ਹਿਸਾਰ – ਹਰਿਆਣਾ ਪੁਲਸ ਨੇ ਹਿਸਾਰ ਜ਼ਿਲ੍ਹੇ ਦੇ ਉਕਲਾਨਾ ਮੰਡੀ ਖੇਤਰ ‘ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ 11.4 ਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ, ਜਿਸਦੀ ਕੀਮਤ ਲਗਭਗ 60,000 ਰੁਪਏ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।। ਦੋਸ਼ੀ ਦੀ ਪਛਾਣ ਬੁੱਢਾ ਖੇੜਾ ਪਿੰਡ ਦੇ ਵਾਸੀ ਸੁੰਦਰ ਵਜੋਂ ਹੋਈ ਹੈ, ਜਿਸ ਨੂੰ ਇਲਾਕੇ ‘ਚ ਨਸ਼ੀਲੇ ਪਦਾਰਥਾਂ ਦੀ ਵਿਕਰੀ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਫੜ੍ਹ ਲਿਆ ਗਿਆ।
ਸਬ-ਇੰਸਪੈਕਟਰ ਵਿਨੋਦ ਕੁਮਾਰ ਨੇ ਕਿਹਾ ਕਿ ਪੁਲਸ ਦੀ ਇਕ ਟੀਮ ਇਲਾਕੇ ‘ਚ ਗਸ਼ਤ ਕਰ ਰਹੀ ਸੀ, ਉਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਕ ਸ਼ੱਕੀ ਉਕਲਾਨਾ ਮੰਡੀ ‘ਚ ਹੈਰੋਇਨ ਵੇਚ ਰਿਹਾ ਹੈ। ਸੂਚਨਾ ‘ਤੇ ਕਾਰਵਾਈ ਕਰਦਿਆਂ ਪੁਲਸ ਨੇ ਸੁੰਦਰ ਨੂੰ ਰੋਕਿਆ ਅਤੇ ਤਲਾਸ਼ੀ ਦੌਰਾਨ ਉਸ ਤੋਂ 11.4 ਗ੍ਰਾਮ ਹੈਰੋਇਨ ਬਰਾਮਦ ਕੀਤੀ। ਉਸ ਵਿਰੁੱਧ ਉਕਲਾਨਾ ਪੁਲਸ ਸਟੇਸ਼ਨ ‘ਚ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਕਿਹਾ ਕਿ ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ਅਤੇ ਜ਼ਬਤ ਕੀਤੀ ਗਈ ਹੈਰੋਇਨ ਦੇ ਸਰੋਤ ਅਤੇ ਸਪਲਾਈ ਨੈੱਟਵਰਕ ‘ਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਲਈ ਉਸ ਦਾ ਰਿਮਾਂਡ ਮੰਗਿਆ ਜਾਵੇਗਾ।
ਹਿਸਾਰ ਦੇ ਪੁਲਸ ਸੁਪਰਡੈਂਟ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਕਾਰਵਾਈ ਜਾਰੀ ਰਹੇਗੀ ਅਤੇ ਜਾਂਚ ਦਾ ਮੁੱਖ ਧਿਆਨ ਸਿਰਫ਼ ਕੁਝ ਵਿਅਕਤੀਆਂ ਤੱਕ ਗ੍ਰਿਫਤਾਰੀਆਂ ਨੂੰ ਸੀਮਿਤ ਕਰਨ ਦੀ ਬਜਾਏ ਪੂਰੇ ਸਪਲਾਈ ਨੈੱਟਵਰਕ ਦਾ ਪਰਦਾਫਾਸ਼ ਕਰਨ ‘ਤੇ ਹੋਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ‘ਚ ਸ਼ਾਮਲ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।















