ਪਟਿਆਲਾ : ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ 28 ਨਵੰਬਰ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਦੀਆਂ 30 ਵਾਰਡਾਂ ਦੀਆਂ ਚੋਣਾਂ ’ਚ ਇਸ ਵਾਰ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ, ਬੂਥ ਕੈਪਚਰਿੰਗ, ਜਾਅਲੀ ਵੋਟਾਂ, ਪੋਲਿੰਗ ਏਜੰਟਾਂ ਨੂੰ ਧਮਕਾਉਣਾ ਜਾਂ ਹਿੰਸਾ ਨਹੀਂ ਹੋ ਸਕੇਗੀ। ਸੁਪਰੀਮ ਕੋਰਟ ਦੇ ਹੁਕਮਾਂ ’ਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਵੱਲੋਂ ਪਟਿਆਲਾ ਨਗਰ ਨਿਗਮ ਚੋਣਾਂ ਲਈ ਸੇਵਾਮੁਕਤ ਜਸਟਿਸ ਰਾਜੀਵ ਸ਼ਰਮਾ ਦੀ ਅਗਵਾਈ ’ਚ ਗਠਿਤ ਮਾਨੀਟਰਿੰਗ ਕਮੇਟੀ ਦੀ ਚੋਣਾਂ ’ਤੇ ਬਾਜ਼ ਅੱਖ ਹੈ। ਕਮੇਟੀ ਗੁਪਤ ਤਰੀਕੇ ਨਾਲ ਚੋਣ ਪ੍ਰਕਿਰਿਆ ’ਤੇ ਨਜ਼ਰ ਰੱਖ ਰਹੀ ਹੈ ਅਤੇ ਕਿਸੇ ਨੂੰ ਇਸ ਬਾਰੇ ਪਹਿਲਾਂ ਜਾਣਕਾਰੀ ਨਹੀਂ ਹੁੰਦੀ ਕਿ ਉਹ ਕਦੋਂ ਪੋਲਿੰਗ ਸਟੇਸ਼ਨਾਂ ਦਾ ਨਿਰੀਖਣ ਕਰੇਗੀ। ਇਸੇ ਕਾਰਨ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਲੈ ਕੇ ਜਾਂਚ ਤੇ ਸਿੰਬਲ ਅਲਾਟ ਕਰਨ ਤੱਕ ਕੋਈ ਧੱਕੇਸ਼ਾਹੀ ਨਹੀਂ ਹੋਈ, ਹਰ ਚਾਹਵਾਨ ਨੂੰ ਐੱਨ. ਓ. ਸੀ. ਮਿਲੀ, ਕਿਸੇ ਦੇ ਕਾਗਜ਼ ਰੱਦ ਨਹੀਂ ਹੋਏ ਅਤੇ ਚੋਣ ਕਮਿਸ਼ਨ ਵੱਲੋਂ ਮਾਨਤਾ ਪ੍ਰਾਪਤ ਪਾਰਟੀਆਂ ਦੇ ਅਧਿਕਾਰ ਪੱਤਰ ਦੇ ਆਧਾਰ ’ਤੇ ਸਿੰਬਲ ਅਲਾਟ ਹੋਏ।
ਕਾਨੂੰਨ ਮਾਹਰਾਂ ਮੁਤਾਬਕ 28 ਨਵੰਬਰ ਦੀ ਵੋਟਿੰਗ ਵੀ ਨਿਰਪੱਖ, ਪਾਰਦਰਸ਼ੀ ਅਤੇ ਬਿਨਾਂ ਹਿੰਸਾ ਤੋਂ ਹੋਵੇਗੀ। ਕਮੇਟੀ ਨੇ ਸਿਵਲ ਅਤੇ ਪੁਲਸ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਅਤੇ ਸ਼ਿਕਾਇਤਾਂ ਲਈ ਜਾਰੀ ਈਮੇਲ ਆਈ. ਡੀ. ’ਤੇ ਆਉਣ ਵਾਲੀ ਹਰ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਹੋ ਰਹੀ ਹੈ। ਸੂਤਰਾਂ ਅਨੁਸਾਰ ਕਮੇਟੀ ਨੇ ਵੀਰਵਾਰ ਨੂੰ ਬਿਨਾਂ ਦੱਸੇ ਅਚਾਨਕ ਸੰਵੇਦਨਸ਼ੀਲ ਤੇ ਅਤਿ ਸੰਵੇਦਨਸ਼ੀਲ ਬੂਥਾਂ ਦਾ ਨਿਰੀਖਣ ਕੀਤਾ ਅਤੇ ਪੁਲਸ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤ ਦਿੱਤੀ ਕਿ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਨਿਰਪੱਖ ਚੋਣਾਂ ਯਕੀਨੀ ਬਣਾਈਆਂ ਜਾਣ। ਜਦੋਂ ਕੁਝ ਥਾਣਾ ਮੁਖੀਆਂ ਵੱਲੋਂ ਵਿਰੋਧੀ ਪਾਰਟੀਆਂ ਤੇ ਖ਼ਾਸ ਕਰ ਕੇ ਭਾਜਪਾ ਉਮੀਦਵਾਰਾਂ ਦੇ ਸਮਰਥਕਾਂ ’ਤੇ ਪਰਚੇ ਦਰਜ ਕਰਨ ਦੀਆਂ ਸ਼ਿਕਾਇਤਾਂ ਆਈਆਂ ਤਾਂ ਸ਼ਹਿਰ ਦੇ ਥਾਣਾ ਮੁਖੀ ਬਦਲੇ ਗਏ ਅਤੇ ਉਮੀਦਵਾਰਾਂ ਵੱਲੋਂ ਰਿਲੀਵ ਨਾ ਹੋਣ ਦੀ ਗੱਲ ਦੱਸਣ ’ਤੇ ਕਮੇਟੀ ਨੇ ਦੋ ਘੰਟਿਆਂ ’ਚ ਨਵੇਂ ਥਾਣਾ ਮੁਖੀ ਜੁਆਇਨ ਕਰਵਾਉਣ ਤੇ ਪੁਰਾਣਿਆਂ ਨੂੰ ਰਿਲੀਵ ਕਰਨ ਦੇ ਹੁਕਮ ਦਿੱਤੇ, ਜਿਸ ਮਗਰੋਂ ਦੂਜੇ ਜ਼ਿਲਿਆਂ ਦੇ ਇੰਸਪੈਕਟਰ ਬੁਲਾ ਕੇ ਤਾਇਨਾਤ ਕੀਤੇ ਗਏ। ਸੂਤਰਾਂ ਮੁਤਾਬਕ ਰਿਟਰਨਿੰਗ ਅਫ਼ਸਰਾਂ ਨੇ ਵੀ ਦਬਾਅ ਨਾ ਮੰਨਦਿਆਂ ਕਾਗਜ਼ ਰੱਦ ਨਹੀਂ ਕੀਤੇ। 28 ਨਵੰਬਰ ਨੂੰ ਕਮੇਟੀ ਪਟਿਆਲਾ ’ਚ ਹੀ ਰਹੇਗੀ, ਹਰ ਬੂਥ ਦਾ ਨਿਰੀਖਣ ਕਰੇਗੀ ਅਤੇ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੇ ਚੋਣ ਸਹੀ ਹੋਣ ਦੀ ਸੂਚਨਾ ਮਗਰੋਂ ਹੀ ਨਤੀਜੇ ਐਲਾਨੇ ਜਾਣਗੇ।
ਕਮੇਟੀ ਦੀ ਤਸੱਲੀ ਮਗਰੋਂ ਹੀ ਹੋਵੇਗੀ ਗਿਣਤੀ ਤੇ ਨਤੀਜਿਆਂ ਦਾ ਐਲਾਨ
ਲੋਕਤੰਤਰ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੈ ਕਿ ਚੋਣ ਨੋਟੀਫਿਕੇਸ਼ਨ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਚੋਣਾਂ ਤੋਂ ਤੁਰੰਤ ਬਾਅਦ ਗਿਣਤੀ ਨਹੀਂ ਹੋਵੇਗੀ। ਆਮ ਚੋਣਾਂ ਦੇ ਉਲਟ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਜਦੋਂ ਹਾਈਕੋਰਟ ਦੀ ਮਾਨੀਟਰਿੰਗ ਕਮੇਟੀ ਨੂੰ ਤਸੱਲੀ ਤੇ ਗਰੰਟੀ ਹੋ ਜਾਵੇਗੀ ਕਿ ਚੋਣਾਂ ਪਾਰਦਰਸ਼ੀ ਤੇ ਸਾਫ਼-ਸੁਥਰੀਆਂ ਹੋਈਆਂ ਹਨ, ਉਦੋਂ ਹੀ ਗਿਣਤੀ ਕਰਵਾਈ ਜਾਵੇਗੀ। 28 ਨਵੰਬਰ ਨੂੰ 30 ਵਾਰਡਾਂ ਦੀਆਂ ਚੋਣਾਂ ਹੋ ਜਾਣਗੀਆਂ, ਪਰ ਨਤੀਜੇ ਤੁਰੰਤ ਐਲਾਨੇ ਨਹੀਂ ਜਾਣਗੇ। ਸਾਰੇ 30 ਵਾਰਡਾਂ ਦੇ ਉਮੀਦਵਾਰਾਂ ਤੇ ਪੋਲਿੰਗ ਏਜੰਟਾਂ ਦੇ ਸਬੰਧਤ ਫਾਰਮਾਂ ’ਤੇ ਦਸਤਖ਼ਤ ਹੋਣ ਮਗਰੋਂ ਕਮੇਟੀ ਵੋਟਾਂ ਦੀ ਗਿਣਤੀ ਦੀ ਤਾਰੀਕ ਬਾਰੇ ਫੈਸਲਾ ਕਰੇਗੀ। ਜੇਕਰ 28 ਨਵੰਬਰ ਨੂੰ ਧਾਂਦਲੀ, ਹਿੰਸਾ, ਬੂਥ ਕੈਪਚਰਿੰਗ, ਜਾਅਲੀ ਵੋਟਾਂ ਜਾਂ ਪੋਲਿੰਗ ਏਜੰਟਾਂ ਨੂੰ ਡਰਾਉਣ-ਧਮਕਾਉਣ ਦੀ ਕੋਈ ਖ਼ਬਰ, ਵੀਡੀਓ ਜਾਂ ਫੋਟੋ ਸਾਹਮਣੇ ਆਉਂਦੀ ਹੈ ਤਾਂ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਨਤੀਜੇ ਐਲਾਨੇ ਜਾਣਗੇ।















