30 ਸਾਲ ਦੀ ਉਮਰ ਤੋਂ ਬਾਅਦ ਸਿਰਫ਼ ਔਰਤਾਂ ਹੀ ਨਹੀਂ, ਮਰਦਾਂ ਦੇ ਸਰੀਰ ‘ਚ ਵੀ ਕਾਫ਼ੀ ਤਬਦੀਲੀ ਹੁੰਦੀ ਹੈ। ਜ਼ਿਕਰ ਕਰਾਂਗੇ ਮਰਦਾਂ ‘ਚ 30 ਸਾਲ ਦੀ ਉਮਰ ਤੋਂ ਬਾਅਦ ਹੋਣ ਵਾਲੀਆਂ ਵੱਡੀਆਂ ਤਬਦੀਲੀਆਂ ਬਾਰੇ।
ਪ੍ਰੋਸਟੇਟ ਗ੍ਰੰਥੀ ਦੇ ਕੈਂਸਰ ਦਾ ਖ਼ਤਰਾ
ਕੁਝ ਮਰਦਾਂ ‘ਚ ਇਸ ਦੇ ਲੱਛਣ ਦਿਸਣੇ ਸ਼ੁਰੂ ਹੋ ਜਾਂਦੇ ਹਨ। ਜਿਵੇਂ ਕਿ ਪਿਸ਼ਾਬ ‘ਚ ਜਲਨ, ਨਿਪੁੰਸਕਤਾ ਅਤੇ ਰਾਤ ਨੂੰ ਪਿਸ਼ਾਬ ਵਧੇਰੇ ਆਉਣਾ। ਇਸ ਦਾ ਪਤਾ ਲਗਾਉਣ ਲਈ ਸਿਰਫ਼ ਇਹ ਲੱਛਣ ਹੀ ਕਾਫ਼ੀ ਨਹੀਂ ਹਨ ਪਰ ਇਨ੍ਹਾਂ ਨੂੰ ਨਜ਼ਰ ਅੰਦਾਜ਼ ਕਰਨਾ ਖਤਰਨਾਕ ਸਿੱਧ ਹੋ ਸਕਦਾ ਹੈ। ਜੇਕਰ ਸ਼ੁਰੂਆਤ ‘ਚ ਹੀ ਇਸ ਦਾ ਪਤਾ ਲਗਾ ਲਿਆ ਜਾਵੇ ਤਾਂ ਬੀਮਾਰੀ ‘ਤੇ ਕਾਬੂ ਪਾਇਆ ਜਾ ਸਕਦਾ ਹੈ।
ਮਾਸਪੇਸ਼ੀਆਂ ਦੀ ਜਕੜਨ
30 ਦੀ ਉਮਰ ਤੋਂ ਬਾਅਦ ਮਰਦਾਂ ‘ਚ ਮਾਸਪੇਸ਼ੀਆਂ ਦੇ ਸੈੱਲ ਆਪਣੀ ਲਚਕ ਗੁਆਉਣ ਲੱਗਦੇ ਹਨ ਅਤੇ ਇਹ ਸੁੰਗੜਨ ਵੀ ਲੱਗਦੇ ਹਨ। ਇਸ ਤੋਂ ਬਚਣ ਲਈ ਇਸ ਤਰ੍ਹਾਂ ਦੀ ਕਸਰਤ ਕਰੋ, ਜਿਸ ਨਾਲ ਸਰੀਰ ‘ਚ ਹਰਕਤ ਹੋਵੇ ਅਤੇ ਸਰੀਰ ਹਰ ਦਿਸ਼ਾ ‘ਚ ਝੁਕੇ। ਯੋਗਾ ਇਸ ਤੋਂ ਬਚਣ ਦਾ ਕਾਰਗਰ ਤਰੀਕਾ ਹੈ।
ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ
ਇਸ ਉਮਰ ‘ਚ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ ਅਤੇ ਕਈ ਹੱਡੀਆਂ ਨਸ਼ਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ, ਜਿਸ ਨਾਲ ਇਨ੍ਹਾਂ ਦੇ ਟੁੱਟਣ ਦੀ ਸੰਭਾਵਨਾ ਵੱਧ ਜਾਂਦੀ ਹੈ। ਐਕਸ-ਰੇਅ ਜਾਂ ਸਕੈਨਿੰਗ ਨਾਲ ਇਨ੍ਹਾਂ ਦੀ ਜਾਂਚ ਕਰਵਾਉਂਦੇ ਰਹੋ। ਇਸ ‘ਚ ਵਧੇਰੇ ਮਾਤਰਾ ‘ਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਲੈਣ ਅਤੇ ਭਾਰ ਚੁੱਕਣ ਦੀ ਸਲਾਹ ਦਿੱਤੀ ਜਾਂਦੀ ਹੈ।
ਵੱਧ ਸਕਦੈ ਪੇਟ
ਇਸ ਉਮਰ ‘ਚ ਲੱਕ ਦਾ ਆਕਾਰ ਵੱਧ ਸਕਦਾ ਹੈ। ਜਿਵੇਂ-ਜਿਵੇਂ ਉਮਰ ਵਧਦੀ ਹੈ, ਸਰੀਰ ‘ਚ ਕੈਲੋਰੀਜ਼ ਦੀ ਖਪਤ ਘਟਣ ਲੱਗਦੀ ਹੈ, ਜਿਸ ਕਾਰਨ ਪੇਟ ਦਾ ਮੋਟਾਪਾ ਵੱਧ ਜਾਂਦਾ ਹੈ। ਆਪਣੀਆਂ ਸਰਗਰਮੀਆਂ ‘ਤੇ ਨਜ਼ਰ ਰੱਖੋ ਅਤੇ ਖਾਣਾ ਹਿਸਾਬ ਨਾਲ ਹੀ ਖਾਓ।
ਤਣਾਅ
ਉਮਰ ਦੇ ਇਸ ਪੜਾਅ ‘ਤੇ ਜ਼ਿਆਦਾਤਰ ਲੋਕਾਂ ‘ਚ ਤਣਾਅ ਇੱਕ ਆਮ ਸਮੱਸਿਆ ਹੁੰਦੀ ਹੈ, ਜਿਸ ਨਾਲ ਸਰੀਰ ‘ਚ ਕਈ ਤਬਦੀਲੀਆਂ ਹੁੰਦੀਆਂ ਹਨ। ਡਾਕਟਰ ਤੋਂ ਸਲਾਹ ਲਓ। ਇਸ ਤੋਂ ਪਹਿਲਾਂ ਕਿ ਤਣਾਅ ਤੁਹਾਡੇ ‘ਤੇ ਹਾਵੀ ਹੋ ਜਾਵੇ, ਇਸ ਦਾ ਇਲਾਜ ਕੀਤਾ ਜਾ ਸਕਦਾ ਹੈ।
ਦਿਲ ਸੰਬੰਧੀ ਸਮੱਸਿਆਵਾਂ
ਇਸ ਦੌਰਾਨ ਤੁਹਾਡੇ ਦਿਲ ਦੀ ਕਾਰਜ ਸਮਰੱਥਾ ਘੱਟ ਜਾਂਦੀ ਹੈ ਅਤੇ ਖੂਨ ਦੀ ਪੰਪਿੰਗ ਘੱਟ ਜਾਂਦੀ ਹੈ, ਜਿਸ ਨਾਲ ਧਮਨੀਆਂ ‘ਚ ਕੋਲੈਸਟ੍ਰਾਲ ਇੱਕੱਠਾ ਹੋ ਜਾਂਦਾ ਹੈ ਅਤੇ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ। ਦਿਲ ਦੀ ਤੰਦਰੁਸਤੀ ਲਈ ਸਿਹਤ ਵਧਾਊ ਖਾਣਾ ਖਾਓ ਅਤੇ ਹਲਕੀ ਕਸਰਤ ਕਰੋ।
ਘੱਟ ਜਾਂਦੈ ਟੀ ਲੈਵਲ
ਟੀ ਲੈਵਲ ਭਾਵ ਟੈਸਟੋਸਟੇਰੋਨ ਇਸ ਉਮਰ ‘ਚ ਘਟਣ ਲੱਗਦਾ ਹੈ। ਇੱਕ ਜਾਂਚ ਰਾਹੀਂ ਇਸ ਦਾ ਪਤਾ ਲਗਾਇਆ ਜਾ ਸਕਦਾ ਹੈ। ਜੇਕਰ ਤੁਹਾਡੀ ਕਾਮ ਇੱਛਾ ਘਟਣ ਲੱਗਦੀ ਹੈ ਅਤੇ ਤੁਸੀਂ ਤਣਾਅਗ੍ਰਸਤ ਰਹਿਣ ਲੱਗਦੇ ਹੋ ਤਾਂ ਡਾਕਟਰ ਤੋਂ ਸਲਾਹ ਲਓ। ਇੰਝ ਤੁਹਾਡਾ ਟੀ ਲੈਵਲ ਫ਼ਿਰ ਵੱਧ ਜਾਵੇਗਾ।
ਅੰਡੇਦਾਨੀ ਦਾ ਕੈਂਸਰ
ਇਸ ਸਮੇਂ ਅੰਡੇਦਾਨੀ ਭਾਵ ਟੈਸਟੀਕਲਸ ਦੇ ਕੈਂਸਰ ਦਾ ਖਤਰਾ ਵੀ ਵੱਧ ਜਾਂਦਾ ਹੈ। ਜੇਕਰ ਤੁਹਾਡੇ ਟੈਸਟੀਕਲਸ ‘ਚ ਦਰਦ ਰਹਿੰਦਾ ਹੈ ਤਾਂ ਡਾਕਟਰ ਦੀ ਸਲਾਹ ਲਓ ਕਿਉਂਕਿ ਇਸ ਤਰ੍ਹਾਂ ਦੇ ਕੈਂਸਰ ਦਾ ਪਤਾ ਜੇਕਰ ਸ਼ੁਰੂਆਤ ਤੋਂ ਲੱਗ ਜਾਏ ਤਾਂ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ।










