ਜਿਉਂ ਹੀ ਚੰਨਣ ਬੁੜ੍ਹਾ ਸੱਥ ‘ਚ ਆਇਆ ਤਾਂ ਬਾਬੇ ਪਿਸ਼ੌਰਾ ਸਿਉਂ ਨੇ ਚੰਨਣ ਕੋਲ ਸਾਫ਼ੇ ਦੇ ਲੜ ਕੁਝ ਬੰਨ੍ਹਿਆ ਵੇਖ ਕੇ ਚੰਨਣ ਸਿਉਂ ਨੂੰ ਪੁੱਛਿਆ, ”ਓਏ ਆ ਬਈ ਚੰਨਣ ਸਿਆ, ਆਹ ਕੀ ਬੰਨ੍ਹੀ ਫ਼ਿਰਦੈਂ ਸਾਫ਼ੇ ‘ਚ? ਜੁਆਕਾਂ ਲਈ ਖਡੌਣੇ ਖਡੂਣੇ ਲਿਆਇਆ ਲੱਗਦੈਂ। ਕਿਸੇ ਮੇਲੇ ਮੂਲੇ ਤੋਂ ਆਇਐਂ?”
ਬਾਬਾ ਤਿੰਨ ਚਾਰ ਸਵਾਲ ‘ਕੱਠੇ ਹੀ ਪੁੱਛ ਗਿਆ ਚੰਨਣ ਸਿਉਂ ਤੋਂ।
ਬਾਬੇ ਦੇ ਕੋਲ ਬੈਠਾ ਨਾਥਾ ਅਮਲੀ ਟਿੱਚਰ ‘ਚ ਬੋਲਿਆ, ”ਕੁੱਕੜਾਂ ਦੇ ਆਂਡੇ ਲੱਗਦੇ ਐ ਬਾਬਾ। ਬਾਕੀ ਫ਼ਿਰ ਤਾਏ ਚੰਨਣ ਸਿਉਂ ਨੇ ਆਪ ਈ ਦੱਸ ਦੇਣਾ ਜਦੋਂ ਤੂੰ ਪੁੱਛ ਈ ਲਿਆ।”
ਆਂਡਿਆਂ ਵਾਲੀ ਗੱਲ ਅਮਲੀ ਨੇ ਇਸ ਕਰ ਕੇ ਟਿੱਚਰ ‘ਚ ਕੀਤੀ ਸੀ ਕਿਉਂਕਿ ਚੰਨਣ ਬੁੜ੍ਹੇ ਕਾ ਟੱਬਰ ਪਿੰਡ ‘ਚ ਸੋਫ਼ੀਆਂ ਦਾ ਲਾਣਾ ਵਜਦਾ ਸੀ।
ਕੁੱਕੜਾਂ ਦੇ ਆਂਡਿਆਂ ਬਾਰੇ ਸੁਣ ਕੇ ਸੂਬੇਦਾਰ ਰਤਨ ਸਿਉਂ ਅਮਲੀ ਨੂੰ ਕਹਿੰਦਾ, ”ਅਮਲੀਆ ਕੁੱਕੜ ਵੀ ਆਂਡੇ ਦੇ ਦਿੰਦੇ ਹੁੰਦੇ ਐ ਓਏ। ਕੁਕੜੀਆਂ ਬਾਰੇ ਤਾਂ ਸੁਣਦੇ ਆਂ ਪਰ ਕੁੱਕੜਾਂ ਦੀ ਤਾਂ ਤੂੰ ਨਮੀਂਉਂ ਈ ਗੱਲ ਸਣਾ ‘ਤੀ। ਜੇ ਕੁੱਕੜ ਆਂਡੇ ਧਰਦੇ ਐ ਤਾਂ ਕੁਕੜੀਆਂ ਕਿਸੇ ਨੇ ਕੀ ਸਿਰ ‘ਚ ਮਾਰਨੀਐਂ। ਅਗਲਾ ਕੁੱਕੜ ਈ ਰੱਖੂ। ਨਾਲੇ ਆਂਡੇ ਵੀ ਵੱਡੇ ਹੁੰਦੇ ਹੋਣਗੇ। ਇਹ ਕੋਈ ਹੁਣ ਆਈ ਹੋਣੀ ਐ ਆਂਡੇ ਧਰਨੀ ਨਮੀਂ ਨਸਲ ਕੁੱਕੜਾਂ ਦੀ। ਅੱਗੇ ਤਾਂ ਕਦੇ ਸੁਣੀ ਨ੍ਹੀ।”
ਬੁੱਘਰ ਦਖਾਣ ਨੇ ਸੂਬੇਦਾਰ ਨੂੰ ਟਿੱਚਰ ‘ਚ ਪੁੱਛਿਆ, ”ਫ਼ੌਜ ‘ਚ ਵੀ ਤਾਂ ਫ਼ੌਜੀਆ ਕੁੱਕੜ ਕੁਕੜੀਆਂ ਹੁੰਦੇ ਈ ਹੋਣਗੇ ਕੁ ਨਹੀਂ। ਓੱਥੇ ਨ੍ਹੀ ਵੇਖੇ ਕੁੱਕੜਾਂ ਦੇ ਆਂਡੇ?”
ਚੰਨਣ ਬੁੜ੍ਹਾ ਸੂਬੇਦਾਰ ਦੀ ਗੱਲ ਸੁਣ ਕੇ ਸੂਬੇਦਾਰ ਨੂੰ ਕਹਿੰਦਾ, ”ਵੱਸ ਚੁੱਪ ਕਰ ਰਤਨ ਸਿਆਂ ਤੂੰ। ਇਨ੍ਹਾਂ ਦੀਆਂ ਤਾਂ ਤੂੰ ਹਜੇ ਐਧਰਲੀਆਂ ਈ ਸੁਣੀਐਂ। ਜੇ ਕਿਤੇ ਓਧਰਲੀਆਂ ਸੁਣ ਲੀਆਂ ਨਾਹ, ਤੂੰ ਤਾਂ ਸੱਥ ‘ਚ ਬੈਠਾ ਇਉਂ ਝਾਕੇਂਗਾ ਜਿਮੇਂ ਇੱਟਾਂ ਲੱਦੀ ਖੜ੍ਹੇ ਗਧੇ ਨੂੰ ਵੇਖ ਕੇ ਘਝੋਰ ‘ਚ ਲੁਕਿਆ ਬੈਠਾ ਕਤੂਰਾ ਝਾਕਦਾ ਹੁੰਦਾ।”
ਸੀਤਾ ਮਰਾਸੀ ਬੁੜ੍ਹੇ ਚੰਨਣ ਸਿਉਂ ਨੂੰ ਕਹਿੰਦਾ, ”ਦੱਸਦੇ ਖਾਂ ਤਾਊ ਕੀ ਬੰਨ੍ਹਿਐਂ ਸਾਫ਼ੇ ਦੇ ਲੜ। ਜਿੰਨਾਂ ਮਰਜੀ ਲਕੋ ਲਾ ਤੂੰ। ਇਹ ਪੁੱਛ ਕੇ ਹਟਣਗੇ ਤੈਥੋਂ। ਇਨ੍ਹਾਂ ਨੇ ਤਾਂ ਜੰਗੀਰੇ ਮੋਰ ਕੇ ਤਾਂਬੇ ਨੂੰ ਮੂਹਰੇ ਲਾ ਲਿਆ ਸੀ ਮੱਝ ਆਲਾ ਗੱਪ ਸੁਣ ਕੇ। ਨਾਲੇ ਸਾਰੇ ਪਿੰਡ ‘ਚੋਂ ਚੰਟ ਬੰਦਾ ਓਹੋ। ਤੂੰ ਕਿਹੜੀਆਂ ਰੌੜਾਂ ਦਾ ਗੋਂਗਲੂ ਐਂ।”
ਬਾਬਾ ਪਿਸ਼ੌਰਾ ਸਿਉਂ ਮਰਾਸੀ ਦੀ ਗੱਲ ਸੁਣ ਕੇ ਹੱਸ ਕੇ ਮਰਾਸੀ ਨੂੰ ਕਹਿੰਦਾ, ”ਕਿਉਂ ਸੀਤਾ ਸਿਆਂ! ਆਂਏਂ ਤਾਂ ਕਹਿੰਦੇ ਸੁਣੇ ਐ ਬਈ ‘ਤੂੰ ਕਿਹੜੇ ਬਾਗ਼ ਦੀ ਮੂਲੀ ਐਂ’। ਆਹ ਤਾਂ ਤੈਥੋਂ ਸੁਣਿਆ ਬਈ ‘ਤੂੰ ਕਿਹੜੀਆਂ ਰੌੜਾਂ ਦਾ ਗੋਂਗਲੂ ਐਂ’। ਪਤੰਦਰੋ ਨਮਾਂ ਈ ਚੁਟਕਲਾ ਛੱਡ ਦਿੰਨੇਂ ਐਂ। ਚੱਲ ਹੁਣ ਤੂੰ ਜੰਗੀਰੇ ਮੋਰ ਕੇ ਤਾਂਬੇ ਦੀ ਗੱਲ ਸਣਾ ਕੀ ਦੱਸਣ ਲੱਗਿਆ ਸੀ ਤੂੰ ਉਹਦੇ ਬਾਰੇ। ਮੱਝ ਦਾ ਕੀ ਰੇੜਕਾ ਸੀ?”
ਸੀਤਾ ਮਰਾਸੀ ਕਹਿੰਦਾ, ”ਰੇੜਕਾ ਰੂੜਕਾ ਤਾਂ ਬਾਬਾ ਕੀ ਹੋਣੈ। ਮੈਂ ਤਾਂ ਤਾਂਬੇ ਕੀ ਮੱਝ ਆਲੀ ਕਹਾਣੀ ਸਣਾਉਣ ਲੱਗਿਆ ਸੀ ਬਈ ਤਾਂਬਾ ਕਿਤੇ ਖਿਲਚੇ ਬਾਣੀਅੇ ਤੋਂ ਮੱਝ ਖ਼ਰੀਦ ਲਿਆਇਆ। ਮੱਝ ਦਾ ਵੇਖ ਲਾ ਸਾਰੇ ਪਿੰਡ ਨੂੰ ਈ ਪਤਾ ਸੀ ਬਈ ਕਿੰਨੇ ਮੁੱਲ ਦੀ ਐ। ਪਹਿਲਾਂ ਤਾਂ ਤਾਂਬੇ ਨੇ ਖਿਲਚੇ ਕੇ ਘਰੇ ਈ ਮੱਝ ਦੇ ਨੈਣ ਨਕਸ਼ੇ ਬਦਲ ‘ਤੇ। ਫ਼ੇਰ ਆਵਦੇ ਘਰੇ ਲਿਆ ਕੇ ਕਾਲੀ ਤੋਂ ਬੂਰੀ ਬਣਾ ‘ਤੀ। ਕੀੜੂ ਵਪਾਰੀ ਅਰਗਿਆਂ ਨੇ ਜਦੋਂ ਤਾਂਬੇ ਦੇ ਘਰੇ ਕਿਤੇ ਮੱਝ ਖੜ੍ਹੀ ਵੇਖ ਲੀ ਤਾਂ ਉਨ੍ਹਾਂ ਨੇ ਪੁੱਛਿਆ ਇਹ ਕਿੱਥੋਂ ਲਿਆਇਐਂ ਓਏ। ਅਕੇ ਤਾਂਬਾ ਕਹਿੰਦਾ ‘ਡੱਬਆਲੀ ਮੰਡੀ ਤੋਂ’। ਕੀੜੂ ਅਰਗੇ ਵੀ ਵੇਖ ਲਾ ਸਿਰੇ ਦੇ ਵਪਾਰੀ ਐ। ਉਨ੍ਹਾਂ ਨੇ ਮੱਝ ਪਛਾਣ ਲੀ ਬਈ ਇਹ ਤਾਂ ਖਿਲਚੇ ਬਾਣੀਏ ਆਲੀ ਐ ਤਲੈਂਬੜ। ਉਹ ਤਾਂਬੇ ਨੂੰ ਕਹਿੰਦੇ ਇਹ ਤਾਂਖਿਲਚੇ ਬਾਣੀਏ ਆਲੀ ਐ ਓਏ। ਤਾਂਬਾ ਮੰਨਿਆ ਨਾ। ਉਹਨੇ ਤਾਂ ਪੈਰਾਂ ‘ਤੇ ਪਾਣੀ ਨਾ ਪੈਣ ਦਿੱਤਾ। ਇੱਕ ਦਿਨ ਕਿਤੇ ਕੀੜੂ ਸੱਥ ‘ਚ ਆ ਗਿਆ। ਜਦੋਂ ਉਹਨੇ ਮੱਝ ਬਾਰੇ ਗੱਲ ਕੀਤੀ ਤਾਂ ਅਗਲੇ ਦਿਨ ਇਨ੍ਹਾਂ ਸੱਥ ਆਲਿਆਂ ਨੇ ਤਾਂਬੇ ਨੂੰ ਮਨਾ ਲਿਆ ਫ਼ਿਰ, ਬਈ ਮੱਝ ਤਾਂ ਖਿਲਚੇ ਬਾਣੀਏ ਆਲੀਉ ਈ ਐ। ਤਾਹੀਉਂ ਕਿਹਾ ਤਾਊ ਚੰਨਣ ਸਿਆਂ ਤੈਨੂੰ ਮੈਂ, ਬਈ ਇਨ੍ਹਾਂ ਨੇ ਤਾਂ ਤਾਂਬੇ ਨੂੰ ਲੋਹਾ ਬਣਾ ‘ਤਾ ਸੀ। ਹੁਣ ਪੁੱਛ ਤੈਥੋਂ ਵੀ ਲੈਣਗੇ ਬਈ ਸਾਫ਼ੇ ਦੇ ਲੜ ਕੀ ਬੰਨ੍ਹਿਆਂ ਵਿਆ।”
ਮਾਹਲਾ ਨੰਬਰਦਾਰ ਕਹਿੰਦਾ, ”ਚੱਲੋ ਇਹ ਗੱਲ ਛੱਡੋ ਯਾਰ। ਹੁਣ ਤੂੰ ਸੀਤਾ ਸਿਆਂ ਇਉਂ ਦੱਸ ਬਈ ਤਾਂਬੇ ਨੇ ਖਿਲਚੇ ਬਾਣੀਏਂ ਕੇ ਘਰੇ ਮੱਝ ਦੇ ਨੈਣ ਨਕਸ਼ ਕੀ ਬਦਲੇ। ਇਹ ਕਹਾਣੀ ਸਣਾ।”
ਨਾਥਾ ਅਮਲੀ ਕਹਿੰਦਾ, ”ਮੈਂ ਦੱਸਦਾਂ ਨੰਬਰਦਾਰਾ ਸੋਨੂੰ। ਇਹਨੇ ਤਾਂਬੇ ਨੇ ਜਦੋਂ ਮੱਝ ਖ਼ਰੀਦ ਲੀ ਤਾਂ ਗੇਬੂ ਰਹਿਤੀਏ ਨੂੰ ਸੱਦ ਕੇ ਪੂੰਛ ਵੀ ਚੰਗੀ ਤਰਾਂ ਮੁੰਨ ‘ਤੀ ਤੇ ਮੱਝ ਵੀ ਸਾਰੀ ਮੁੰਨ ਕੇ ਇਉਂ ਬਣਾ ‘ਤੀ ਜਿਮੇਂ ਦੂਜੇ ਸੂਏ ਝੋਟੀ ਹੁੰਦੀ ਐ। ਫ਼ੇਰ ਇਹਨੇ ਬਾਣੀਆਂ ਦੇ ਘਰੇ ਈ ਮੱਝ ਨੁਹਾ ਧੁਹਾ ਕੇ ਮੱਝ ਦੀਆਂ ਅੱਖਾਂ ਸੁਰਮੇ ਨਾਲ ਲਿੱਪ ‘ਤੀਆਂ। ਮੱਝ ਤਾਂ ਇਉਂ ਸ਼ੰਗਾਰ ‘ਤੀ ਜਿਮੇਂ ਖੇਤ ‘ਚ ਡਰਨਾ ਸ਼ੰਗਾਰਿਆ ਹੁੰਦਾ। ਫ਼ੇਰ ਰਾਤ ਨੂੰ ਨੇਰ੍ਹੇ ਹੋਏ ਮੱਝ ਘਰੇ ਲਿਆਇਆ। ਘਰੇ ਲਿਆ ਕੇ ਪਤੰਦਰ ਨੇ ਸਾਰੀ ਮੱਝ ਨੂੰ ਖਾਖੀ ਰੰਗ ਦਾ ਬਸਮਾ ਲਾ ਕੇ ਮੱਝ ਤਾਂ ਬੂਰੀ ਮੱਝ ਬਣਾ ‘ਤੀ। ਸੱਥ ਆਲਿਆਂ ਨੇ ਪੁੱਛਿਆ ਬਈ ਮੱਝ ਤਾਂ ਓਹੀ ਐ ਪਰ ਤੂੰ ਬਸਮਾ ਲਾ ਕੇ ਬੂਰੀ ਬਣਾ ‘ਤੀ। ਪਹਿਲਾਂ ਤਾਂ ਮੰਨਿਆਂ ਨਾ, ਫ਼ੇਰ ਬਾਈ ਅਗਲਿਆਂ ਨੇ ਵਕੀਲਾਂ ਆਂਗੂੰ ਪਾ ਪਾ ਘੁੰਡੀਆਂ ਸਾਰੀ ਪੈੜ ਕੱਢ ਲੀ। ਇਨ੍ਹਾਂ ਸੱਥ ਆਲਿਆਂ ਨੇ ਤਾਂ ਇਉਂ ਤਾਂਬੇ ਤੋਂ ਲੋਹਾ ਬਣਾ ‘ਤਾ ਸੀ ਤਾਂਬੇ ਦਾ ਤੇਰੇ ਬੁੜ੍ਹੇ ਬੰਦੇ ਦੇ ਪੈਰ ਕਿੱਥੋਂ ਲੱਗਣ ਦੇਣਗੇ। ਪੁੱਛ ਤੈਥੋਂ ਵੀ ਲੈਣਗੇ ਬਈ ਸਾਫੇ ਦੇ ਲੜ ਆਂਡੇ ਐ ਕੁ ਆਲੂ ਬੰਨ੍ਹੀ ਫ਼ਿਰਦੈਂ। ਹੈ ਤਾਂ ਕੁਸ ਗੋਲ ਗੋਲ ਈ। ਜੇ ਚੰਗਾ ਰਹਿਣੈ ਤਾਂ ਹੁਣੇ ਈਂ ਦੱਸਦੇ ਨਹੀਂ ਫ਼ਿਰ ਖੋਹ ਕੇ ਵੇਖ ਲੈਣਗੇ’।”
ਸੀਤਾ ਮਰਾਸੀ ਕਹਿੰਦਾ, ”ਜੇ ਆਲੂ ਹੋਏ ਤਾਂ ਵੀ ਸੱਥ ਆਲਿਆਂ ਨੇ ਆਂਡੇ ਈ ਬਣਾ ਦੇਣੇ ਐ। ਇਹ ਤਾਂ ਪਤੰਦਰ ਚੱਕੀ ਤਾਂ ਅਗਲਾ ਡਾਂਗ ਫ਼ਿਰਦਾ ਹੋਊ, ਆਹ ਕਰਤਾਰੇ ਕਾ ਰਫ਼ਲ ਈ ਦੱਸੂ। ਲੈ ਦੱਸ, ਕਿੱਥੇ ਰਫ਼ਲ ਕਿੱਥੇ ਡਾਂਗ।”
ਖ੍ਹੋਣ ਵਾਲੀ ਗੱਲ ਸੁਣ ਕੇ ਬੁੜ੍ਹਾ ਚੰਨਣ ਸਿਉਂ ਸੱਥ ‘ਚੋਂ ਉੱਠ ਕੇ ਘਰ ਨੂੰ ਤੁਰ ਗਿਆ ਬਈ ਕਿਤੇ ਸੱਚੀਉਂ ਈ ਨਾ ਖੋਹ ਲੈਣ। ਜਦੋਂ ਚੰਨਣ ਸਿਉਂ ਸੱਥ ‘ਚੋਂ ਉੱਠ ਕੇ ਤੁਰਿਆ ਤਾਂ ਮੂਹਰੋਂ ਸੱਥ ਵੱਲ ਤੁਰੇ ਆਉਂਦੇ ਗੱਜਣ ਕੇ ਰੇਸ਼ਮ ਨੂੰ ਸੀਤਾ ਮਰਾਸੀ ਆਵਾਜ਼ ਮਾਰ ਕੇ ਕਹਿੰਦਾ, ”ਓਏ ਆਹ ਮੋੜ ਕੇ ਲਿਆਈਂ ਤਾਊ ਨੂੰ, ਫ਼ੜੀਂ-ਫ਼ੜੀਂ ਇਹਨੂੰ।”
ਨਾਥਾ ਅਮਲੀ ਸੀਤੇ ਮਰਾਸੀ ਦੇ ਮੂੰਹ ‘ਤੇ ਹੱਥ ਧਰ ਕੇ ਮਰਾਸੀ ਨੂੰ ਚੁੱਪ ਕਰਾਉਂਦਾ ਕਹਿੰਦਾ, ”ਚੁੱਪ ਓਏ ਮੀਰ। ਇਹ ਰੇਸ਼ਮ ਕਿੱਥੋਂ ਫ਼ੜ ਕੇ ਮੋੜ ਲੂ ਤਾਊ ਨੂੰ। ਹੱਡ ਤਾਂ ਇਹਦੇ ਪੁਲਸ ਨੇ ਕੁੱਟ ਕੁੱਟ ਕੇ ਪੋਲੇ ਭੂਕ ਕੀਤੇ ਪਏ ਐ। ਹੋਰ ਨਾ ਕਿਤੇ ਤਾਏ ਚੰਨਣ ਸਿਉਂ ਦੇ ਈ ਗਲ਼ ਪੈ ਜੇ।”
ਜਦੋਂ ਰੇਸ਼ਮ ਸੱਥ ਕੋਲ ਦੀ ਹੌਲੀ ਹੌਲੀ ਗਾਹਾਂ ਪਿੰਡ ਵਿੱਚ ਨੂੰ ਲੰਘ ਗਿਆ ਤਾਂ ਬਾਬਾ ਪਿਸ਼ੌਰਾ ਸਿਉਂ ਕਹਿੰਦਾ, ”ਕਿਉਂ ਇਹਨੂੰ ਕੀ ਹੋਇਆ ਰੇਸ਼ਮ ਨੂੰ। ਇਹ ਆਂਏਂ ਜੇ ਕਿਉਂ ਤੁਰਦਾ ਜਿਮੇਂ ਜੂੜ ਪਾਏ ਤੋਂ ਬੱਕਰੀ ਨਰਮੇਂ ਦੀਆਂ ਛਿਟੀਆਂ ਦੇ ਕੁਨੂੰ ‘ਤੇ ਤੁਰਦੀ ਹੁੰਦੀ ਐ। ਐਡਾ ਦਰਸ਼ਨੀ ਜੁਆਨ ਐਂ ਯਾਰ। ਮੈਨੂੰ ਲੱਗਦੈ ਕੋਈ ਮਰਜ ਚਿੰਬੜਗੀ ਲੱਗਦੀ ਐ ਇਹਨੂੰ।?”
ਨਾਥਾ ਅਮਲੀ ਬਾਬੇ ਦੀ ਗੱਲ ਸੁਣ ਕੇ ਬਾਬੇ ਨੂੰ ਕਹਿੰਦਾ, ”ਵਧ ਕੇ ਜੱਟ ਪੋਰ ਈ ਗਿਆ ਬਾਬਾ ਇਹ ਤਾਂ। ਤੁਰਦਾ ਤਾਂ ਵੇਖ ਜਿਮੇਂ ਕੁੱਕੜ ਦੇ ਪੈਰਾਂ ‘ਚ ਸਣ ਫ਼ਸੀ ਹੁੰਦੀ ਐ। ਹੁਣ ਹੈਨ੍ਹੀ ਇਹਦੇ ਵਿੱਚ ਕੁਸ। ਹੁਣ ਉਹ ਰੇਸ਼ਮ ਨ੍ਹੀ ਰਹਿ ਗਿਆ ਇਹੇ ਜਿਹੜਾ ਪੰਜ ਚਾਰ ਸਾਲ ਪਹਿਲਾਂ ਹੁੰਦਾ ਸੀ। ਹਾਹਾਹਾਹਾ ਰੇਸ਼ਮ ਤਾਂ ਕੀ ਹੁਣ ਤਾਂ ਖੱਦਰ ਮਨ੍ਹੀ ਰਿਹਾ। ਪੁਲਸ ਨੇ ਕੁੱਟ ਕੁੱਟ ਕੇ ਰੋਟੀਆਂ ਲਵ੍ਹੇਟਣ ਆਲਾ ਖੱਦਰ ਦਾ ਪੋਣਾ ਬਣਾਕੇ ਰੱਖ ‘ਤਾ।”
ਬਾਬਾ ਪਿਸ਼ੌਰਾ ਸਿਉਂ ਨਾਲ ਬੈਠੇ ਆਪਣੇ ਹਾਣੀ ਕਰਤਾਰ ਸਿਉਂ ਦੇ ਕੰਮ ‘ਚ ਕਹਿੰਦਾ, ”ਕੀ ਗੱਲਾਂ ਕਰਦੇ ਐ ਕਰਤਾਰ ਸਿਆਂ ਇਹੇ। ਨਾਲੇ ਇਨ੍ਹਾਂ ਦੇ ਵੀ ਕੀ ਵੱਸ ਦੀ ਗੱਲ ਐ। ਆਪਣੇ ਤਾਂ ਪਿੰਡ ਦੇ ਲੋਕਾਂ ਦੇ ਈ ਨਾਂਅ ਇਹੋ ਜਿਹੇ ਐ। ਬਾਕੀ ਰਹਿੰਦੀ ਕਸਰ ਇਹ ਸੱਥ ਕੱਢ ਦਿੰਦੇ ਐ। ਅਕੇ ਰੇਸ਼ਮ ਨ੍ਹੀ ਹੁਣ ਤਾਂ ਖੱਦਰ ਐ। ਆਹ ਜੰਗੀਰੇ ਮੋਰ ਦੇ ਮੁੰਡੇ ਤਾਂਬੇ ਨੂੰ ਕਹਿੰਦੇ ‘ਤਾਂਬੇ ਤੋਂ ਲੋਹਾ ਬਣ ‘ਤਾ’।”
ਕਰਤਾਰ ਸਿਉਂ ਕਹਿੰਦਾ, ”ਇਹ ਤਾਂ ਪਸ਼ੌਰਾ ਸਿਆਂ ਹਜੇ ਦੋ ਈ ਨਾਂਅ ਲਏ ਐ ਇਨ੍ਹਾਂ ਨੇ। ਜੇ ਕਿਤੇ ਪਿੰਡ ਦੇ ਇੱਕ ਦੇ ਵਾਢਿਉਂ ਨਾਂਅ ਲੈਣ ਲੱਗ ਗੇ ਤਾਂ ਸਾਰੇ ਪਿੰਡ ਨੂੰ ਕੀੜਿਆਂ ਆਲੇ ਜੰਡ ‘ਤੇ ਚੜ੍ਹਾ ਦੇਣਗੇ। ਆਹ ਸੰਤੇ ਬਿੰਬਰ ਦੇ ਮੁੰਡੇ ਦਾ ਗੁੱਲੀ ਨਾਂਅ ਧਰੀ ਬੈਠੇ ਐ ਇਹੇ। ਜਿਹੜਾ ਹਰੀ ਪਾਠੀ ਦਾ ਮੁੰਡਾ, ਉਹਦਾ ਨਾਂਅ ਪਤਾ ਕੀਅ੍ਹੈ? ਬਿਜੜਾ।”
ਬਾਬੇ ਨੇ ਪੁੱਛਿਆ, ”ਬਿਜੜਾ ਕਿਉਂ ਕਹਿੰਦੇ ਐ ਉਹਨੂੰ?”
ਕਰਤਾਰ ਸਿਉਂ ਕਹਿੰਦਾ, ”ਨਿੱਕਾ ਜਾ ਤਾਂ ਹੈ ਪਤਲੂ ਜਾ। ਬਿਜੜਾ ਈ ਕਹਿਣੈ ਉਹਨੂੰ ਹਾਥੀ ਥੋੜ੍ਹੋ ਕਹਿਣਗੇ।”
ਕਰਤਾਰ ਸਿਉਂ ਦੀ ਗੱਲ ਸੁਣ ਕੇ ਨਾਥਾ ਅਮਲੀ ਕਰਤਾਰ ਸਿਉਂ ਨੂੰ ਕਹਿੰਦਾ, ”ਜਿੱਦੇਂ ਮਖਤਿਆਰੀ ਕਾ ਤੋਤਾ ਪੁਲਸ ਨੇ ਕੁੱਟਿਆ, ਪਾਲੇ ਕਾ ਜੱਗਾ ਸੱਥ ‘ਚ ਆ ਕੇ ਕਹਿੰਦਾ ‘ਬਈ ਅੱਜ ਤਾਂ ਪੁਲਸ ਆਲਿਆਂ ਨੇ ਮਖਤਿਆਰੀ ਕੇ ਤੋਤੇ ਨੂੰ ਐਨਾ ਕੁੱਟਿਆ, ਐਨਾ ਕੁੱਟਿਆ, ਐਨਾ ਕੁੱਟਿਆ।
ਸੀਤਾ ਮਰਾਸੀ ਕਹਿੰਦਾ, ”ਓਏ ਗਾਹਾਂ ਵੀ ਦੱਸ। ਤੇਰੀ ਤਾਂ ਸੂਈ ਅੜਗੀ ਲੱਗਦੀ ਐ। ਕੁ ਕੁੱਟੀ ਗਏ ਤੜਕੇ ਤੱਕ।”
ਅਮਲੀ ਕਹਿੰਦਾ, ”ਕੁੱਟ ਕੁੱਟ ਕੇ ਮੋਰ ਬਣਾ ‘ਤਾ ਤੋਤੇ ਤੋਂ।”
ਗੱਲਾਂ ਕਰੀ ਜਾਂਦਿਆਂ ਤੋਂ ਏਨੇ ਚਿਰ ਨੂੰ ਜਿਉਂ ਹੀ ਪੁਲਿਸ ਦੀ ਜੀਪ ਸੱਥ ਕੋਲ ਦੀ ਲੰਘੀ ਤਾਂ ਨਾਥਾ ਅਮਲੀ ਪੁਲਿਸ ਦੀ ਜੀਪ ਨੂੰ ਵੇਖ ਕੇ ਕਹਿੰਦਾ, ”ਆਹ ਜਾਂਦੇ ਐ ਮੋਰ ਬਣਾਉਣੇ।”
ਪੁਲਿਸ ਦੀ ਜੀਪ ਵੇਖ ਕੇ ਜਦੋਂ ਮਾਹਲਾ ਨੰਬਰਦਾਰ ਸੱਥ ‘ਚੋਂ ਉੱਠ ਕੇ ਤੁਰਨ ਲੱਗਿਆ ਤਾਂ ਬਾਬਾ ਕਹਿੰਦਾ, ਬਹਿ ਜਾ ਨੰਬਰਦਾਰਾ ਕੁ ਪੁਲਸ ਤੋਂ ਡਰ ਗਿਐ?
ਨੰਬਰਦਾਰ ਕਹਿੰਦਾ, ”ਨਹੀਂ ਪਸ਼ੌਰਾ ਸਿਆਂ, ਇਹ ਤਾਂ ਗਿੰਦਰ ਫ਼ੌਜੀ ਕੇ ਆਏ ਹੋਣਗੇ। ਉਹ ਕੱਲ੍ਹ ਜੰਗੇ ਪਾਹੜੇ ਕਿਆਂ ਨਾਲ ਲੜ ਪਿਆ ਸੀ। ਮੈਂ ਦੋਹਾਂ ਧਿਰਾਂ ਦੇ ਵਿੱਚ ਪੈ ਕੇ ਰਾਜੀਨਾਮਾਂ ਕਰਾ ‘ਤਾ। ਇਹ ਹੁਣ ਪੁਲਸ ਆਲੇ ਫ਼ੌਜੀ ਨੂੰ ਫ਼ੜਨ ਆਏ ਹੋਣਗੇ। ਮੈਂ ਜਾ ਕੇ ਦੱਸਦਾਂ ਇਨ੍ਹਾਂ ਨੂੰ ਵੀ ਇਨ੍ਹਾਂ ਦਾ ਤਾਂ ਰਾਜੀਨਾਮਾਂ ਹੋ ਗਿਆ। ਐਮੇਂ ਤੰਗ ਕਰਨਗੇ।”
ਜਿਉਂ ਹੀ ਨੰਬਰਦਾਰ ਸੱਥ ‘ਚੋਂ ਉੱਠ ਕੇ ਤੁਰਿਆ ਤਾਂ ਬਾਬਾ ਪਿਸ਼ੌਰਾ ਕਹਿੰਦਾ, ”ਚੱਲੋ ਯਾਰ ਆਪਾਂ ਵੀ ਚੱਲੀਏ ਘਰ ਨੂੰ। ਬਾਬੇ ਦੇ ਤੇ ਨੰਬਰਦਾਰ ਦੇ ਉੱਠਣ ਪਿੱਛੋਂ ਬਾਕੀ ਦੇ ਸੱਥ ਵਾਲੇ ਵੀ ਆਪੋ ਆਪਣੇ ਘਰਾਂ ਨੂੰ ਚੱਲ ਪਏ।















