ਵਾਸ਼ਿੰਗਟਨ ਡੀ.ਸੀ. : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿਚ ਜੇਤੂ ਰਹੀ ਵਿਰੋਧੀ ਧਿਰ ਮਤਲਬ ਡੈਮਕ੍ਰੇਟਸ ਨੂੰ ਇਕ ਸਪੱਸ਼ਟ ਸੰਦੇਸ਼ ਦਿੱਤਾ ਹੈ। ਇਸ ਦੇ ਤਹਿਤ ਟਰੰਪ ਨੇ ‘ਓਵਲ ਆਫਿਸ’ (ਰਾਸ਼ਟਰਪਤੀ ਦੇ ਦਫ਼ਤਰ) ਨੂੰ ਇੱਕ ਸਪੱਸ਼ਟ ਸਿਆਸੀ ਰੰਗਤ ਦਿੱਤੀ। ਉਨ੍ਹਾਂ ਨੇ ਇਤਿਹਾਸਕ ‘ਰੈਜ਼ੋਲਿਊਟ ਡੈਸਕ’ ‘ਤੇ ਇੱਕ ਵੱਡੀ ਲਾਲ ਟੋਪੀ ਰੱਖੀ, ਜਿਸ ‘ਤੇ “ਵੀਟੋ” (VETO) ਸ਼ਬਦ ਲਿਖਿਆ ਹੋਇਆ ਹੈ। ਇਹ ਘਟਨਾ ਮੱਧਕਾਲੀ ਚੋਣਾਂ ਵਿੱਚ ਡੈਮੋਕ੍ਰੇਟਸ ਦੁਆਰਾ ਕਾਂਗਰਸ ਦੇ ਦੋਵਾਂ ਸਦਨਾਂ ‘ਤੇ ਕੰਟਰੋਲ ਹਾਸਲ ਕਰਨ ਦੇ ਕੁਝ ਦਿਨਾਂ ਬਾਅਦ ਵਾਪਰੀ ਹੈ।
ਇਹ ਟੋਪੀ ਉਦੋਂ ਸਾਹਮਣੇ ਆਈ, ਜਦੋਂ ਟਰੰਪ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਉਸ ਸਮੇਂ ਉਹ ਇਕ ਘੋਸ਼ਣਾ ਪੱਤਰ ‘ਤੇ ਦਸਤਖ਼ਤ ਕਰ ਰਹੇ ਸਨ, ਜਿਸ ਦਾ ਉਦੇਸ਼ ‘ਐਂਟੀਕੁਇਟੀਜ਼ ਐਕਟ’ ਤਹਿਤ ਓਵਲ ਆਫ਼ਿਸ ਅਤੇ ਕੈਬਨਿਟ ਰੂਮ ਨੂੰ ਰਾਸ਼ਟਰੀ ਸਮਾਰਕਾਂ ਵਜੋਂ ਸੰਭਾਲਣਾ ਹੈ। ਬ੍ਰੀਫਿੰਗ ਦੌਰਾਨ ਉਨ੍ਹਾਂ ਦੇ ਡੈਸਕ ‘ਤੇ ਰੱਖੀ ਇਹ ਲਾਲ ਟੋਪੀ, ਜਿਸ ‘ਤੇ ਵੱਡੇ ਅੱਖਰਾਂ ਵਿਚ ‘ਵੀਟੋ’ ਲਿਖਿਆ ਸੀ, ਸਾਫ ਤੌਰ ‘ਤੇ ਦਿਖਾਈ ਦੇ ਰਹੀ ਸੀ।
ਟਰੰਪ ਦੇ ਇਸ ਕਦਮ ਤੋਂ ਇਹ ਸੰਕੇਤ ਮਿਲਦਾ ਹੈ ਕਿ ਉਹ ਡੈਮੋਕ੍ਰੇਟਸ ਦੇ ਕਾਨੂੰਨੀ ਏਜੰਡੇ ਨੂੰ ਰੋਕਣ ਲਈ ਆਪਣੇ ਸੰਵਿਧਾਨਕ ਅਧਿਕਾਰਾਂ ਦੀ ਵਰਤੋਂ ਕਰਨ ਲਈ ਤਿਆਰ ਹਨ। 3 ਨਵੰਬਰ ਦੀਆਂ ਮੱਧਕਾਲੀ ਚੋਣਾਂ ਵਿੱਚ ਜਿੱਤ ਤੋਂ ਬਾਅਦ ਡੈਮੋਕ੍ਰੇਟਸ ਕੋਲ ਹੁਣ ਨਿਗਰਾਨੀ ਕਰਨ ਦੀਆਂ ਵਧੇਰੇ ਸ਼ਕਤੀਆਂ ਆ ਗਈਆਂ ਹਨ। ਇਸ ਤੋਂ ਪਹਿਲਾਂ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਵੀ ‘VETO’ ਲਿਖੀ ਲਾਲ ਕੈਪ ਦੀ ਤਸਵੀਰ ਸਾਂਝੀ ਕੀਤੀ ਸੀ।
“ਜੇਕਰ ਬੇਤੁਕੇ ਪ੍ਰਸਤਾਵ ਆਉਣਗੇ ਤਾਂ ਮੈਂ ਵੀਟੋ ਕਰਾਂਗਾ”: ਟਰੰਪ
‘ਫੌਕਸ ਨਿਊਜ਼’ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਰਾਸ਼ਟਰਪਤੀ ਕੋਲ ਉਪਲਬਧ ਸ਼ਕਤੀਆਂ ਵਿੱਚੋਂ ਵੀਟੋ ਦੀ ਸ਼ਕਤੀ ਸਭ ਤੋਂ ਮਜ਼ਬੂਤ ਅਧਿਕਾਰਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ, “ਜੇਕਰ ਡੈਮੋਕ੍ਰੇਟਸ ਅਜਿਹੇ ਪ੍ਰਸਤਾਵ ਭੇਜਣਗੇ ਜੋ ਬੇਤੁਕੇ ਹੋਣਗੇ, ਤਾਂ ਮੈਂ ਉਨ੍ਹਾਂ ‘ਤੇ ਵੀਟੋ ਦੀ ਵਰਤੋਂ ਕਰਾਂਗਾ”। ਹਾਲਾਂਕਿ ‘ਪੋਲਿਟਿਕੋ’ ਨੂੰ ਦਿੱਤੀ ਇੱਕ ਹੋਰ ਇੰਟਰਵਿਊ ਵਿੱਚ ਟਰੰਪ ਨੇ ਇਹ ਵੀ ਸੰਕੇਤ ਦਿੱਤਾ ਕਿ ਉਹ ਬਾਕੀ ਰਹਿੰਦੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਸਿਰਫ਼ ਵੀਟੋ ਕਰਨ ਵਿੱਚ ਹੀ ਸਮਾਂ ਬਿਤਾਉਣਾ ਨਹੀਂ ਚਾਹੁੰਦੇ ਅਤੇ ਨਾ ਹੀ ਸਿਆਸੀ ਟਕਰਾਅ ਚਾਹੁੰਦੇ ਹਨ।
ਅਮਰੀਕੀ ਸੰਵਿਧਾਨ ਦੀ ਧਾਰਾ 1, ਸੈਕਸ਼ਨ 7 ਦੇ ਤਹਿਤ ਰਾਸ਼ਟਰਪਤੀ ਕੋਲ ਸੰਸਦ ਦੁਆਰਾ ਪਾਸ ਕੀਤੇ ਗਏ ਕਿਸੇ ਵੀ ਬਿਲ ਨੂੰ ਰੱਦ (ਵੀਟੋ) ਕਰਨ ਦਾ ਅਧਿਕਾਰ ਹੁੰਦਾ ਹੈ। ਹਾਲਾਂਕਿ ਅਮਰੀਕੀ ਸੰਸਦ (ਕਾਂਗਰਸ) ਦੇ ਮੈਂਬਰ ਰਾਸ਼ਟਰਪਤੀ ਦੇ ਇਸ ਵੀਟੋ ਨੂੰ ਰੱਦ ਕਰ ਸਕਦੇ ਹਨ, ਪਰ ਇਸ ਦੇ ਲਈ ਪ੍ਰਤੀਨਿਧੀ ਸਭਾ ਅਤੇ ਸੀਨੇਟ ਦੋਵਾਂ ਸਦਨਾਂ ਵਿੱਚ ਦੋ-ਤਿਹਾਈ ਦਾ ਬਹੁਮਤ ਹੋਣਾ ਲਾਜ਼ਮੀ ਹੈ।















