ਗਰਭ ਅਵਸਥਾ ‘ਚ ਆਇਓਡੀਨ ਜ਼ਰੂਰੀ

thudi-sahat-300x150ਇੱਕ ਅਧਿਐਨ ਤੋਂ ਪਤਾ ਲੱਗਾ ਹੈ ਕਿ 84 ਫ਼ੀਸਦੀ ਔਰਤਾਂ ਗਰਭ ਅਵਸਥਾ ਦੌਰਾਨ ਆਇਓਡੀਨ ਦੇ ਮਹੱਤਵ ਪ੍ਰਤੀ ਜਾਗਰੂਕ ਨਹੀਂ ਹੁੰਦੀਆਂ। ਇਨ੍ਹਾਂ ਵਿੱਚੋਂ ਅੱਧੀਆਂ ਔਰਤਾਂ ਤਾਂ ਆਇਓਡੀਨ ਨਾਲ ਭਰਪੂਰ ਖੁਰਾਕ ਪਦਾਰਥਾਂ ਨੂੰ ਪਛਾਣਨ ਵਿੱਚ ਅਸਮਰੱਥ ਹੁੰਦੀਆਂ ਹਨ। ਗਰਭਵਤੀ ਔਰਤਾਂ ਆਇਓਡੀਨ ਨਾਲ ਭਰਪੂਰ ਖੁਰਾਕ ਪਦਾਰਥ ਜਿਵੇਂ ਮੱਛੀ, ਦੁੱਧ ਅਤੇ ਪਨੀਰ ਦਾ ਸੇਵਨ ਨਾ ਕਰਕੇ ਆਪਣੇ ਹੋਣ ਵਾਲੇ ਬੱਚਿਆਂ ਦਾ ਬੌਧਿਕ ਪੱਧਰ ਨਸ਼ਟ ਕਰਦੀਆਂ ਹਨ।
ਆਇਓਡੀਨ ਦੀ ਲੋੜ ਸਰੀਰ ਵਿੱਚ ਥਾਇਰਾਈਡ ਹਾਰਮੋਨਸ ਦੇ ਨਿਰਮਾਣ ਲਈ ਹੁੰਦੀ ਹੈ, ਇਹ ਬੱਚੇ ਦੇ ਦਿਮਾਗ ਤੇ ਨਾੜੀ ਪ੍ਰਣਾਲੀ ਲਈ ਬਹੁਤ ਅਹਿਮ ਹੁੰਦੀ ਹੈ। ਆਇਓਡੀਨ ਦੀ ਕਮੀ ਕਾਰਨ ਬੱਚੇ ਵਿੱਚ ਘੱਟ ਬੁੱਧੀ ਅਤੇ ਬਚਪਨ ਵਿੱਚ ਪੜ੍ਹਨ ਵਿੱਚ ਮੁਸ਼ਕਿਲ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇੱਕ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਬ੍ਰਿਟੇਨ ਦੀਆਂ ਜ਼ਿਆਦਾਤਰ ਔਰਤਾਂ ਗਰਭ ਅਵਸਥਾ ਦੌਰਾਨ ਆਮ ਪੋਸ਼ਕ ਤੱਤਾਂ ਬਾਰੇ ਜਾਗਰੂਕ ਸਨ। ਇਨ੍ਹਾਂ ਵਿੱਚੋਂ ਸਿਰਫ਼ 12 ਫ਼ੀਸਦੀ ਔਰਤਾਂ ਹੀ ਆਇਓਡੀਨ ਨਾਲ ਸੰਬੰਧਿਤ ਸਲਾਹ ਬਾਰੇ ਜਾਗਰੂਕ ਸਨ। 84 ਫ਼ੀਸਦੀ ਔਰਤਾਂ ਇਸ ਗੱਲ ਤੋਂ ਅਣਜਾਣ ਸਨ ਕਿ ਖਾਣੇ ਵਿੱਚ ਆਇਓਡੀਨ ਅਣਜੰਮੇ ਬੱਚੇ ਦੀ ਸਿਹਤ ਵਿਕਾਸ ਲਈ ਜ਼ਰੂਰੀ ਹੈ।
ਸਿਰਫ਼ 11 ਫ਼ੀਸਦੀ ਔਰਤਾਂ ਨੇ ਆਪਣੇ ਡਾਕਟਰ ਜਾਂ ਦਾਈ ਤੋਂ ਆਇਓਡੀਨ ਬਾਰੇ ਸੁਣਿਆ ਸੀ। ਯੂਨੀਵਰਸਿਟੀ ਆਫ਼ ਗਲਾਸਗੋ ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਤਿੰਨ-ਚੌਥਾਈ ਔਰਤਾਂ ਵਿਸ਼ਵ ਸਿਹਤ ਸੰਗਠਨ ਵਲੋਂ ਸੁਝਾਏ ਗਏ ਰੋਜ਼ਾਨਾ 250 ਮਾਈਕ੍ਰੋਗ੍ਰਾਮ ਆਇਓਡੀਨ ਦਾ ਸੇਵਨ ਨਹੀਂ ਕਰ ਰਹੀਆਂ ਹਨ। ਆਇਓਡੀਨ ਦਾ ਪੱਧਰ ਗਰਭ ਅਵਸਥਾ ਦੌਰਾਨ ਨਿਯਮਿਤ ਤੌਰ ‘ਤੇ ਜਾਂਚਿਆ ਨਹੀਂ ਜਾਂਦਾ ਜਿਵੇਂ ਆਇਰਨ ਦਾ ਪੱਧਰ।
ਬ੍ਰਿਟੇਨ ਦੀ ਡਾ. ਐਮਿਲੀ ਕੋਮਬੈਟ ਦਾ ਕਹਿਣਾ ਹੈ ਕਿ ਗਰਭ ਅਵਸਥਾ ਅਤੇ ਜਨਮ ਤੋਂ ਬਾਅਦ ਪਹਿਲੇ ਕੁਝ ਮਹੀਨਿਆਂ ਦੌਰਾਨ ਆਇਓਡੀਨ ਬੱਚੇ ਦੇ ਦਿਮਾਗੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਬਹੁਤ ਅਹਿਮ ਹੁੰਦਾ ਹੈ। ਇਸ ਲਈ ਭੋਜਨ ਵਿੱਚ ਆਇਓਡੀਨ ਨਾਲ ਭਰਪੂਰ ਦੁੱਧ, ਮੱਛੀ, ਪਨੀਰ, ਸਾਦਾ ਦਹੀਂ, ਕੇਲੇ, ਸਟ੍ਰਾਬਰੀਜ਼ ਅਤੇ ਹਰੀਆਂ ਫ਼ਲੀਆਂ ਦਾ ਸੇਵਨ ਨਿਯਮਿਤ ਤੌਰ ‘ਤੇ ਕਰਨਾ ਚਾਹੀਦਾ ਹੈ। ਔਰਤਾਂ ਨੂੰ ਆਇਓਡੀਨ ਦੇ ਮਹੱਤਵ ਬਾਰੇ ਨਹੀਂ ਦੱਸਿਆ ਜਾਂਦਾ, ਜਿਸ ਕਾਰਨ ਉਹ ਉਨ੍ਹਾਂ ਬਦਲਾਂ ਬਾਰੇ ਜਾਣ ਹੀ ਨਹੀਂ ਸਕਦੀਆਂ, ਜਿਨ੍ਹਾਂ ਨਾਲ ਉਨ੍ਹਾਂ ਨੂੰ ਆਇਓਡੀਨ ਦੀ ਲੋੜੀਂਦੀ ਮਾਤਰਾ ਪ੍ਰਾਪਤ ਕਰਨ ਬਾਰੇ ਪਤਾ ਲੱਗੇ।ਇਸ ਦਾ ਇੱਕ ਹੱਲ ਇਹ ਵੀ ਹੋ ਸਕਦਾ ਹੈ ਕਿ ਖਾਣੇ ਵਿੱਚ ਨਮਕ ਦਾ ਸੇਵਨ ਕੀਤਾ ਜਾਵੇ ਪਰ ਡਾ. ਕੋਮਬੈਟ ਦਾ ਕਹਿਣਾ ਹੈ ਕਿ ਆਇਓਡੀਨ ਭਰਪੂਰ ਨਮਕ ਜ਼ਿਆਦਾਤਰ ਦੇਸ਼ਾਂ ਵਿੱਚ ਆਮ ਹੈ ਪਰ ਬੱਚੇ ਨੂੰ ਜਨਮ ਦੇਣ ਦੀ ਪ੍ਰਕਿਰਿਆ ਵਿੱਚ ਨਮਕ ਦਾ ਇਸਤੇਮਾਲ ਕਰਨ ਨਾਲ ਲੋਕਾਂ ਵਿੱਚ ਚਿੰਤਾ ਪੈਦਾ ਹੋਈ ਹੈ ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਜ਼ਿਆਦਾ ਨਮਕ ਦਾ ਸੇਵਨ ਬਲੱਡ ਪ੍ਰੈਸ਼ਰ ਨੂੰ ਵਧਾਉਂਦਾ ਹੈ, ਇਸ ਲਈ ਜ਼ਰੂਰੀ ਹੈ ਕਿ ਔਰਤਾਂ ਨੂੰ ਆਇਓਡੀਨ ਪ੍ਰਤੀ ਜਾਗਰੂਕ ਕੀਤਾ ਜਾਵੇ।