ਕਾਂਗਰਸ ਨੇ 200 ਤੋਂ ਵੱਧ ਪਾਰਟੀ ਅਹੁਦੇਦਾਰਾਂ ਨੂੰ ਕੀਤਾ ਸਸਪੈਂਡ

ਨਵੀਂ ਦਿੱਲੀ- ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ 1 ਨਵੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿਖੇ ਇੰਡੀਆ ਗਠਜੋੜ ਵੱਲੋਂ ਕੀਤੀ ਗਈ ਵਿਸ਼ਾਲ ਰੈਲੀ ‘ਚ ਸ਼ਾਮਲ ਨਾ ਹੋਣ ‘ਤੇ ਭਾਰਤੀ ਯੂਥ ਕਾਂਗਰਸ ਨੇ ਵੱਡੀ ਅਨੁਸ਼ਾਸਨੀ ਕਾਰਵਾਈ ਕੀਤੀ ਹੈ। ਪਾਰਟੀ ਨੇ ਅਨੁਸ਼ਾਸਨਹੀਣਤਾ ਅਤੇ ਗੈਰ-ਹਾਜ਼ਰੀ ਦੇ ਦੋਸ਼ ਹੇਠ ਹੁਣ ਤੱਕ 200 ਤੋਂ ਵੱਧ ਅਹੁਦੇਦਾਰਾਂ ਨੂੰ ਸਸਪੈਂਡ ਕਰ ਦਿੱਤਾ ਹੈ ਅਤੇ ਪਾਰਟੀ ਸੂਤਰਾਂ ਅਨੁਸਾਰ ਇਹ ਗਿਣਤੀ 500 ਤੱਕ ਪਹੁੰਚ ਸਕਦੀ ਹੈ।
ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਯੂਥ ਕਾਂਗਰਸ ਨੇ ਮੱਧ ਪ੍ਰਦੇਸ਼ ‘ਚ 60, ਗੁਜਰਾਤ ‘ਚ 49, ਪੱਛਮੀ ਬੰਗਾਲ ‘ਚ 26, ਝਾਰਖੰਡ ‘ਚ 32, ਉੱਤਰ ਪ੍ਰਦੇਸ਼ ‘ਚ 11, ਤੇਲੰਗਾਨਾ ‘ਚ 14, ਹਿਮਾਚਲ ਪ੍ਰਦੇਸ਼ ‘ਚ 13 ਅਤੇ ਹਰਿਆਣਾ ‘ਚ 10 ਅਹੁਦੇਦਾਰਾਂ ਨੂੰ ਸਸਪੈਂਡ ਕਰ ਦਿੱਤਾ ਹੈ, ਜਿਨ੍ਹਾਂ ਦੀ ਗਿਣਤੀ ਹੋਰ ਵਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਰੈਲੀ ‘ਚ ਅਹੁਦੇਦਾਰਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਮਿੰਟੋ ਰੋਡ ‘ਤੇ ਬਾਰਕੋਡ ਸਕੈਨਰ ਲਗਾਏ ਗਏ ਸਨ ਅਤੇ ਯੂਥ ਕਾਂਗਰਸ ਦੀ ਅਧਿਕਾਰਤ ਐਪ ‘With IYC’ ਰਾਹੀਂ ਰਜਿਸਟ੍ਰੇਸ਼ਨ ਲਾਜ਼ਮੀ ਕੀਤੀ ਗਈ ਸੀ। ਦਾਅਵਾ ਕੀਤਾ ਗਿਆ ਸੀ ਕਿ 15,000 ਤੋਂ ਵੱਧ ਵਰਕਰ ਪਹੁੰਚੇ ਸਨ, ਪਰ ਐਪ ‘ਤੇ ਸਿਰਫ਼ 2,831 ਅਹੁਦੇਦਾਰ ਹੀ ਰਜਿਸਟਰ ਹੋਏ, ਜਿਸ ਤੋਂ ਬਾਅਦ ਇਹ ਜਾਂਚ ਸ਼ੁਰੂ ਹੋਈ ਤੇ ਕਾਰਵਾਈ ਕੀਤੀ ਗਈ ਹੈ।
ਭਾਰਤੀ ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਉਦੇ ਭਾਨੂ ਚਿਬ ਨੇ ਕਿਹਾ ਕਿ ਪਾਰਟੀ ਵਿੱਚ ਅਨੁਸ਼ਾਸਨ ਅਤੇ ਜਵਾਬਦੇਹੀ ਬਣਾਏ ਰੱਖਣ ਲਈ ਇਹ ਕਦਮ ਚੁੱਕਿਆ ਗਿਆ ਹੈ। ਗੈਰ-ਜ਼ਿੰਮੇਵਾਰ ਆਗੂਆਂ ਨੂੰ ਹਟਾ ਕੇ ਮਿਹਨਤੀ ਵਰਕਰਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਕਾਂਗਰਸ ਦੇ ਵਾਰ ਰੂਮ ਨੇ ਜ਼ਿਲ੍ਹਾ ਪ੍ਰਧਾਨਾਂ ਦੀ ਹਾਜ਼ਰੀ ਦਾ ਰਿਵਿਊ ਵੀ ਸ਼ੁਰੂ ਕਰ ਦਿੱਤਾ ਹੈ, ਜਿਸ ਤੋਂ ਬਾਅਦ ਵੱਡੇ ਪੱਧਰ ‘ਤੇ ਹੋਰ ਕਾਰਵਾਈ ਦੀ ਸੰਭਾਵਨਾ ਹੈ।