ਆਮਿਰ ਖਾਨ ਦੀ ਫ਼ਿਲਮ ‘ਦੰਗਲ’ ਹਰ ਤਰਫ਼ ਸੁਰਖੀਆਂ ਬਟੋਰ ਰਹੀ ਹੈ। ਦਰਸ਼ਕ ਆਮਿਰ ਖਾਨ ਦੀ ਐਕਟਿੰਗ ਦੀ ਪ੍ਰਸੰਸਾ ਕਰਦੇ ਥੱਕ ਨਹੀਂ ਰਹੇ। 23 ਦਸੰਬਰ 2016 ਨੂੰ ਰਿਲੀਜ਼ ਹੋਈ ਇਹ ਫ਼ਿਲਮ ਬਾਕਸ ਆਫ਼ਿਸ ‘ਤੇ ਲਗਾਤਾਰ ਹਿੱਟ ਹੋ ਰਹੀ ਹੈ ਅਤੇ ਸਲਮਾਨ ਖਾਂ ਦੀ ਸੁਲਤਾਨ ਨੁੰ ਮਾਤ ਦੇਣ ਦੇ ਲਾਗੇ ਪਹੁੰਚ ਚੁੱਕੀ ਹੈ।
ਇਹ ਫ਼ਿਲਮ ‘ਦੰਗਲ’ ਰੈਸਲਿੰਗ ਜਾਂ ਕੁਸ਼ਤੀ ਦੇ ਬਾਰੇ ਵਿੱਚ ਤਾਂ ਹੈ ਹੀ, ਪਰ ਇਸ ਵਿੱਚ ਮਹਿਲਾ ਸਸ਼ਕਤੀਕਰਨ ਦਾ ਸੁਨੇਹਾ ਵੀ ਉਚੇ ਸੁਰ ਵਿੱਚ ਸੁਣਾਈ ਦਿੰਦਾ ਹੈ। ਇਸ ਫ਼ਿਲਮ ਦਾ ਨਿਰਮਾਣ ਆਮਿਰ ਖਾਨ ਨੇ ਸਿਧਾਰਥ ਰਾਏ ਕਪੂਰ ਅਤੇ ਕਿਰਨ ਰਾਵ ਨਾਲ ਮਿਲ ਕੇ ਕੀਤਾ ਹੈ। ਨਿਤੀਸ਼ ਤਿਵਾੜੀ ਦੀ ਨਿਰਦੇਸ਼ਨਾਂ ਵਿੱਚ ਬਣੀ ਇਸ ਫ਼ਿਲਮ ਦਾ ਸੰਗੀਤ ਪ੍ਰੀਤਮ ਚੱਕਰਵਰਤੀ ਨੇ ਦਿੱਤਾ ਹੈ। ਫ਼ਿਲਮ ਦੇ ਮੁੱਖ ਕਿਰਦਾਰਾਂ ਵਿੱਚ ਆਮਿਰ ਖਾਂ, ਸਾਖਸ਼ੀ ਤੰਵਰ, ਫ਼ਾਤਿਮਾ ਸਨਾ ਸ਼ੇਖ ਅਤੇ ਸਾਨੀਆ ਮਲਹੋਤਰਾ ਹਨ। ਇਹਨਾਂ ਤੋਂ ਇਲਾਵਾ ਦੰਗਲ ਵਿੱਚ ਰਾਜ ਕੁਮਾਰ ਰਾਵ, ਜ਼ਰੀਨਾ ਵਸੀਮ, ਸ਼ਹਾਨੀ ਭਟਨਾਗਰ, ਵਿਕਰਮ ਸਿੰਘ, ਅਪਰਸ਼ਕਤੀ ਖੁਰਾਨਾ ਅਤੇ ਗੌਤਮ ਗੁਲਾਟੀ ਆਦਿ ਕਲਾਕਾਰਾਂ ਨੇ ਅਦਾਕਾਰੀ ਕੀਤੀ ਹੈ। ਫ਼ਿਲਮ ਦੀ ਕਹਾਣੀ ਪਹਿਲਵਾਨ ਮਹਾਂਵੀਰ ਸਿੰਘ ਫ਼ੋਗਟ ਦੀ ਜ਼ਿੰਦਗੀ ਤੇ ਆਧਾਰਿਤ ਹੈ। ਮਹਾਂਵੀਰ ਸਿੰਘ ਫ਼ੋਗਟ ਦੀ ਭੂਮਿਕਾ ਆਮਿਰ ਖਾਨ ਨੇ ਖੁਦ ਨਿਭਾਈ ਹੈ। ਮਹਾਂਵੀਰ ਸਿੰਘ ਫ਼ੋਗਟ ਕੁਸ਼ਤੀ ਦਾ ਅੱਛਾ ਖਿਡਾਰੀ ਰਹਿ ਚੁੱਕਾ ਹੈ। ਉਸਦਾ ਵਿਆਹ ਸ਼ੋਭਾ ਕੌਰ (ਸਾਖਸ਼ੀ ਤੰਵਰ) ਨਾਲ ਹੋਇਆ ਹੈ। ਮਹਾਂਵੀਰ ਦਾ ਸੁਪਨਾ ਹਿੰਦੋਸਤਾਨ ਲਈ ਗੋਲਡ ਮੈਡਲ ਜਿੱਤਣ ਦਾ ਸੀ, ਜਿਸਨੂੰ ਉਹ ਆਰਥਿਕ ਮਜਬੂਰੀਆਂ ਕਾਰਨ ਪੂਰਾ ਨਾ ਕਰ ਸਕਿਆ। ਉਹ ਆਪਣੇ ਆਪ ਨਾਲ ਵਾਅਦਾ ਕਰਦਾ ਹੈ ਕਿ ਉਸਦਾ ਅਧੂਰਾ ਸੁਪਨਾ ਉਸਦਾ ਬੇਟਾ ਪੂਰਾ ਕਰੇਗਾ। ਦੂਜੇ ਪਾਸੇ ਬੇਟੇ ਦੀ ਚਾਹਤ ਵਿੱਚ ਸ਼ੋਭਾ ਕੌਰ ਇੱਕ ਤੋਂ ਬਾਅਦ ਇੱਕ ਚਾਰ ਬੇਟੀਆਂ ਨੂੰ ਜਨਮ ਦੇ ਦਿੰਦੀ ਹੈ। ਪਹਿਲਵਾਨ ਮਹਾਂਵੀਰ ਸਿੰਘ ਬਹੁਤ ਮਾਯੂਸ ਹੋ ਜਾਂਦਾ ਹੈ। ਅਚਾਨਕ ਇੱਕ ਦਿਨ ਜਦੋਂ ਉਸਦੀਆਂ ਲੜਕੀਆਂ ਕਿਸੇ ਲੜਕੇ ਦੀ ਕੁੱਟਮਾਰ ਕਰਕੇ ਆਉਂਦੀਆਂ ਹਨ ਤਾਂ ਮਹਾਂਵੀਰ ਸਿੰਘ ਦੇ ਮਨ ਵਿੱਚ ਕੁੜੀਆਂ ਤੋਂ ਕੁਸ਼ਤੀ ਕਰਵਾਉਣ ਦਾ ਖਿਆਲ ਆਉਂਦਾ ਹੈ। ਹਰਿਆਣਾ ਵਰਗੇਰਾਜ ਵਿੱਚ ਜਿੱਥੇ ਔਰਤ ਨੂੰ ਸਿਰਫ਼ ਘਰ ਦੀ ਚਾਰ ਦੀਵਾਰੀ ਤੱਕ ਮਹਿਦੂਦ ਰੱਖਿਆ ਜਾਂਦਾ ਹੈ, ਉਥੇ ਲੜਕੀਆਂ ਤੋਂ ਕੁਸ਼ਤੀ ਲੜਾਉਣਾ ਇੱਕ ਇਨਕਲਾਬੀ ਕਦਮ ਸੀ। ਸਮਾਜ ਦੀ ਪਰਵਾਹ ਕੀਤੇ ਬਿਨਾਂ ਮਹਾਂਵੀਰ ਸਿੰਘ ਫ਼ੋਗਟ ਆਪਣੀਆਂ ਧੀਆਂ ਨੂੰ ਕੁਸ਼ਤੀ ਦੀ ਸਿਖਲਾਈ ਦੇਣੀ ਸ਼ੁਰੂ ਕਰ ਦਿੰਦਾ ਹੈ।
ਫ਼ਿਲਮ ਵਿੱਚ ਇੱਕ ਪਿਤਾ ਅਤੇ ਉਸਦੀਆਂ ਧੀਆਂ ਦਾ ਕਰੜਾ ਸੰਘਰਸ਼ ਵੀ ਹੈ ਅਤੇ ਹਉਮੈ ਦਾ ਟਕਰਾਅ ਵੀ। ਛੋਟੀਆਂ ਬੱਚੀਆਂ ਨੂੰ ਸਵੇਰੇ ਪੰਜ ਵਜੇ ਲੰਮੀ ਦੌੜ ਅਤੇ ਫ਼ਿਰ ਕਸਰਤ ਵਾਲੇ ਸੀਨ ਦਰਸ਼ਕਾਂ ਨੂੰ ਭਾਵੁਕ ਕਰ ਦਿੰਦੇ ਹਨ। ਉਂਝ ਵੀ ਦੰਗਲ ਦੀ ਟੀਮ ਨੇ ਇੱਕ ਵੀਡੀਓ ਰਿਲੀਜ਼ ਕਰਕੇ ਇਹ ਦਿਖਾਇਆ ਸੀ ਕਿ ਫ਼ਿਲਮ ਦੀਆਂ ਚਾਰੇ ਲੜਕੀਆਂ ਸਾਨਾ ਮਲਹੋਤਰਾ, ਫ਼ਾਤਿਮਾ ਸਨ ਸ਼ੇਖ, ਜਾਇਰਾ ਵਸੀਮ ਅਤੇ ਸੁਹਾਨੀ ਭਨਟਾਗਰ ਨੇ ਕੁਸ਼ਤੀ ਦੇ ਦਾਅ ਪੇਚ ਸਿੱਖਣ ਲਈ ਅਤੇ ਸਿਹਤ ਬਣਾਉਣ ਲਈ ਬਹੁਤ ਸਖਤ ਮਿਹਨਤ ਕੀਤੀ। ਖੁਦ ਆਮਿਰ ਖਾਂ ਨੇ ਜਿੱਥੇ ਸੀਨੀਅਰ ਭਲਵਾਨ ਦੀ ਦਿੱਖ ਵਿੱਚ ਨਜ਼ਰ ਆਉਣ ਲਈ ਆਪਣਾ ਭਾਰ ਵਧਾਇਆ, ਉਥੇ ਜਵਾਨੀ ਦੇ ਸੀਨ ਫ਼ਿਲਮਾਉਣ ਲਈ ਭਾਰ ਘਟਾਉਣ ਲਈ ਖੂਬ ਮਿਹਨਤ ਕੀਤੀ। ਸਤੰਬਰ 2015 ਅਤੇ ਦਸੰਬਰ 2015 ਦੇ ਦੌਰਾਨ ਆਮਿਰ ਖਾਂ ਨੇ ਆਪਣਾ ਭਾਰ 97 ਕਿਲੋ ਤੱਕ ਵਧਾਇਆ। ਫ਼ਿਰ ਨੌਜਵਾਨ ਮਹਾਂਵੀਰ ਸਿੰਘ ਫ਼ੋਗਟ ਦੀ ਭੂਮਕਿਾ ਲਈ 22 ਕਿਲੋ ਭਾਰ ਘਟਾ ਕੇ 70 ਤੱਕ ਲੈ ਕੇ ਆਇਆ। ਇਹੀ ਨਹੀਂ ਆਪਣੇ ਰੋਲ ਨੂੰ ਯਥਾਰਥਕ ਦਿੱਖ ਦੇਣ ਲਈ ਆਮਿਰ ਨੇ ਹਰਿਆਣਵੀ ਸਿੱਖੀ। ਫ਼ਿਲਮ ਦੀ ਇੱਕ ਖੂਬੀ ਇਹ ਵੀ ਹੈ ਕਿ ਫ਼ਿਲਮ ਰੈਸਲਿੰਗ ਬਾਰੇ ਬਰੀਕ ਤੋਂ ਬਰੀਕ ਗੱਲਾਂ ਅਤੇ ਕੁਸ਼ਤੀ ਦੇ ਨਿਯਮਾਂ ਨੂੰ ਸੁਭਾਵਿਕ ਤੌਰ ਤੇ ਹੀ ਦਰਸ਼ਕਾਂ ਨੂੰ ਸਮਝਾ ਜਾਂਦੀ ਹੈ ਤਾਂ ਕਿ ਉਹ ਅਸਾਨੀ ਨਾਲ ਸਭ ਕੁਝ ਸਮਝ ਸਕਣ।
‘ਦੰਗਲ’ ਫ਼ਿਲਮ ਵਿੱਚ ਹਿੰਦੀ ਫ਼ਿਲਮਾਂ ਵਾਂਗ ਨਾ ਤਾਂ ਪ੍ਰੇਮ ਸਬੰਧ ਦਿਖਾਏ ਗਏ ਹਨ ਅਤੇ ਨਾ ਹੀ ਕੋਈ ਖ਼ਲਨਾਇਕ ਨਾਲ ਲੜਾਈ ਝਗੜੇ ਦੇ ਦ੍ਰਿਸ਼ ਹਨ। ਬਿਨਾਂ ਸੈੱਕਸ, ਹਿੰਸਾ ਅਤੇ ਰੋਮਾਂਸ ਦੇ ਇਹ ਫ਼ਿਲਮ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਜਾਣ ਵਾਲੀ ਫ਼ਿਲਮ ਹੈ। ਆਮਿਰ ਖ਼ਾਂ ਨੇ ਹਰਿਆਣਾ ਦੇ ਪਹਿਲਵਾਨ ਮਹਾਂਵੀਰ ਸਿੰਘ ਫ਼ੋਗਟ ਦੇ ਕਿਰਦਾਰ ਨੂੰ ਬਾਖ਼ੂਬੀ ਨਿਭਾਇਆ ਹੈ। ਮਹਾਂਵੀਰ ਸਿੰਘ ਫ਼ੋਗਟ ਆਪਣੀਆਂ ਬੇਟੀਆਂ ਗੀਤਾ ਅਤੇ ਬਬੀਤਾ ਨੂੰ ਗੁਰੂ ਦੇ ਰੂਪ ਵਿੱਚ ਕੁਸ਼ਤੀ ਦੇ ਸਾਰੇ ਦਾਅ ਪੇਚ ਬੇਹੱਦ ਸੁਭਾਵਿਕ ਰੂਪ ਵਿੱਚ ਸਿਖਾਉਂਦੇ ਹਨ। ਪਹਿਲਵਾਨ ਮਹਾਂਵੀਰ ਸਿੰਘ ਫ਼ੋਗਟ ਉਰਫ਼ ਆਮਿਰ ਖ਼ਾਂ ਆਪਣੀਆਂ ਬੇਟੀਆਂ ਦੇ ਪਿਤਾ ਵੀ ਹਨ ਅਤੇ ਗੁਰੂ ਵੀ। ਇੱਥੇ ਆਮਿਰ ਖਾਂ ਨੇ ਬਹੁਤ ਹੀ ਕਮਾਲ ਦੀ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਪਿਤਾ ਦੇ ਮਾਨਸਿਕ ਦਵੰਦ ਨੂੰ ਪੇਸ਼ ਕੀਤਾ ਹੈ। ਗੁਰੂ ਦੀ ਭੂਮਿਕਾ ਵਿੱਚ ਉਹ ਕਈ ਕਠੋਰ ਫ਼ੈਸਲੇ ਲੈਂਦਾ ਹੈ। ਗੀਤਾ ਅਤੇ ਬਬੀਤਾ ਦੇ ਵਾਲ ਕਟਵਾ ਦਿੰਦਾ ਹੈ। ਗੋਲ ਗੱਪੇ ਅਤੇ ਹੋਰ ਜੰਕ ਫ਼ੂਡ ਖਾਣ ਤੋਂ ਰੋਕਦਾ ਹੈ। ਇਹ ਛੋਟੇ ਛੋਟੇ ਫ਼ੈਸਲੇ ਵੱਡੇ ਸੰਘਰਸ਼ ਦੀ ਕਹਾਣੀ ਬਿਆਨ ਕਰਦੇ ਹੋਏ ਜਿੱਥੇ ਧੀਆਂ ਨੂੰ ਪਿਓ ਦੇ ਹੱਕ ਵਿੱਚ ਹਮਦਰਦੀ ਪੈਦਾ ਕਰਦੇ ਹਨ, ਉਥੇ ਬੇਟੀਆਂ ਨਾਲ ਵੀ ਦਰਸ਼ਕ ਭਾਵੁਕ ਤੌਰ ‘ਤੇ ਜੁੜ ਜਾਂਦਾ ਹੈ। ਮੋਟੇ ਢਿੱਡ ਵਾਲੇ ਅਧੇੜ ਉਮਰ ਦੇ ਆਮਿਰ ਖਾਂ ਨੂੰ ਵੇਖਕੇ ਦਰਸ਼ਕ ਦੰਗ ਰਹਿ ਜਾਂਦਾ ਹੈ।
ਮਹਾਂਵੀਰ ਸਿੰਘ ਫ਼ੋਗਟ ਦੇ ਸੁਪਨਿਆਂ ਨੂੰ ਉਦੋਂ ਬੂਰ ਪੈਂਦਾ ਨਜ਼ਰ ਆਉਂਦਾ ਹੈ ਜਦੋਂ ਗੀਤਾ ਜੂਨੀਅਰ ਇੰਟਰਨੈਸ਼ਨਲ ਜਿੱਤ ਜਾਂਦੀ ਹੈ। ਇਸ ਜਿੱਤ ਤੋਂ ਬਾਅਦ ਗੀਤਾ ਨੂੰ ਐਨ ਆਈ. ਐਸ. ਪਟਿਆਲਾ ਵਿੱਚ ਸਿਖਲਾਈ ਲਈ ਦਾਖਲਾ ਮਿਲ ਜਾਂਦਾ ਹੈ। ਇੱਥੇ ਗੀਤਾ ਆਪਣੇ ਪਿਤਾ ਮਹਾਂਵੀਰ ਸਿੰਘ ਦੇ ਸਿਖਾਏ ਅਨੁਸ਼ਾਸਨ ਨੂੰ ਭੁੱਲ ਕੇ ਆਪਣੇ ਹੀ ਤਰੀਕੇ ਨਾਲ ਜ਼ਿੰਦਗੀ ਦਾ ਆਨੰਦ ਮਾਨਣਾ ਸ਼ੁਰੂ ਕਰ ਦਿੰਦੀ ਹੈ। ਇੱਥੇ ਬੇਟੀ ਅਤੇ ਪਿਤਾ ਦੇ ਅਹਿਮ ਦੇ ਟਕਰਾਅ ਨੂੰ ਵੀ ਦਿਖਾਇਆ ਗਿਆ ਹੈ। ਗੀਤਾ ਨੂੰ ਲੱਗਦਾ ਹੈ ਕਿ ਉਸਦੇ ਕੋਚ ਦੀ ਤਕਨੀਕ ਉਸਦੇ ਪਿਤਾ ਦੀ ਤਕਨੀਕ ਨਾਲੋਂ ਠੀਕ ਹੈ। ਇੱਥੇ ਪੁਰਾਣੇ ਅਤੇ ਨਵੇਂ ਦਾਅ ਪੇਚਾਂ ਦੇ ਹਵਾਲੇ ਨਾਲ ਐਨ. ਆਈ. ਐਸ. ਦੇ ਕੋਚ ਅਤੇ ਮਹਾਂਵੀਰ ਸਿੰਘ ਫ਼ੋਗਟ ਵਿੱਚਲੇ ਸੰਘਰਸ਼ ਨੂੰ ਪੇਸ਼ ਕੀਤਾ ਗਿਆ ਹੈ। ਇਸ ਤਰ੍ਹਾਂ ਅਨੇਕਾਂ ਨਾਟਕੀ ਮੋੜ ਕੱਟਦੀ ਹੋਈ ਫ਼ਿਲਮ ਦਰਸ਼ਕਾਂ ਨੂੰ ਬੰਨ੍ਹੀ ਰੱਖਦੀ ਹੈ। ਪਟਿਆਲਾ ਵਿਖੇ ਸਿਖਲਾਈ ਦੇ ਬਾਵਜੂਦ ਗੀਤਾ ਲਗਾਤਰ ਹਾਰ ਦਾ ਮੂੰਹ ਵੇਖਦੀ ਹੈ। ਉਧਰ ਬਬੀਤਾ ਵੀ ਐਨ. ਆਈ. ਐਸ. ਪਹੁੰਚ ਜਾਂਦੀ ਹੈ। ਉਹ ਗੀਤਾ ਨੂੰ ਸਮਝਾਉਂਦੀ ਹੈ ਕਿ ਉਨ੍ਹਾਂ ਦੇ ਪਿਤਾ ਨੇ ਕਿਵੇਂ ਸਖਤ ਮਿਹਨਤ ਕਰਕੇ ਦੋਵੇਂ ਭੈਣਾਂ ਨੂੰ ਇਸ ਕਾਬਲ ਬਣਾਇਆ ਕਿ ਉਹ ਇਸ ਪੱਧਰ ‘ਤੇ ਕੁਸ਼ਤੀਆਂ ਲੜ ਰਹੀਆਂ ਹਨ। ਗੀਤਾ ਪਿਓ ਤੋਂ ਮੁਆਫ਼ੀ ਮੰਗਦੀ ਹੈ ਅਤੇ ਮਹਾਂਵੀਰ ਸਿੰਘ ਫ਼ੋਗਟ ਉਸਨੂੰ ਅਭਿਆਸ ਕਰਾਉਣ ਲਈ ਪਟਿਆਲਾ ਪਹੁੰਚ ਜਾਂਦਾ ਹੈ। ਇੱਥੇ ਮਹਾਂਵੀਰ ਸਿੰਘ ਅਤੇ ਗੀਤਾ ਦੇ ਕੋਚ ਦੀ ਲੜਾਈ ਫ਼ਿਲਮ ਵਿੱਚ ਤਣਾਅ ਦੀ ਸਥਿਤੀ ਪੈਦਾ ਕਰਕੇ ਦਰਸ਼ਕਾਂ ਦੀ ਦਿਲਚਸਪੀ ਵਧਾਉਂਦੀ ਹੈ।
2010 ਦੀਆਂ ਕਾਮਨਵੈਲਥ ਖੇਡਾਂ ਵਿੱਚਲੇ ਮੁਕਾਬਲੇ ਫ਼ਿਲਮ ਨੂੰ ਸਿਖਰ ਵੱਲ ਲੈ ਜਾਂਦੇ ਹਨ। ਇਹਨਾਂ ਮੁਕਾਬਲਿਆਂ ਵਿੱਚ ਗੀਤਾ ਫ਼ੋਗਟ (ਫ਼ਾਤਿਮਾ ਸਨਾ ਸ਼ੇਖ) ਦੀ ਅਦਾਕਾਰੀ ਵੀ ਸਿਖਰ ‘ਤੇ ਪਹੁੰਚਦੀ ਹੈ। ਉਹ ਆਪਣੇ ਕੋਚ ਦੀਆਂ ਹਦਾਇਤਾਂ ਤੋਂ ਉਲਟ ਮਹਾਂਵੀਰ ਸਿੰਘ ਫ਼ੋਗਟ ਦੇ ਦੱਸੇ ਦਾਅ ਪੇਚਾਂ ਮੁਤਾਬਕ ਹਰ ਮੈਚ ਜਿੱਤਦੀ ਹੈ। ਗੋਲਡ ਮੈਡਲ ਜਿੱਤਣ ਤੋਂ ਬਾਅਦ ਗੀਤਾ ਆਪਣੀ ਜਿੱਤ ਦਾ ਸਿਹਰਾ ਾਪਣੇ ਪਿਤਾ ਮਹਾਂਵੀਰ ਸਿੰਘ ਫ਼ੋਗਟ ਨੂੰ ਦਿੰਦੀ ਹੈ। ਭਾਰਤ ਵਾਸੀਆਂ ਦੀ ਦੁਖਦੀ ਰਗ ‘ਤੇ ਇਹ ਫ਼ਿਲਮ ਹੱਥ ਰੱਖਦੀ ਹੈ। ਸਵਾ ਅਰਬ ਆਬਾਦੀ ਵਾਲੇ ਦੇਸ਼ ਵਿੱਚੋਂ ਕਿੰਨੇ ਕੁ ਖਿਡਾਰੀ ਗੋਲਡ ਮੈਡਲ ਲੈ ਕੇ ਆਉਂਦੇ ਹਨ। ਫ਼ਿਲਮ ਦਾ ਇੱਕ ਡਾਇਲਾਗ ਹੈ ”ਮੈਡਲਿਸਟ ਪੇੜ੍ਹ ਪਰ ਨਹੀਂ ਉਗਤੇ, ਉਨਹੇਂ ਬਨਾਨਾ ਪੜਤਾ ਹੈ, ਪਿਆਰ ਸੇ, ਮਿਹਨਤ ਸੇ, ਲਗਨ ਸੇ”। ਦੂਜੇ ਪਾਸੇ ਇੱਕ ਫ਼ਿਲਮ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਵਾਲਾ ਸੁਨੇਹਾ ਵੀ ਦਿੰਦੀ ਹੈ। ਆਮਿਰ ਖਾਂ ਨੇ ‘ਹਮਾਰੀ ਛੋਰੀਆਂ ਛੋਰੋਂ ਸੇ ਕਮ ਹੈਂ ਕੇ’ ਦੇ ਸੁਨੇਹੇ ਨੂੰ ਬਹੁਤ ਚੰਗੀ ਤਰ੍ਹਾਂ ਲੋਕਾਂ ਤੱਕ ਪਹੁੰਚਾਇਆ ਹੈ। ਇਹ ਸੁਨੇਹਾ ਹਰਿਆਣਾ ਦੇ ਸੰਦਰਭ ਵਿੱਚ ਹੋਰ ਵੀ ਮਹੱਤਵਪੂਰਨ ਹੈ ਕਿਉਂਕਿ ਇੱਥੇ ਹਮੇਸ਼ਾ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਘੱਟ ਰਹੀ ਹੈ। ਇਹੀ ਕਾਰਨ ਹੈ ਕਿ ਹਰਿਆਣਾ ਸਮੇਤ ਕਈ ਰਾਜਾਂ ਵਿੱਚ ਫ਼ਿਲਮ ਦਾ ਟੈਕਸ ਮਾਫ਼ ਕਰ ਦਿੱਤਾ ਗਿਆ ਹੈ।ਦੰਗਲ ਦੀ ਸਟਾਰ ਕਾਸਟ ‘ਚੋਂ ਅਮਰ ਮਹਾਂਵੀਰ ਸਿੰਘ ਫ਼ੋਗਟ ਦਾ ਕਿਰਦਾਰ ਨਿਭਾਉਣ ਵਾਲੇ ਆਮਿਰ ਖ਼ਾਂ ਨੂੰ ਛੱਡ ਦਿੱਤਾ ਜਾਵੇ ਤਾਂ ਸਾਕਸ਼ੀ ਤਨਵਰ ਦੇ ਇਲਾਵਾ ਕੋਈ ਵੀ ਅਜਿਹਾ ਕਲਾਕਾਰ ਨਹੀਂ ਜਿਸ ਬਾਰੇ ਦਰਸ਼ਕਾਂ ਨੂੰ ਪਹਿਲਾਂ ਕੁਝ ਪਤਾ ਹੋਵੇ। ਦੰਗਲ ਵਿੱਚ ਆਮਿਰ ਖ਼ਾਂ ਦੀ ਪਤਨੀ ਦਾ ਕਿਰਦਾਰ ਨਿਭਾਉਣ ਵਾਲੀ ਸਾਕਸ਼ੀ ਤਨਵਰ ਦਾ ਛੋਟੇ ਪਰਦੇ ‘ਤੇ ਤਾਂ ਵੱਡਾ ਨਾਮ ਹੈ ਪਰ ਬੌਲੀਵੁੱਡ ਵਿੱਚ ਇਹ ਉਸ ਦੀ ਪਹਿਲੀ ਵੱਡੀ ਬਰੇਕ ਸੀ। ‘ਦੰਗਲ’ ਦੇ ਦੂਜੇ ਕਿਰਦਾਰ ਗੀਤਾ (ਫ਼ਾਤਿਮਾ ਸਨਾ ਸ਼ੇਖ਼), ਬਬੀਤਾ (ਸਨਾ ਮਲਹੋਤਰਾ), ਇਹਨਾਂ ਦੇ ਬਚਪਨ ਦਾ ਰੋਲ ਨਿਭਾਉਣ ਵਾਲੀਆਂ ਜ਼ਾਇਰਾ ਵਸੀਮ ਅਤੇ ਸੁਹਾਨੀ ਭਟਨਾਗਰ ਨੂੰ ਦਰਸ਼ਕਾਂ ਨੇ ਪਹਿਲੀ ਵਾਰ ਦੇਖਿਆ ਹੈ। ਤਾਊ ਦੇ ਭਤੀਜੇ ਅਪਾਰਸ਼ਕਤੀ ਖ਼ੁਰਾਨਾ ਦੀ ਵੀ ਇਹ ਪਹਿਲੀ ਫ਼ਿਲਮ ਹੈ। ਇਨ੍ਹਾਂ ਨਵੇਂ ਕਲਾਕਾਰਾਂ ਤੋਂ ਇੰਨਾ ਵਧੀਆ ਕੰਮ ਲੈਣ ਲਈ ਨਿਰਦੇਸ਼ਕ ਨਿਤੀਸ਼ ਤਿਵਾਰੀ ਦੀ ਪ੍ਰਸ਼ੰਸ਼ਾ ਕਰਨੀ ਬਣਦੀ ਹੈ।
‘ਦੰਗਲ’ ਲਈ ਸਭ ਤੋਂ ਜ਼ਿਆਦਾ ਤਾਰੀਫ਼ 52 ਸਾਲਾ ਆਮਿਰ ਖਾਂ ਨੂੰ ਮਿਲ ਰਹੀ ਹੈ। ਹੋਰਨਾਂ ਤੋਂ ਇਲਾਵਾ ਪ੍ਰਸਿੱਧ ਨਿਰਦੇਸ਼ਕ ਰਾਮ ਗੋਪਾਲ ਵਰਮਾ ਨੇ ਟਵਿੱਟਰ ‘ਤੇ ਆਮਿਰ ਖਾਂ ਦੀ ਰੱਜ ਕੇ ਪ੍ਰਸੰਸਾ ਕੀਤੀ। ਵਰਮਾ ਨੇ ਟਵੀਟ ਕੀਤਾ ਕਿ ”ਅਭੀ ਅਭੀ ਦੰਗਲ ਦੇਖੀ। ਮੈਂਆਮਿਰ ਕਾ ਵਹ ਭਰੋਸਾ ਮਹਿਸੂਸ ਕਰ ਰਹਾ ਹੂੰ, ਜੋ ਉਨਹੋਂ ਨੇ ਭਾਰਤੀਸ਼ ਦਰਸ਼ਕੋਂ ਕੀ ਸਮਝਦਾਰੀ ਪਰ ਯਕੀਨ ਕਰਤੇ ਹੁਏ ਇਤਨੀ ਬੇਹਤਰੀਨ ਫ਼ਿਲਮ ਬਨਾਈ।’ ਰਾਮ ਗੋਪਾਲ ਵਰਮਾ ਨੇ ਅੱਗੇ ਜਾ ਕੇ ਲਿਖਿਆ: ‘ਆਮਿਰ ਕੇ ਪੈਰ ਛੁਨਾ ਚਾਹਤਾ ਹੂੰ, ਜੋ ਹਮੇਸ਼ਾ ਸੇ ਅਪਨੇ ਕੋ ਲੇਕਰ ਗੰਭੀਰ ਥੇ, ਲੇਕਿਨ ਅਬ ਐਸਾ ਲਗਤਾ ਹੈ ਕਿ ਗੁਜਰਤੇ ਸਮੇਂ ਕੇ ਸਾਥ ਸਮਰਪਣ ਔਰ ਉਨਕੀ ਸੰਜੀਦਗੀ ਔਰ ਜ਼ਿਆਦਾ ਬੜਤੀ ਜਾ ਰਹੀ ਹੈ।’ ਬਾਕੀ ਖਾਨ ਸਿਤਾਰੋਂ ਨੇ ਦਰਸ਼ਕੋਂ ਕੋ ਪਹਿਲੇ ਸੇ ਹੀ ਬੇਵਕੂਫ਼ ਸਮਝ ਲਿਆ ਹੈ ਲੇਕਿਨ ਆਮਿਰ ਨੇ ਦਰਸ਼ਕੋਂ ਕੀ ਕਦਰ ਕੀ ਹੈ।” ਰਾਮ ਗੋਪਾਲ ਵਰਮਾ ਵਾਂਗ ਅਨੇਕਾਂ ਵੱਡੀਆਂ ਹਸਤੀਆਂ ਨੇ ਦੰਗਲ ਦੇ ਹਵਾਲੇ ਨਾਲ ਆਮਿਰ ਖਾਨ ਨੂੰ ਵੱਡਾ ਕਲਾਕਾਰ ਮੰਨਿਆ ਹੈ। ਖੈਰ, ਦੰਗਲ ਬਾਰੇ ਚਰਚਾ ਨੂੰ ਸਮੇਟਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ‘ਦੰਗਲ’ ਇੱਕ ਸਾਫ਼ ਸੁਥਰੀ ਅਤੇ ਸਾਰਥਕ ਸੁਨੇਹਾ ਦੇਣ ਵਾਲੀ ਫ਼ਿਲਮ ਹੈ।















