ਪ੍ਰਦੂਸ਼ਣ ਘਟਾਉਣਾ ਭਵਿੱਖ ਦੀ ਸਭ ਤੋਂ ਵੱਡੀ ਚੁਣੌਤੀ : ਨਿਤਿਨ ਗਡਕਰੀ

ਨਵੀਂ ਦਿੱਲੀ : ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਵਿਚ ਪ੍ਰਦੂਸ਼ਣ ਘਟਾਉਣਾ ਭਵਿੱਖ ਦੀ ਸਭ ਤੋਂ ਵੱਡੀ ਚੁਣੌਤੀ ਹੋਵੇਗੀ। ‘ਈ. ਵੀ. ਇਕੋਸਿਸਟਮ ਐਵਾਰਡਜ਼’ ਪ੍ਰੋਗਰਾਮ ਮੌਕੇ ਗਡਕਰੀ ਨੇ ਕਿਹਾ ਕਿ ਭਾਰਤ ਇਲੈਕਟ੍ਰਿਕ ਵਾਹਨਾਂ ਦੇ ਉਤਪਾਦਨ ਵਿਚ ਆਤਮਨਿਰਭਰ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ, ਕਿਉਂਕਿ ਫਾਸਿਲ ਫਿਊਲ ਨਾਲ ਚੱਲਣ ਵਾਲੇ ਵਾਹਨਾਂ ਦੀ ਤੁਲਨਾ ਵਿਚ ਈ. ਵੀ. ਦਾ ਸੰਚਾਲਨ ਖਰਚ ਘੱਟ ਹੈ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਇਕ ਵੱਡੀ ਸਮੱਸਿਆ ਹੈ। ਤੁਹਾਨੂੰ ਪਤਾ ਹੈ ਕਿ ਅੱਜ ਦਿੱਲੀ ਵਿਚ ਪ੍ਰਦੂਸ਼ਣ ਦਾ ਪੱਧਰ ਕਿੰਨਾ ਜ਼ਿਆਦਾ ਹੈ।
ਗਡਕਰੀ ਨੇ ਕਿਹਾ ਕਿ 22 ਲੱਖ ਕਰੋੜ ਰੁਪਏ ਦੇ ਦਰਾਮਦ ਬਿੱਲ ਨੂੰ ਘਟਾਉਣ ਅਤੇ ਪ੍ਰਦੂਸ਼ਣ ਘਟਾਉਣ ਲਈ ਫਾਸਿਲ ਫਿਊਲ ਦੀ ਦਰਾਮਦ ਘੱਟ ਕਰਨ ਅਤੇ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਮੰਤਰੀ ਨੇ ਕਿਹਾ ਕਿ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਸਰਕਾਰ ਦਾ ਸਭ ਤੋਂ ਮਹੱਤਵਪੂਰਨ ਏਜੰਡਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਮਲਕੀਅਤ ਵਾਲੇ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ. ਐੱਚ. ਏ. ਆਈ.) ਨੇ ਅਗਲੇ ਦੋ ਸਾਲਾਂ ਵਿਚ 700 ਚਾਰਜਿੰਗ ਸਟੇਸ਼ਨ ਸਥਾਪਿਤ ਕਰਨ ਦਾ ਟੀਚਾ ਰੱਖਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਗਲੇ ਸਾਲ ਤੱਕ ਵਿਕਣ ਵਾਲੀਆਂ ਘੱਟੋ-ਘੱਟ 35 ਤੋਂ 40 ਫੀਸਦੀ ਕਾਰਾਂ ਇਲੈਕਟ੍ਰਿਕ ਹੋਣਗੀਆਂ।