ਨਵੀਂ ਦਿੱਲੀ – ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਜੰਮੂ-ਕਸ਼ਮੀਰ ‘ਚ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨਾਂ ਲਸ਼ਕਰ-ਏ-ਤੋਇਬਾ (LeT) ਅਤੇ ਜੈਸ਼-ਏ-ਮੁਹੰਮਦ (JeM) ਨਾਲ ਜੁੜੇ ‘ਓਵਰਗ੍ਰਾਊਂਡ ਵਰਕਰਾਂ’ (ਜ਼ਮੀਨੀ ਪੱਧਰ ‘ਤੇ ਅੱਤਵਾਦੀਆਂ ਦੇ ਮਦਦਗਾਰ) ਦੇ ਇਕ ਨੈੱਟਵਰਕ ਦੀ ਜਾਂਚ ਕਰਨ ਲਈ ਮਾਮਲਾ ਦਰਜ ਕੀਤਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਐੱਨਆਈਏ ਦਾ ਇਹ ਮਾਮਲਾ ਜੰਮੂ-ਕਸ਼ਮੀਰ ਪੁਲਸ ਵਲੋਂ ਸਤੰਬਰ ‘ਚ ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਇਕ ਨੈੱਟਵਰਕ ਦਾ ਪਰਦਾਫਾਸ਼ ਕਰਨ ਦੇ ਸੰਬੰਧ ‘ਚ ਦਰਜ ਐੱਫਆਈਆਰ ਤੋਂ ਸਾਹਮਣੇ ਆਇਆ ਹੈ।
ਜੰਮੂ-ਕਸ਼ਮੀਰ ਪੁਲਸ ਨੇ ਖੇਤਰ ‘ਚ ਸਰਗਰਮ ਇਕ ਅੱਤਵਾਦੀ ਨੈੱਟਵਰਕ ਦੀ ਜਾਂਚ ਦੌਰਾਨ ਰਾਜੌਰੀ ਜ਼ਿਲ੍ਹੇ ਦੇ ਕੋਟਚਰਵਾਲ ਟੇਰਿਆਥ ਦੇ ਵਸਨੀਕ ਜ਼ਾਕਿਰ ਹੁਸੈਨ ਅਤੇ ਮੁਹੰਮਦ ਆਜ਼ਮ ਨੂੰ ਗ੍ਰਿਫਤਾਰ ਕੀਤਾ ਸੀ। ਸਥਾਨਕ ਪੁਲਸ ਦੇ ਅਨੁਸਾਰ, ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਕਥਿਤ ਤੌਰ ‘ਤੇ ਅੱਤਵਾਦੀਆਂ ਨੂੰ ਲੌਜਿਸਟਿਕਲ ਸਹਾਇਤਾ, ਸੁਰੱਖਿਅਤ ਰਸਤਾ ਅਤੇ ਹੋਰ ਜ਼ਮੀਨੀ ਸਹਾਇਤਾ ਪ੍ਰਦਾਨ ਕਰਨ ‘ਚ ਸ਼ਾਮਲ ਸਨ। ਐੱਨਆਈਏ ਦੀ ਐੱਫਆਈਆਰ ਦੇ ਅਨੁਸਾਰ, 11 ਸਤੰਬਰ ਨੂੰ ਰਾਜੌਰੀ ਜ਼ਿਲ੍ਹੇ ਦੇ ਧਰਮਸਾਲ ਥਾਣੇ ਨੂੰ ਭਰੋਸੇਯੋਗ ਜਾਣਕਾਰੀ ਮਿਲੀ ਸੀ ਕਿ ਹੁਸੈਨ, ਆਜ਼ਮ ਅਤੇ ਉਨ੍ਹਾਂ ਦੇ ਸਾਥੀ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨਾਲ ਨੇੜਲੇ ਸੰਪਰਕ ‘ਚ ਸਨ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ‘ਚ ਮਦਦ ਕਰ ਰਹੇ ਸਨ।
ਐੱਫਆਈਆਰ ‘ਚ ਕਿਹਾ ਗਿਆ ਹੈ ਕਿ ਦੋਸ਼ੀ ਅੱਤਵਾਦੀਆਂ ਨੂੰ ਪਨਾਹ ਦੇ ਰਹੇ ਸਨ ਅਤੇ ਉਨ੍ਹਾਂ ਨੂੰ ਲੁਕਾ ਰਹੇ ਸਨ, ਉਨ੍ਹਾਂ ਨੂੰ ਰਿਹਾਇਸ਼, ਲੌਜਿਸਟਿਕਲ ਸਹਾਇਤਾ, ਸਮੱਗਰੀ ਅਤੇ ਹੋਰ ਸਹਾਇਤਾ ਪ੍ਰਦਾਨ ਕਰ ਰਹੇ ਸਨ। ਦੋਸ਼ ਹੈ ਕਿ ਉਹ ਇਕ ਅਪਰਾਧਿਕ ਸਾਜ਼ਿਸ਼ ਦੇ ਅਧੀਨ ਅੱਤਵਾਦੀਆਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਉਤਸ਼ਾਹ ਦੇ ਰਹੇ ਸਨ ਅਤੇ ਉਨ੍ਹਾਂ ‘ਚ ਮਦਦ ਕਰ ਰਹੇ ਸਨ। ਐੱਨਆਈਏ ਨੇ ਇਹ ਮਾਮਲਾ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ‘ਤੇ ਦਰਜ ਕੀਤਾ ਹੈ। ਆਪਣੇ ਆਦੇਸ਼ ‘ਚ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਅਪਰਾਧ ਦੀ ਗੰਭੀਰਤਾ, ਭਾਰਤ ਦੀ ਸੁਰੱਖਿਆ, ਅਖੰਡਤਾ ਅਤੇ ਪ੍ਰਭੂਸੱਤਾ ‘ਤੇ ਇਸ ਦੇ ਗੰਭੀਰ ਪ੍ਰਭਾਵ ਅਤੇ ਵੱਡੀ ਸਾਜ਼ਿਸ਼ ਨੂੰ ਬੇਨਕਾਬ ਕਰਨ ਦੀ ਜ਼ਰੂਰਤ ਨੂੰ ਦੇਖਦੇ ਹੋਏ ਇਸ ਮਾਮਲੇ ਦੀ ਐੱਨਆਈਏ ਤੋਂ ਜਾਂਚ ਕਰਵਾਉਣਾ ਜ਼ਰੂਰੀ ਹੈ।













