ਪਾਕਿ ਪਹੁੰਚਦੇ ਹੀ ਮੰਤਰੀ ਮਸੂਦ ਨੇ ਭਾਰਤ ਕੋਲੋਂ ਅੱਤਵਾਦ ’ਤੇ ਮੰਗੇ ਸਬੂਤ

ਇਸਲਾਮਾਬਾਦ – ਪਾਕਿਸਤਾਨ ਦੇ ਮੰਤਰੀ ਮੁਸਾਦਿਕ ਮਸੂਦ ਮਲਿਕ ਨੇ ਐਤਵਾਰ ਨੂੰ ਅੱਤਵਾਦ ਦੇ ਮੁੱਦੇ ’ਤੇ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਆਪੋ-ਆਪਣੇ ਸਬੂਤ ਲੈ ਕੇ ਆਉਣ ਅਤੇ ਇਸ ’ਤੇ ਗੱਲਬਾਤ ਕਰਨ। ਦਿੱਲੀ ’ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਾਕਿਸਤਾਨ ਭਾਰਤ ਨਾਲ ਸਾਰੇ ਜ਼ਰੂਰੀ ਮੁੱਦਿਆਂ ’ਤੇ ਗੱਲਬਾਤ ਲਈ ਤਿਆਰ ਹੈ, ਪਰ ਭਾਰਤ ਨੂੰ ਪਹਿਲਾਂ ਰਸਮੀ ਸੱਦਾ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਉਨ੍ਹਾਂ ਨੂੰ ਹੁਣ ਤੱਕ ਦੁਵੱਲੀ ਗੱਲਬਾਤ ਦਾ ਸੱਦਾ ਨਹੀਂ ਮਿਲਿਆ ਹੈ। ਉਹ ਸ਼ੰਘਾਈ ਸਹਿਯੋਗ ਸੰਗਠਨ ਦੇ ਪ੍ਰੋਗਰਾਮ ’ਚ ਸ਼ਾਮਲ ਹੋਣ ਭਾਰਤ ਆਏ ਹਨ।
ਅੱਤਵਾਦ ’ਤੇ ਸਵਾਲ ਪੁੱਛੇ ਜਾਣ ’ਤੇ ਮਲਿਕ ਨੇ ਕਿਹਾ ਕਿ ਇਸ ਮੁੱਦੇ ’ਤੇ ਸਬੂਤਾਂ ਦੇ ਆਧਾਰ ’ਤੇ ਗੱਲਬਾਤ ਹੋਣੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੱਤਵਾਦ ਨਾਲ ਪਾਕਿਸਤਾਨ ਨੂੰ ਵੀ ਨੁਕਸਾਨ ਹੋਇਆ ਹੈ ਅਤੇ ਉਸ ਦੇ ਹਜ਼ਾਰਾਂ ਨਾਗਰਿਕਾਂ ਦੀ ਜਾਨ ਗਈ ਹੈ। ਮਲਿਕ ਨੇ ਕਿਹਾ ਕਿ ਪਾਕਿਸਤਾਨ ਕਈ ਵਾਰ ਵੱਖ-ਵੱਖ ਮੰਚਾਂ ’ਤੇ ਅੱਤਵਾਦ ਦੇ ਮੁੱਦੇ ’ਤੇ ਗੱਲਬਾਤ ਦੀ ਪੇਸ਼ਕਸ਼ ਕਰ ਚੁੱਕਾ ਹੈ। ਉਨ੍ਹਾਂ ਮੁਤਾਬਕ, ਭਾਰਤ ਅਤੇ ਪਾਕਿਸਤਾਨ ਇਸ ਮੁੱਦੇ ’ਤੇ ਦੁਵੱਲੀ ਗੱਲਬਾਤ ਕਰ ਸਕਦੇ ਹਨ। ਇਸ ਤੋਂ ਇਲਾਵਾ, ਕਈ ਦੇਸ਼ਾਂ ਦੀ ਮੌਜੂਦਗੀ ’ਚ ਵੀ ਇਸ ’ਤੇ ਚਰਚਾ ਹੋ ਸਕਦੀ ਹੈ। ਉਨ੍ਹਾਂ ਕਿਹਾ, “ਤੁਸੀਂ ਆਪਣੇ ਸਬੂਤ ਲੈ ਕੇ ਆਓ ਅਤੇ ਅਸੀਂ ਆਪਣੇ ਸਬੂਤ ਲੈ ਕੇ ਆਵਾਂਗੇ।”