ਚੰਡੀਗੜ੍ਹ : ਛੱਠ ਪੂਜਾ ਅਤੇ ਹੋਰ ਤਿਉਹਾਰਾਂ ਦੌਰਾਨ ਯਾਤਰੀਆਂ ਦੀ ਵੱਧਦੀ ਭੀੜ ਨੂੰ ਦੇਖਦਿਆਂ ਰੇਲਵੇ ਵੱਲੋਂ ਚੰਡੀਗੜ੍ਹ ਅਤੇ ਬਿਹਾਰ ਵਿਚਕਾਰ ਵਿਸ਼ੇਸ਼ ਰੇਲਗੱਡੀ ਚਲਾਈ ਜਾ ਰਹੀ ਹੈ। ‘ਟਰੇਨ ਆਨ ਡਿਮਾਂਡ’ ਯੋਜਨਾ ਤਹਿਤ ਅੰਬਾਲਾ ਮੰਡਲ ਨੇ ਚੰਡੀਗੜ੍ਹ-ਬਰੌਨੀ-ਚੰਡੀਗੜ੍ਹ ਵਿਚਕਾਰ ਰਾਖਵੀਂ ਸਪੈਸ਼ਲ ਰੇਲਗੱਡੀ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਤਿਉਹਾਰਾਂ ਮੌਕੇ ਬਿਹਾਰ ਜਾਣ ਵਾਲੇ ਯਾਤਰੀਆਂ ਨੂੰ ਵਾਧੂ ਯਾਤਰਾ ਸਹੂਲਤ ਮਿਲੇਗੀ। ਰੇਲਵੇ ਅਨੁਸਾਰ ਰੇਲਗੱਡੀ ਨੰਬਰ 04538 ਚੰਡੀਗੜ੍ਹ-ਬਰੌਨੀ ਸਪੈਸ਼ਲ ਮੰਗਲਵਾਰ ਰਾਤ 10 ਵਜੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ।
ਇਹ ਅੰਬਾਲਾ ਛਾਉਣੀ, ਯਮੁਨਾਨਗਰ, ਸਹਾਰਨਪੁਰ, ਮੁਰਾਦਾਬਾਦ, ਲਖਨਊ, ਵਾਰਾਣਸੀ ਅਤੇ ਛਪਰਾ ਸਮੇਤ ਵੱਖ-ਵੱਖ ਸਟੇਸ਼ਨਾਂ ਤੋਂ ਹੁੰਦੀ ਹੋਈ ਤੀਜੇ ਦਿਨ ਸਵੇਰੇ 3:30 ਵਜੇ ਬਰੌਨੀ ਪਹੁੰਚੇਗੀ। ਵਾਪਸੀ ਲਈ ਰੇਲਗੱਡੀ ਨੰਬਰ 04537 ਬਰੌਨੀ-ਚੰਡੀਗੜ੍ਹ ਸਪੈਸ਼ਲ 12 ਨਵੰਬਰ ਨੂੰ ਸਵੇਰੇ 6:30 ਵਜੇ ਬਰੌਨੀ ਤੋਂ ਚੱਲੇਗੀ ਅਤੇ ਛਪਰਾ, ਵਾਰਾਣਸੀ, ਲਖਨਊ, ਮੁਰਾਦਾਬਾਦ, ਸਹਾਰਨਪੁਰ, ਯਮੁਨਾਨਗਰ ਤੇ ਅੰਬਾਲਾ ਛਾਉਣੀ ਹੁੰਦੀ ਹੋਈ ਅਗਲੇ ਦਿਨ ਦੁਪਹਿਰ 1:20 ਵਜੇ ਚੰਡੀਗੜ੍ਹ ਪਹੁੰਚੇਗੀ। ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਸਫ਼ਰ ਦੌਰਾਨ ਸੰਜਮ ਬਣਾਈ ਰੱਖਣ ਅਤੇ ਰੇਲਗੱਡੀ ਵਿੱਚ ਚੜ੍ਹਨ ਤੇ ਉਤਰਨ ਸਮੇਂ ਜਲਦਬਾਜ਼ੀ ਅਤੇ ਧੱਕਾ-ਮੁੱਕੀ ਤੋਂ ਬਚਣ ਦੀ ਅਪੀਲ ਕੀਤੀ ਹੈ।















