜਿਹੀਆਂ ਖ਼ਬਰਾਂ ਨਜ਼ਰਅੰਦਾਜ਼ ਕਰਨੀਆਂ ਵੀ ਉਸ ਨੂੰ ਆਉਂਦੀਆਂ ਹਨ।
ਕਰੀਅਰ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਵਿੱਚ ਕਿਸ ਨਿਰਦੇਸ਼ਕ ਦਾ ਹੱਥ ਰਿਹਾ ਦੇ ਜੁਆਬ ਵਿੱਚ ਆਸਿਨ ਕਹਿੰਦੀ ਹੈ ਕਿ ਉਹ ਜਗਨਨਾਥ ਹੈ। ਉਨ੍ਹਾਂ ਦੀ ਫ਼ਿਲਮ ‘ਅੰਮਾਨੰਨਾ ਤਮਿਲਾ ਅਮਰਡ’ ਦਾ ਉਸ ਦੇ ਕਰੀਅਰ ਵਿੱਚ ਬਹੁਤ ਵੱਡਾ ਯੋਗਦਾਨ ਹੈ। ਦੂਜੀ ਫ਼ਿਲਮ ‘ਸ਼ਿਵਮਣੀ’ ਦੇ ਨਿਰਦੇਸ਼ਕ ਵੀ ਉਹ ਹੀ ਸਨ। ਉਹ ਕਹਿੰਦੀ ਹੈ ਕਿ ਹਿੱਟ ਫ਼ਿਲਮ ਕਿਵੇਂ ਬਣਾਈ ਜਾ ਸਕਦੀ ਹੈ, ਇਹ ਉਹ ਬਾਖ਼ੂਬੀ ਜਾਣਦੇ ਹਨ। ਉਹ ਉਨ੍ਹਾਂ ਦੇ ਸਾਧਾਰਨ ਰਹਿਣ-ਸਹਿਣ ਤੋਂ ਵੀ ਪ੍ਰਭਾਵਿਤ ਹੈ।











