ਲਖਨਊ : ਦੀਵਾਲੀ ਦੇ ਤਿਉਹਾਰ ਤੋਂ ਠੀਕ ਪਹਿਲਾਂ ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਆਨਾਥ ਸਰਕਾਰ ਨੇ ਸੂਬੇ ਦੇ ਲੱਖਾਂ ਸਰਕਾਰੀ ਕਰਮਚਾਰੀਆਂ ਲਈ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਸਾਲ 2025-2026 ਲਈ ਕਰਮਚਾਰੀਆਂ ਨੂੰ 30 ਦਿਨਾਂ ਦਾ ਐਡਹੌਕ ਬੋਨਸ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਰਾਜਪਾਲ ਆਨੰਦੀਬੇਨ ਪਟੇਲ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਵਿੱਤ ਵਿਭਾਗ ਦੇ ਪ੍ਰਮੁੱਖ ਸਕੱਤਰ ਆਲੋਕ ਕੁਮਾਰ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤਾ ਹੈ। ਇਸ ਫੈਸਲੇ ਨਾਲ ਸੂਬੇ ਦੇ ਲਗਭਗ 15 ਲੱਖ ਕਰਮਚਾਰੀਆਂ ਨੂੰ ਸਿੱਧਾ ਫਾਇਦਾ ਮਿਲੇਗਾ।
ਇਸ ਫੈਸਲੇ ਦੇ ਘੇਰੇ ਵਿੱਚ ਨਾਨ-ਗਜ਼ਟਿਡ ਰਾਜ ਕਰਮਚਾਰੀਆਂ ਤੋਂ ਇਲਾਵਾ ਸਿੱਖਿਆ ਸੰਸਥਾਵਾਂ, ਸਥਾਨਕ ਨਿਕਾਯਾਂ, ਜ਼ਿਲ੍ਹਾ ਪੰਚਾਇਤਾਂ ਦੇ ਯੋਗ ਕਰਮਚਾਰੀ ਅਤੇ ਦੈਨਿਕ ਵੇਤਨ ਭੋਗੀ (ਦਿਹਾੜੀਦਾਰ) ਕਰਮਚਾਰੀ ਸ਼ਾਮਲ ਹਨ। ਇਸ ਨਾਲ ਲਗਭਗ 14.82 ਲੱਖ ਨਾਨ-ਗਜ਼ਟਿਡ ਕਰਮਚਾਰੀਆਂ ਨੂੰ ਲਾਭ ਪਹੁੰਚੇਗਾ। ਬੋਨਸ ਦੀ ਗਣਨਾ ਲਈ ਅਧਿਕਤਮ ਮਾਸਿਕ ਤਨਖਾਹ ਦੀ ਸੀਮਾ 7,000 ਰੁਪਏ ਤੈਅ ਕੀਤੀ ਗਈ ਹੈ, ਜਿਸ ਤਹਿਤ ਯੋਗ ਕਰਮਚਾਰੀਆਂ ਨੂੰ ਵੱਧ ਤੋਂ ਵੱਧ 6,908 ਰੁਪਏ ਦਿੱਤੇ ਜਾਣਗੇ।
ਜਾਰੀ ਹੁਕਮਾਂ ਅਨੁਸਾਰ ਬੋਨਸ ਦੀ ਰਾਸ਼ੀ ਵਿੱਚ ਨਕਦ ਅਤੇ ਬਚਤ ਦੋਵਾਂ ਦਾ ਧਿਆਨ ਰੱਖਿਆ ਗਿਆ ਹੈ। ਬੋਨਸ ਦੀ ਕੁੱਲ ਰਾਸ਼ੀ ਦਾ 25 ਫ਼ੀਸਦੀ ਹਿੱਸਾ ਕਰਮਚਾਰੀਆਂ ਨੂੰ ਤੁਰੰਤ ਨਕਦ ਦਿੱਤਾ ਜਾਵੇਗਾ, ਜਦਕਿ ਬਾਕੀ 75 ਫ਼ੀਸਦੀ ਰਾਸ਼ੀ ਕਰਮਚਾਰੀ ਦੇ ਜਨਰਲ ਪ੍ਰੋਵਿਡੈਂਟ ਫੰਡ (GPF) ਖਾਤੇ ਵਿੱਚ ਜਮ੍ਹਾਂ ਕਰਵਾਈ ਜਾਵੇਗੀ। ਜਿਹੜੇ ਕਰਮਚਾਰੀ ਜੀ.ਪੀ.ਐੱਫ. ਦੇ ਮੈਂਬਰ ਨਹੀਂ ਹਨ, ਉਨ੍ਹਾਂ ਦਾ ਹਿੱਸਾ ਨੈਸ਼ਨਲ ਸੇਵਿੰਗਜ਼ ਸਰਟੀਫਿਕੇਟ (NSC) ਜਾਂ ਪਬਲਿਕ ਪ੍ਰੋਵਿਡੈਂਟ ਫੰਡ (PPF) ਦੇ ਰੂਪ ਵਿੱਚ ਜਮ੍ਹਾਂ ਕੀਤਾ ਜਾਵੇਗਾ।
ਸਰਕਾਰ ਨੇ ਸੇਵਾਮੁਕਤ ਹੋਣ ਵਾਲੇ ਕਰਮਚਾਰੀਆਂ ਲਈ ਵਿਸ਼ੇਸ਼ ਰਾਹਤ ਦਿੱਤੀ ਹੈ। ਜਿਹੜੇ ਕਰਮਚਾਰੀ ਇਸ ਸਾਲ 31 ਮਾਰਚ ਤੋਂ ਬਾਅਦ ਸੇਵਾਮੁਕਤ ਹੋ ਚੁੱਕੇ ਹਨ ਜਾਂ ਅਗਲੇ ਸਾਲ 30 ਅਪ੍ਰੈਲ ਤੱਕ ਸੇਵਾਮੁਕਤ ਹੋਣ ਵਾਲੇ ਹਨ, ਉਨ੍ਹਾਂ ਨੂੰ ਬੋਨਸ ਦੀ ਪੂਰੀ ਰਾਸ਼ੀ 100 ਫ਼ੀਸਦੀ ਨਕਦ ਦਿੱਤੀ ਜਾਵੇਗੀ।
ਦੈਨਿਕ ਵੇਤਨ ਭੋਗੀ (ਦਿਹਾੜੀਦਾਰ) ਕਰਮਚਾਰੀਆਂ ਲਈ ਵੱਧ ਤੋਂ ਵੱਧ 1,184 ਰੁਪਏ ਬੋਨਸ ਦੇਣ ਦਾ ਪ੍ਰਾਵਧਾਨ ਕੀਤਾ ਗਿਆ ਹੈ। ਇਹ ਲਾਭ ਉਨ੍ਹਾਂ ਦਿਹਾੜੀਦਾਰ ਕਰਮਚਾਰੀਆਂ ਨੂੰ ਮਿਲੇਗਾ ਜੋ ਹਫ਼ਤੇ ਵਿੱਚ 6 ਦਿਨ ਕੰਮ ਕਰਨ ਵਾਲੇ ਦਫ਼ਤਰਾਂ ਵਿੱਚ ਘੱਟੋ-ਘੱਟ 3 ਸਾਲਾਂ ਤੋਂ ਲਗਾਤਾਰ ਸੇਵਾ ਨਿਭਾ ਰਹੇ ਹਨ ਅਤੇ ਹਰ ਸਾਲ ਘੱਟੋ-ਘੱਟ 240 ਦਿਨ ਕੰਮ ਕੀਤਾ ਹੈ।















