ਹਾਥਰਸ – ਉੱਤਰ ਪ੍ਰਦੇਸ਼ ਦੇ ਹਾਥਰਸ ਦੇ ਚਰਚਿਤ ਬੂਲਗੜ੍ਹੀ ਮਾਮਲੇ ਨਾਲ ਜੁੜੇ ਮਾਣਹਾਨੀ ਕੇਸ ਵਿਚ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਅਦਾਲਤ ਵਿਚ ਆਪਣਾ ਜਵਾਬ ਦਾਖ਼ਲ ਕਰ ਦਿੱਤਾ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 7 ਦਸੰਬਰ ਦੀ ਤਰੀਕ ਤੈਅ ਕੀਤੀ ਹੈ। ਸ਼ਿਕਾਇਤਕਰਤਾ ਪੱਖ ਦੇ ਵਕੀਲ ਮੁੰਨਾ ਸਿੰਘ ਪੁੰਢੀਰ ਨੇ ਦੱਸਿਆ ਕਿ ਸਬੰਧਤ ਜੱਜ ਦੇ ਛੁੱਟੀ ’ਤੇ ਹੋਣ ਕਾਰਨ ਸ਼ੁੱਕਰਵਾਰ ਨੂੰ ਸੁਣਵਾਈ ਨਹੀਂ ਹੋ ਸਕੀ ਪਰ ਰਾਹੁਲ ਗਾਂਧੀ ਵੱਲੋਂ ਨੋਟਿਸ ਦਾ ਜਵਾਬ ਦਾਖ਼ਲ ਕਰ ਦਿੱਤਾ ਗਿਆ।
ਇਹ ਮਾਮਲਾ ਬੂਲਗੜ੍ਹੀ ਕਾਂਡ ਵਿਚ ਜਬਰ-ਜ਼ਨਾਹ ਦੇ ਦੋਸ਼ਾਂ ਤੋਂ ਬਰੀ ਹੋਏ ਰਵੀ, ਰਾਮ ਕੁਮਾਰ ਉਰਫ਼ ਰਾਮੂ ਅਤੇ ਲਵਕੁਸ਼ ਵੱਲੋਂ ਦਾਇਰ ਕੀਤਾ ਗਿਆ ਹੈ। ਦੋਸ਼ ਹੈ ਕਿ ਰਾਹੁਲ ਗਾਂਧੀ ਨੇ 12 ਦਸੰਬਰ 2024 ਨੂੰ ਪਿੰਡ ਪਹੁੰਚ ਕੇ ਅਜਿਹੀ ਟਿੱਪਣੀ ਕੀਤੀ ਸੀ, ਜਿਸ ਨਾਲ ਤਿੰਨਾਂ ਨੌਜਵਾਨਾਂ ਦੀ ਮਾਣਹਾਨੀ ਹੋਈ। ਤਿੰਨਾਂ ਨੇ ਹਰੇਕ ਲਈ 50 ਲੱਖ ਰੁਪਏ ਦੇ ਹਿਸਾਬ ਨਾਲ ਕੁੱਲ ਡੇਢ ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ 13 ਮਈ ਨੂੰ ਐੱਮ. ਪੀ.-ਐੱਮ. ਐੱਲ. ਏ. ਅਦਾਲਤ ਨੇ ਰਾਹੁਲ ਗਾਂਧੀ ਖ਼ਿਲਾਫ ਮੁਕੱਦਮਾ ਖ਼ਾਰਿਜ ਕਰ ਦਿੱਤਾ ਸੀ। ਰਿਵੀਜ਼ਨ ਪਟੀਸ਼ਨ ਸਵੀਕਾਰ ਹੋਣ ਤੋਂ ਬਾਅਦ ਹੁਣ ਮਾਮਲੇ ਦੀ ਸੁਣਵਾਈ ਵਧੀਕ ਜ਼ਿਲਾ ਜੱਜ ਦੀ ਅਦਾਲਤ ਵਿਚ ਹੋ ਰਹੀ ਹੈ।















