ਸਿਆਲਾਂ ਦੀਆਂ ਸਿਹਤ ਸਮੱਸਿਆਵਾਂ

thudi-sahat-300x150ਗਰਮੀ ਤੋਂ ਬਾਅਦ ਬਰਸਾਤਾਂ ਦੇ ਮੌਸਮ ਵਿੱਚ ਮੁੜ੍ਹਕੇ ਦੀ ਬੋਅ ਤੋਂ ਅੱਕਿਆ ਹੋਇਆ ਹਰੇਕ ਵਿਅਕਤੀ ਸਿਆਲ ਦੇ ਆਉਣ ਦੀ ਉਡੀਕ ਕਰਦਾ ਹੈ। ਪਹਿਲੇ ਸਮਿਆਂ ਵਿੱਚ ਪੈਸੇ ਤੇ ਕੱਪੜਿਆਂ ਦੀ ਘਾਟ ਕਾਰਨ ਲੋਕ ਗਰਮੀਆਂ ਨੂੰ ਚੰਗਾ ਕਹਿੰਦੇ ਸਨ ਕਿਉਂਕਿ ਸਿਆਲ ਵਿੱਚ ਮਹਿੰਗੇ ਗਰਮ ਕੱਪੜੇ ਲੈਣ ਦੀ ਸਮਰੱਥਾ ਨਹੀਂ ਸੀ ਹੁੰਦੀ, ਪਰ ਹੁਣ ਤਾਂ ਹਰੇਕ ਵਿਅਕਤੀ ਸਰਦੀ ਨੂੰ ਮਾਣਦਾ ਹੈ। ਠੰਢ ਦਾ ਮੌਸਮ ਕਈ ਲੋਕਾਂ ਵਿੱਚ, ਖ਼ਾਸ ਕਰਕੇ ਔਰਤਾਂ ਵਿੱਚ ਸਿਹਤ ਸਬੰਧੀ ਉਲਝਣਾਂ ਖੜ੍ਹੀਆਂ ਕਰਦਾ ਹੈ। ਇਸ ਮੌਸਮ ਵਿੱਚ ਜੇ ਤੁਸੀਂ ਆਪਣੀ ਸਿਹਤ ਪ੍ਰਤੀ ਥੋੜ੍ਹਾ ਵੀ ਅਵੇਸਲਾਪਣ ਦਿਖਾਇਆ ਤਾਂ ਠੰਢਾ ਮੌਸਮ ਤੁਹਾਡੇ ‘ਤੇ ਹਮਲਾ ਕਰਨ ਵਿੱਚ ਦੇਰੀ ਨਹੀਂ ਕਰਦਾ। ਜ਼ੁਕਾਮ ਤੇ ਫ਼ਲੂ ਤੋਂ ਇਲਾਵਾ ਔਰਤਾਂ ਨੂੰ ਕਈ ਹੋਰ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ, ਜੋ ਉਨ੍ਹਾਂ ਨੇ ਕਦੇ ਸੋਚੀਆਂ ਵੀ ਨਹੀਂ ਹੋਣੀਆਂ।
ਦਿਲ ਦਾ ਦੌਰਾ: 40-45 ਸਾਲ ਦੀ ਉਮਰ (ਮੈਨੋਪਾਜ਼) ਤੋਂ ਪਹਿਲਾਂ ਔਰਤਾਂ ਨੂੰ ਦਿਲ ਦੇ ਦੌਰੇ ਮਰਦਾਂ ਦੇ ਮੁਕਾਬਲੇ ਬਹੁਤ ਘੱਟ ਪੈਂਦੇ ਹਨ ਪਰ ਮਾਹਵਾਰੀ ਬੰਦ ਹੋ ਜਾਣ ਤੋਂ ਬਾਅਦ ਇਸ ਰੋਗ ਦੀ ਦਰ ਦੋਵਾਂ ਲਿੰਗਾਂ ਵਿੱਚ ਬਰਾਬਰ ਹੁੰਦੀ ਹੈ। ਕਈ ਵਧੇਰੇ ਠੰਢੇ ਦੇਸ਼ਾਂ ਵਿੱਚ ਇਨ੍ਹਾਂ ਮਹੀਨਿਆਂ ਵਿੱਚ ਬਾਕੀਆਂ ਬਿਮਾਰੀਆਂ ਨਾਲੋਂ ਦਿਲ ਦੇ ਰੋਗ ਜਾਂ ਸਟਰੋਕ ਕਰਕੇ 50 ਫ਼ੀਸਦੀ ਜ਼ਿਆਦਾ ਰੋਗੀ ਹਸਪਤਾਲ ਵਿੱਚ ਦਾਖ਼ਲ ਹੁੰਦੇ ਹਨ ਤੇ ਮੌਤਾਂ ਵੀ ਵਧੇਰੇ ਹੁੰਦੀਆਂ ਹਨ। ਇਸ ਦਾ ਕਾਰਨ ਠੰਢ ਨਹੀਂ ਬਲਕਿ ਸਿਆਲ ਦੀਆਂ ਲੰਮੀਆਂ ਰਾਤਾਂ ਤੇ ਛੋਟੇ ਦਿਨਾਂ ਵਿੱਚ ਦਿਲ ਨੂੰ ਕਾਇਮ ਰੱਖਣ ਵਾਲੇ ਹਾਰਮੋਨਜ਼ ਦੀ ਪੈਦਾਵਾਰ ਘਟਣਾ ਹੁੰਦਾ ਹੈ।
ਮੌਸਮੀ ਮਨੋਰੋਗਿਕ ਸਮੱਸਿਆਵਾਂ: ਸਿਆਲ ਦੇ ਘੱਟ ਤਾਪਮਾਨ ਵਾਲੇ ਮੌਸਮ ਦੌਰਾਨ ਮਨੋਰੋਗ ਵਾਲੀਆਂ ਸਮੱਸਿਆਵਾਂ ਦੌਰਿਆ ਵਾਂਗ ਆਉਂਦੀਆਂ ਹਨ। ਜਿਵੇਂ ਹੀ ਬਸੰਤ ਆਉਂਦੀ ਹੈ ਕੁਝ ਗਰਮੀ ਦਾ ਮੌਸਮ ਸ਼ੁਰੂ ਹੁੰਦਾ ਹੈ, ਇਨ੍ਹਾਂ ਰੋਗਾਂ ਦੇ ਲੱਛਣ ਘਟ ਜਾਂਦੇ ਹਨ। ਕਈ ਖੋਜੀਆਂ ਦਾ ਵਿੱਚਾਰ ਹੈ ਕਿ ਇਸ ਪਿੱਛੇ ਠੰਢ ਦੇ ਮੌਸਮ ਦੌਰਾਨ ਘਟਿਆ ਹੋਇਆ ਤਾਪਮਾਨ, ਘੱਟ ਰੌਸ਼ਨੀ ਤੇ ਹਾਰਮੋਨਜ਼ ਦੀ ਭੂਮਿਕਾ ਹੈ।
ਹਾਇਪੋਥਰਮੀਆਂ ਜਾਂ ਸਰੀਰ ਦਾ ਘੱਟ ਤਾਪਮਾਨ: ਇਸ ਨੂੰ ਤਾਪਮਾਨ ਦੀ ਅਸਾਧਾਰਨ ਕਮੀ ਕਿਹਾ ਜਾ ਸਕਦਾ ਹੈ ਜੋ ਠੰਢ ਦੇ ਮੌਸਮ ਵਿੱਚ ਹੋ ਜਾਂਦੀ ਹੈ। ਚੌਗਿਰਦੇ ਦੇ ਘੱਟ ਤਾਪਮਾਨ ਕਾਰਨ ਸਰੀਰ ਦੀ ਗਰਮੀ ਖ਼ਰਚ ਜ਼ਿਆਦਾ ਹੁੰਦੀ ਹੈ ਪਰ ਬਣਦੀ ਘੱਟ ਹੈ। ਜੇ ਸਰੀਰ ਦਾ ਤਾਪਮਾਨ 99.5 ਡਿਗਰੀ (ਸਾਧਾਰਨ 98.6) ਤੋਂ ਘਟ ਜਾਵੇ (ਹਾਇਪੋਥਰਮੀਆਂ) ਤਾਂ ਮੌਤ ਤੋਂ ਬਚਣ ਵਾਸਤੇ ਸਰੀਰ ਦਾ ਤਾਪਮਾਨ ਠੀਕ ਪੱਧਰ ‘ਤੇ ਲਿਆਉਣ ਲਈ ਫ਼ੌਰਨ ਹਸਪਤਾਲ ਵਿੱਚ ਦਾਖ਼ਲ ਕਰਨ ਦੀ ਲੋੜ ਪੈਂਦੀ ਹੈ।
ਕਾਰਬਨ ਮੋਨੋਆਕਸਾਈਡ ਚੜ੍ਹ ਜਾਣਾ: ਭਾਵੇਂ ਕੋਲਿਆਂ ਨਾਲ ਘਰਾਂ ਦੇ ਕਮਰੇ ਗਰਮ ਕਰਨ ਦਾ ਰਿਵਾਜ ਕੁਝ ਘਟ ਗਿਆ ਹੈ, ਫ਼ਿਰ ਵੀ ਹਿਮਾਚਲ ਜਾਂ ਦੂਜੇ ਠੰਢੇ ਰਾਜਾਂ ਜਾਂ ਮੈਦਾਨੀ ਪਿੰਡਾਂ ਜਾਂ ਸ਼ਹਿਰਾਂ ਦੀਆਂ ਗ਼ਰੀਬ ਬਸਤੀਆਂ ਵਿੱਚ ਕਈ ਲੋਕ ਕੋਲੇ ਬਾਲ ਕੇ ਕਮਰੇ ਗਰਮ ਕਰਦੇ ਹਨ ਤੇ ਸੌਂ ਜਾਂਦੇ ਹਨ ਤੇ ਗੈਸ ਚੜ੍ਹਨ ਕਰਕੇ ਮੌਤਾਂ ਹੋ ਜਾਂਦੀਆਂ ਹਨ।
ਹੱਥ-ਪੈਰ ਸੁੰਨ ਹੋਣ ਕਰਕੇ ਉਂਗਲੀਆਂ ਝੜ ਜਾਣਾ: ਬਰਫ਼ੀਲੇ ਪਹਾੜਾਂ ‘ਤੇ ਰਹਿਣ ਵਾਲੇ ਲੋਕ ਜਾਂ ਇਨ੍ਹਾਂ ਥਾਵਾਂ ‘ਤੇ ਡਿਊਟੀਆਂ ਦੇਣ ਵਾਲੇ ਫ਼ੌਜੀਆਂ ਦੇ ਹੱਥਾਂ ‘ਤੇ ਪੈਰਾਂ ਦੀਆਂ ਉਂਗਲੀਆਂ ਠੰਢ ਨਾਲ ਸੁੰਨ ਰਹਿੰਦੀਆਂ ਹਨ। ਵਧੇਰੇ ਸਮਾਂ ਸੁੰਨ ਰਹਿਣ ਕਰਕੇ ਕਈ ਵਾਰ ਇਹ ਝੜ ਜਾਂਦੀਆਂ ਹਨ। ਇਸ ਨੂੰ ‘ਫ਼ਰੌਸਟ ਬਾਈਟ’ ਕਿਹਾ ਜਾਂਦਾ ਹੈ। ਹੱਥਾਂ ਅਤੇ ਪੈਰਾਂ ਤੋਂ ਇਲਾਵਾ ਕੰਨ ਤੇ ਨੱਕ ਵੀ ਇਸ ਠੰਢ ਦੀ ਲਪੇਟ ਵਿੱਚ ਆਉਂਦੇ ਹਨ। ਘੱਟ ਤਾਪਮਾਨ ਨਾਲ ਖ਼ੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ਤੇ ਇਨ੍ਹਾਂ ਅੰਗਾਂ ਨੂੰ ਖ਼ੂਨ ਦੀ ਸਪਲਾਈ ਘਟਣ ਕਾਰਨ ਆਕਸੀਜਨ ਦੀ ਕਮੀ ਹੋ ਜਾਂਦੀ ਹੈ। ਜੇ ਪੋਟੇ ਜਾਂ ਪੈਰਾਂ ਦੀਆਂ ਉਂਗਲੀਆਂ ਜ਼ਿਆਦਾ ਹੀ ਖ਼ਰਾਬ ਹੋ ਜਾਣ ਤਾਂ ਇਨ੍ਹਾਂ ਨੂੰ ਕੱਟਣ ਦੀ ਨੌਬਤ ਆ ਜਾਂਦੀ ਹੈ। ਇਸ ਲਈ ਠੰਢੇ ਤੇ ਬਰਫ਼ੀਲੇ ਇਲਾਕਿਆਂ ਵਿੱਚ ਬਚਾਅ ਵਜੋਂ ਗਰਮ ਬੂਟ-ਜੁਰਾਬਾਂ ਦੀ ਵਰਤੋਂ ਕੀਤੀ ਜਾਂਦੀ ਹੈ। ਗਰਮ ਕੱਪੜੇ, ਸਿਰ ‘ਤੇ ਪੱਗ, ਹੈਟ ਜਾਂ ਟੋਪੀ ਆਦਿ, ਕੰਨਾਂ ਤੇ ਨੱਕ ਦੇ ਬਚਾਅ ਵਾਸਤੇ ਸਕਾਰਫ਼ ਜਾਂ ਗੁਲੂਬੰਦ ਦੀ ਵਰਤੋਂ ਕੀਤੀ ਜਾਂਦੀ ਹੈ। ਗਲੇ ਵਿੱਚ ਟਾਈ ਦੀ ਵਰਤੋਂ ਟੌਹਰ ਦੇ ਨਾਲ ਨਾਲ ਥਾਇਰਾਈਡ ਨੂੰ ਠੰਢ ਤੋਂ ਬਚਾਉਂਦੀ ਹੈ। ਸਾਈਕਲ ਜਾਂ ਸਕੂਟਰ ਚਲਾਉਂਦੇ ਸਮੇਂ ਹੱਥਾਂ ਵਾਸਤੇ ਗਰਮ ਦਸਤਾਨੇ ਜ਼ਰੂਰ ਵਰਤਣੇ ਚਾਹੀਦੇ ਹਨ।
ਵਿਟਾਮਿਨ ‘ਡੀ’ ਦੀ ਕਮੀ: ਭਾਵੇਂ ਕਾਫ਼ੀ ਲੋਕ ਇਸ ਗੱਲੋਂ ਖ਼ੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਸਰਦੀਆਂ ਦੌਰਾਨ ਨਿੱਘਾ ਵਾਤਾਵਰਣ ਤੇ ਸੂਰਜ ਦੀ ਧੁੱਪ ਵੀ ਉਪਲਭਦ ਹੈ। ਦੂਜੇ ਪਾਸੇ ਕੁਝ ਅਜਿਹੇ ਵੀ ਹਨ ਜਿਨ੍ਹਾਂ ਨੂੰ ਚਮਕਦੀ ਧੁੱਪ, ਸਿਰ ‘ਤੇ ਛੱਤਾਂ ਤੇ ਕਪੜਿਆਂ ਦੀ ਕਮੀ ਕਾਰਨ ਨਿੱਘ ਨਹੀਂ ਮਿਲਦਾ ਅਜਿਹੇ ਵਿੱਚ ਉਨ੍ਹਾਂ ਨੂੰ ਵਿਟਾਮਿਨ ‘ਡੀ’ ਦੀ ਕਮੀ ਦਾ ਖ਼ਤਰਾ ਬਣ ਜਾਂਦਾ ਹੈ। ਇਹ ਵਿਟਾਮਿਨ, ਹੱਡੀਆਂ, ਖ਼ੂਨ ਅਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਠੀਕ ਰੱਖਣ ਲਈ ਅਤੇ ਕੈਂਸਰ ਤੋਂ ਬਚਾਓ ਲਈ ਬਹੁਤ ਜ਼ਰੂਰੀ ਹੈ।
ਜੋੜਾਂ ਦੇ ਦਰਦ: ਠੰਢ, ਆਰਥਰਾਇਟਿਸ ਦਾ ਕਾਰਨ ਨਹੀਂ ਪਰ ਜਿਹੜੇ ਵਿਅਕਤੀ ਇਸ ਤੋਂ ਪੀੜਤ ਹੁੰਦੇ ਹਨ ਉਨ੍ਹਾਂ ਵਾਸਤੇ ਤਾਂ ਕਈ ਵਾਰ ਸਿਆਲ ਕਿਆਮਤ ਬਣ ਕੇ ਆਉਂਦਾ ਹੈ। ਜੇ ਕੋਈ ਇਸ ਦਾ ਰੋਗੀ ਹੈ ਤਾਂ ਕੋਰੇ ਵਾਲੇ ਦਿਨਾਂ ਦੀ ਠੰਢ ਤੋਂ ਬਚਾਅ ਕਰਨਾ ਬਹੁਤ ਜ਼ਰੂਰੀ ਹੈ। ਅਲੱਗ ਅਲੱਗ ਲੋਕਾਂ ‘ਤੇ ਮੌਸਮ ਦਾ ਅਸਰ ਵੱਖ ਵੱਖ ਹੁੰਦਾ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੇ ਡਾਕਟਰ ਮਾਰਕ ਗੌਰਲੇ ਅਨੁਸਾਰ ‘ਕੁਝ ਲੋਕਾਂ ਠੰਢਾਂ ਵਾਲੇ ਮੌਸਮ ਨੂੰ ਪਸੰਦ ਕਰਦੇ ਹਨ ਪਰ ਸਵੇਰ ਦੇ ਸਮੇਂ, ਗਠੀਏ ਦੇ ਰੋਗੀਆਂ ਦੇ ਠੰਢ ਨਾਲ ਸਾਰੇ ਜੋੜ ਜਾਮ ਹੋ ਜਾਂਦੇ ਹਨ। ਜਾਗਣ ਤੋਂ ਬਾਅਦ ਉਨ੍ਹਾਂ ਦੇ ਜੋੜ ਖੁੱਲ੍ਹਣ ਤੇ ਕੰਮ-ਕਾਰ ਕਰਨ ਜੋਗੇ ਹੋਣ ਨੂੰ ਕਾਫ਼ੀ ਵਕਤ ਲਗ ਜਾਂਦਾ ਹੈ।’ ਜਿਵੇਂ ਜਿਵੇਂ ਮੌਸਮ ਬਦਲਦਾ ਹੈ ਉਸੇ ਤਰ੍ਹਾਂ ਹੀ ਜੋੜਾਂ ਦਾ ਪ੍ਰੈਸ਼ਰ ਬਦਲਦਾ ਹੈ। ਜੋੜਾਂ ਦੁਆਲੇ ਤੰਤੂ ਇੱਕ ਗੁਬਾਰੇ ਵਾਂਗ ਹੁੰਦੇ ਹਨ ਜਦੋਂ ਹਵਾ ਦਾ ਦਬਾਅ ਘਟਦਾ ਹੈ ਤਾਂ ਇਹ ਗੁਬਾਰੇ (ਤੰਤੂ) ਫ਼ੈਲ ਜਾਂਦੇ ਹਨ ਤੇ ਫ਼ੈਲੇ ਹੋਏ ਤੰਤੂ ਜੋੜਾਂ ‘ਤੇ ਦਬਾਅ ਪਾਉਂਦੇ ਹਨ ਜਿਸ ਨਾਲ ਦਰਦ ਹੁੰਦੀ ਹੈ ਤੇ ਜੋੜ ਜਾਮ ਹੁੰਦੇ ਹਨ। ਇਸੇ ਕਰਕੇ ਜੋੜਾਂ ਦੇ ਦਰਦ ਵਾਲੇ ਦੇ ਰੋਗੀ ਕਈ ਵਾਰ ਦੱਸ ਦਿੰਦੇ ਹਨ ਕਿ ਹਵਾ ਦਾ ਦਬਾਅ ਘਟਿਆ ਹੈ ਕਿ ਵਧਿਆ ਹੈ। ਅਜਿਹੇ ਲੋਕਾਂ ਨੂੰ ਚਾਹੀਦਾ ਹੈ ਕਿ ਜਿਵੇਂ ਵੀ ਹੋਵੇ ਆਪਣੇ-ਆਪ ਨੂੰ ਨਿੱਘਾ ਰੱਖੋ ਤੇ ਠੰਢ ਵਿੱਚ ਨਿਕਲਣ ਤੋਂ ਪਰਹੇਜ਼ ਕਰੋ। ਜੇ ਜਾਣਾ ਹੀ ਪਵੇ ਤਾਂ ਸਿਰ ਤੋਂ ਲੈ ਕੇ ਪੈਰਾਂ ਤਕ ਸਾਰਾ ਸਰੀਰ ਚੰਗੀ ਤਰ੍ਹਾਂ ਢੱਕ ਕੇ ਨਿਕਲੋ। ਜੇ ਕਾਰ ਵਿੱਚ ਜਾਣਾ ਹੈ ਤਾਂ ਇਸ ਵਿੱਚ ਵੜਨ ਤੋਂ ਪਹਿਲਾਂ ਇਸ ਨੂੰ ਗਰਮ ਕਰ ਲਓ। ਸੌਣ ਵਾਲਾ ਕਮਰਾ ਹੀਟਰ ਨਾਲ ਨਿੱਘਾ ਕਰ ਰੱਖੋ। ਅੱਜ-ਕੱਲ੍ਹ ਬਿਜਲਈ ਕੰਬਲ ਉਪਲਭਦ ਹਨ, ਉਨ੍ਹਾਂ ਦੀ ਵਰਤੋਂ ਕਰੋ। ਗਰਮ ਕੌਫ਼ੀ ਜਾਂ ਚਾਹ ਵਗੈਰਾ ਨਾਲ ਵੀ ਸਰੀਰ ਗਰਮ ਰਹਿੰਦਾ ਹੈ। ਠੰਢ ਵਿੱਚ ਨਿਕਲਣ ਤੋਂ ਪੁਹਿਲਾਂ ਹਲਕੀ ਜਿਹੀ ਵਰਜ਼ਿਸ਼ ਕਰਕੇ ਸਰੀਰ ਗਰਮ ਕਰ ਲਵੋ। ਵਰਜ਼ਿਸ਼ ਨਾਲ ਜਾਮ ਹੋਏ ਜੋੜ ਤਾਂ ਖੁਲ੍ਹਦੇ ਹੀ ਹਨ ਨਾਲ ਹੀ ਸਰੀਰ ਦਾ ਭਾਰ ਵੀ ਠੀਕ ਰਹਿੰਦਾ ਹੈ ਕਿਉਂਕਿ ਸਰਦੀਆਂ ਵਿੱਚ ਭਾਰ ਵਧਦਾ ਹੈ ਤੇ ਵਧਿਆ ਹੋਇਆ ਭਾਰ ਜੋੜਾਂ ਨੂੰ ਹੋਰ ਵੀ ਤਕਲੀਫ਼ ਪਹੁੰਚਾਉਂਦਾ ਹੈ।
ਜ਼ੁਕਾਮ ਜਾਂ ਫ਼ਲੂ: ਜ਼ੁਕਾਮ ਸਰਦੀਆਂ ਵਿੱਚ ਆਮ ਹੀ ਹੋਣ ਵਾਲੀ ਸਮੱਸਿਆ ਹੈ। ਇਹ ਐਲਰਜੀ ਕਾਰਨ ਜਾਂ ਵਾਇਰਲ ਇਨਫ਼ੈਕਸ਼ਨ ਹੁੰਦੀ ਹੈ ਜੋ ਬੜਾ ਤੰਗ ਕਰਦੀ ਹੈ। ਇਸ ਕਾਰਨ ਨੱਕ ਤੇ ਅੱਖਾਂ ‘ਚੋਂ ਪਾਣੀ, ਛਿੱਕਾਂ, ਸਿਰ ਪੀੜ ਤੇ ਬੁਖ਼ਾਰ ਆਦਿ ਦੀ ਦਿੱਕਤ ਆਉਂਦੀ ਹੈ। ਇਸ ਸਮੱਸਿਆ ਤਕਰੀਬਨ ਹਰੇਕ ਵਿਅਕਤੀ ਨੂੰ ਦੋ-ਚਾਰ ਹੋਣ ਪੈਂਦਾ ਹੈ। ਜਿੰਨੀ ਮਰਜ਼ੀ ਦਵਾ-ਦਾਰੂ ਕਰ ਲਓ, ਠੀਕ ਹੋਣ ਵਿੱਚ 5 ਤੋਂ 7 ਦਿਨ ਲੱਗ ਹੀ ਜਾਂਦੇ ਹਨ। ਇਹ ਇੱਕ ਛੂਤ ਦੀ ਬਿਮਾਰੀ ਹੈ ਜੋ ਸਾਹ ਨਾਲ, ਸਾਂਝੇ ਤੌਲੀਏ ਰਾਹੀਂ ਤੇ ਸਾਂਝੇ ਰੁਮਾਲ ਆਦਿ ਨਾਲ ਫ਼ੈਲਦੀ ਹੈ। ਆਰਾਮ, ਭਾਫ਼, ਐਂਟੀ-ਹਿਸਟਾਮਿਨਿਕਸ, ਨੇਜ਼ਲ ਡੀਕੰਜਸਟੈਂਟਸ, ਪੈਰਾਸਿਟਾਮੋਲ ਆਦਿ ਦੀ ਵਰਤੋਂ ਤੇ ਡਾਕਟਰ ਦੀ ਸਲਾਹ ਨਾਲ ਐਂਟੀਬਾਇਓਟਿਕਸ ਲੈਣੇ ਚਾਹੀਦੇ ਹਨ।