ਨਵੀਂ ਦਿੱਲੀ : ਜਿੱਥੇ ਝੁੱਗੀ ਉੱਥੇ ਮਕਾਨ ਯੋਜਨਾ ਤਹਿਤ ਝੁੱਗੀ ਬਸਤੀਆਂ ਵਿਚ ਰਹਿਣ ਵਾਲੇ ਗਰੀਬਾਂ ਨੂੰ ਦਿੱਲੀ ਸਰਕਾਰ ਨੇ ਦੀਵਾਲੀ ਮੌਕੇ ਰਿਹਾਇਸ਼ ਉਪਲਬਧ ਕਰਵਾਉਣ ਦਾ ਤੋਹਫ਼ਾ ਦਿੱਤਾ ਹੈ। ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਹੇਠ ਸਰਕਾਰ ਨੇ ‘ਦਿੱਲੀ ਝੁੱਗੀ ਅਤੇ ਝੁੱਗੀ-ਝੌਂਪੜੀ ਮੁੜ-ਵਸੇਬਾ ਅਤੇ ਮੁੜ-ਸਥਾਪਨਾ ਨੀਤੀ-2026’ (ਦਿੱਲੀ ਸਲੱਮ ਐਂਡ ਝੁੱਗੀ ਝੌਂਪੜੀ ਰੀਲੋਕੇਸ਼ਨ ਐਂਡ ਰੀਹੈਬਿਲੀਟੇਸ਼ਨ ਪਾਲਿਸੀ-2026) ਨੋਟੀਫਾਈਡ ਕੀਤਾ ਹੈ।
ਨਵੀਂ ਨੀਤੀ ਤਹਿਤ 1 ਜਨਵਰੀ 2025 ਤੱਕ ਸਥਾਪਿਤ ਝੁੱਗੀਆਂ ਵਿਚ ਰਹਿਣ ਵਾਲੇ ਯੋਗ ਪਰਿਵਾਰਾਂ ਨੂੰ ਇਸ ਵਿਚ ਸ਼ਾਮਲ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ। ਰੇਖਾ ਗੁਪਤਾ ਸਰਕਾਰ ਦੇ ਇਸ ਫ਼ੈਸਲੇ ਨਾਲ ਰਾਜਧਾਨੀ ਦੀਆਂ ਝੁੱਗੀ ਬਸਤੀਆਂ ਵਿਚ ਰਹਿਣ ਵਾਲੇ ਯੋਗ ਪਰਿਵਾਰਾਂ ਨੂੰ ਪੱਕੇ ਅਤੇ ਸੁਰੱਖਿਅਤ ਮਕਾਨ ਜਲਦ ਮਿਲਣ ਦੀ ਉਮੀਦ ਤੇਜ਼ ਹੋ ਗਈ ਹੈ। ਦੱਸਿਆ ਜਾਂਦਾ ਹੈ ਕਿ ਇਸ ਨੀਤੀ ਨਾਲ ਦਿੱਲੀ ਦੀਆਂ ਝੁੱਗੀ ਬਸਤੀਆਂ ਵਿਚ ਰਹਿਣ ਵਾਲੇ ਲਗਭਗ 4 ਤੋਂ 5 ਲੱਖ ਪਰਿਵਾਰਾਂ ਭਾਵ ਲੱਗਭਗ 20 ਲੱਖ ਲੋਕਾਂ ਦਾ ਪੱਕੇ ਘਰ ਵਿਚ ਰਹਿਣ ਦਾ ਸੁਪਨਾ ਪੂਰਾ ਹੋਵੇਗਾ।















