ਸੰਗਰੂਰ : ਪੰਜਾਬ ਕਾਂਗਰਸ ਵਲੋਂ ਅੱਜ ਸੰਗਰੂਰ ਵਿਖੇ ਇਨਸਾਫ਼ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ‘ਚ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰੁਜਨ ਖੜਗੇ ਅਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਪੁੱਜੇ ਹੋਏ ਹਨ। ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਸ ਰੈਲੀ ਦੌਰਾਨ ਲੋਕਾਂ ਦਾ ਭਾਰੀ ਇਕੱਠ ਹੋਇਆ ਹੈ ਅਤੇ ਇੰਝ ਲੱਗਦਾ ਹੈ ਕਿ ਜਿਵੇਂ ਲੋਕ ਵਿਆਹ ‘ਚ ਆਏ ਹੋਣ।
ਉਨ੍ਹਾਂ ਨੇ ਮੁੱਖ ਮੰਤਰੀ ਮਾਨ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇਸ ਸਰਕਾਰ ਦੀਆਂ ਰੈਲੀਆਂ ਦੌਰਾਨ ਲੋਕਾਂ ਦੀ ਬਹੁਤ ਘੱਟ ਗਿਣਤੀ ਨਜ਼ਰ ਆਉਂਦੀ ਹੈ। ਚੰਨੀ ਨੇ ਕਿਹਾ ਕਿ ਪੰਜਾਬ ‘ਚ ਕਾਂਗਰਸ ਸਰਕਾਰ ਦੇ ਵੇਲੇ ਬਿਜਲੀ ਦੇ ਬਿੱਲ ਮੁਆਫ਼ ਕੀਤੇ, ਕਿਸਾਨਾਂ ਨੂੰ ਮੁਆਵਜ਼ਾ ਦਿੱਤਾ, ਟਿਊਬਵੈੱਲਾਂ ਦੇ ਬਿੱਲ ਮੁਆਫ਼ ਕੀਤੇ। ਇਸ ਤੋਂ ਇਲਾਵਾ ਪੈਟਰੋਲ-ਡੀਜ਼ਲ ਵੀ ਸਸਤਾ ਕੀਤਾ ਅਤੇ ਲਾਲ ਡੋਰਾ ਸਕੀਮ ਚਲਾਈ।
ਇਸੇ ਤਰ੍ਹਾਂ ਗਊਸ਼ਾਲਾਵਾਂ ਨੂੰ 5-5 ਲੱਖ ਅਤੇ ਕਿਸਾਨ ਮੋਰਚੇ ‘ਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ। ਚੰਨੀ ਨੇ ਪੰਜਾਬ ਸਰਕਾਰ ‘ਤੇ ਵੀ ਤਿੱਖਾ ਹਮਲਾ ਕੀਤਾ ਅਤੇ ਕਿਹਾ ਕਿ ਇਸ ਸਰਕਾਰ ਨੇ ਪੰਜਾਬੀਆਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ‘ਚ ਕਾਂਗਰਸ ਦੀ ਸਰਕਾਰ ਲੈ ਕੇ ਆਉਣੀ ਹੈ।















