ਢਾਕਾ, – ਬੰਗਲਾਦੇਸ਼ ਵਿਚ ਮੰਗਲਵਾਰ ਨੂੰ ਇਕ ਮਦਰੱਸੇ ਵਿਚ ਅੱਗ ਲੱਗਣ ਤੋਂ ਬਾਅਦ ਧੂੰਏਂ ਕਾਰਨ ਘੱਟੋ-ਘੱਟ 79 ਵਿਦਿਆਰਥੀ ਬੀਮਾਰ ਹੋ ਗਏ, ਜਿਨ੍ਹਾਂ ਵਿਚੋਂ 4 ਵਿਦਿਆਰਥੀਆਂ ਦੀ ਹਾਲਤ ਗੰਭੀਰ ਹੈ। ਅੱਗ ਬੁਝਾਊ ਵਿਭਾਗ ਨੇ ਦੱਸਿਆ ਕਿ ਅੱਗ ਰਾਜਧਾਨੀ ਢਾਕਾ ਤੋਂ ਲਗਭਗ 16 ਕਿਲੋਮੀਟਰ ਦੂਰ ਨਾਰਾਇਣਗੰਜ ਸਥਿਤ ਜਾਨੀਆ ਅਸ਼ਰਫੀਆ ਮਦਰੱਸੇ ਵਿਚ ਲੱਗੀ।
ਵਿਦਿਆਰਥੀਆਂ ਨੂੰ ਇਲਾਜ ਲਈ ਢਾਕਾ ਦੇ ‘ਨੈਸ਼ਨਲ ਇੰਸਟੀਚਿਊਟ ਆਫ਼ ਬਰਨ ਐਂਡ ਪਲਾਸਟਿਕ ਸਰਜਰੀ’ ਵਿਚ ਲਿਜਾਇਆ ਗਿਆ। ਮੈਡੀਕਲ ਸੰਸਥਾ ਦੇ ਡਾਕਟਰ ਸੁਲਤਾਨ ਮਹਿਮੂਦ ਸ਼ਿਕਦਰ ਨੇ ਦੱਸਿਆ ਕਿ ਇਨ੍ਹਾਂ ’ਚੋਂ 63 ਵਿਦਿਆਰਥੀਆਂ ਨੂੰ ਹਸਪਤਾਲ ਵਿਚ ਦਾਖਲ ਕੀਤਾ ਗਿਆ ਜਾਂ ਐਮਰਜੈਂਸੀ ਨਿਗਰਾਨੀ ਹੇਠ ਰੱਖਿਆ ਗਿਆ, ਜਦਕਿ ਮੁੱਢਲੇ ਇਲਾਜ ਤੋਂ ਬਾਅਦ 16 ਵਿਦਿਆਰਥੀਆਂ ਨੂੰ ਛੁੱਟੀ ਦੇ ਦਿੱਤੀ ਗਈ। ਉਨ੍ਹਾਂ ਦੱਸਿਆ ਕਿ 14 ਤੋਂ 22 ਸਾਲ ਦੀ ਉਮਰ ਦੇ ਚਾਰ ਵਿਦਿਆਰਥੀ ਆਈ. ਸੀ. ਯੂ. ਵਿਚ ਦਾਖਲ ਹਨ, ਜਿਨ੍ਹਾਂ ਵਿਚੋਂ ਇਕ ਵਿਦਿਆਰਥੀ ਨੂੰ ਲਾਈਫ ਸਪੋਰਟ ਸਿਸਟਮ ’ਤੇ ਰੱਖਿਆ ਗਿਆ ਹੈ।















