ਕੋਚਿੰਗ ਤੋਂ ਵਾਪਸ ਆ ਰਹੀ ਕੁੜੀ ਨਾਲ ਸਮੂਹਿਕ ਜਬਰ-ਜ਼ਿਨਾਹ

ਗਵਾਲੀਅਰ – ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਬਹੋਦਾਪੁਰ ਥਾਣਾ ਖੇਤਰ ’ਚ 13 ਸਾਲ ਦੀ ਇਕ ਕੁੜੀ ਨਾਲ ਸਮੂਹਿਕ ਜਬਰ-ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦਿਆਰਥਣ ਦੀ ਸ਼ਿਕਾਇਤ ’ਤੇ ਪੁਲਸ ਨੇ 2 ਨੌਜਵਾਨਾਂ ਇਮਰਾਨ ਤੇ ਆਰੀਅਨ ਵਿਰੁੱਧ ਅਗਵਾ, ਹਮਲਾ, ਸਮੂਹਿਕ ਜਬਰ-ਜ਼ਿਨਾਹ ਤੇ ਪੋਕਸੋ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਪੁਲਸ ਅਨੁਸਾਰ ਇਹ ਘਟਨਾ 14 ਨਵੰਬਰ ਨੂੰ ਵਾਪਰੀ। ਵਿਦਿਆਰਥਣ ਦਾ ਦੋਸ਼ ਹੈ ਕਿ ਕੋਚਿੰਗ ਤੋਂ ਘਰ ਵਾਪਸ ਆਉਂਦੇ ਸਮੇਂ ਦੋਵੇਂ ਨੌਜਵਾਨ ਉਸ ਨੂੰ ਜਬਰੀ ਸਕੂਟਰ ’ਤੇ ਬਿਠਾ ਕੇ ਇਕ ਦਰਗਾਹ ਨੇੜੇ ਖਾਲੀ ਬੇਸਮੈਂਟ ’ਚ ਲੈ ਗਏ, ਜਿੱਥੇ ਉਨ੍ਹਾਂ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ। ਜਦੋਂ ਉਸ ਨੇ ਵਿਰੋਧ ਕੀਤਾ ਤੇ ਰੌਲਾ ਪਾਇਆ ਤਾਂ ਮੁਲਜ਼ਮਾਂ ਨੇ ਉਸ ’ਤੇ ਹਮਲਾ ਕੀਤਾ ਅਤੇ ਘਟਨਾ ਬਾਰੇ ਕਿਸੇ ਨੂੰ ਦੱਸਣ ’ਤੇ ਬਦਨਾਮ ਕਰਨ ਦੀ ਧਮਕੀ ਦਿੱਤੀ।