ਪਾਕਿਸਤਾਨ ‘ਚ LPG ਦੀਆਂ ਕੀਮਤਾਂ ‘ਚ ਭਾਰੀ ਉਛਾਲ, ਆਮ ਜਨਤਾ ਭੁੱਖੇ ਰਹਿਣ ਲਈ ਮਜਬੂਰ

ਇੰਟਰਨੈਸ਼ਨਲ ਡੈਸਕ: ਪਾਕਿਸਤਾਨ ਵਿੱਚ ਲਿਕੁਈਫਾਈਡ ਪੈਟਰੋਲੀਅਮ ਗੈਸ (LPG) ਦੀਆਂ ਕੀਮਤਾਂ ਵਿੱਚ ਆਏ ਜ਼ਬਰਦਸਤ ਉਛਾਲ ਕਾਰਨ ਆਮ ਲੋਕਾਂ ਅਤੇ ਰਿਕਸ਼ਾ ਚਾਲਕਾਂ ਦੀ ਜ਼ਿੰਦਗੀ ਬੇਹਾਲ ਹੋ ਗਈ ਹੈ। ਈਰਾਨ ਨਾਲ ਲੱਗਦੀਆਂ ਦੋ ਸਰਹੱਦਾਂ ਬੰਦ ਹੋਣ ਕਾਰਨ ਗੈਸ ਦੀ ਦਰਾਮਦ ਠੱਪ ਹੋ ਗਈ ਹੈ, ਜਿਸ ਨਾਲ ਬਾਜ਼ਾਰ ਵਿੱਚ ਐੱਲ.ਪੀ.ਜੀ. ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ। ਇਸ ਨਾਲ ‘ਗਰੀਬਾਂ ਦੇ ਬਾਲਣ’ ਵਜੋਂ ਜਾਣੀ ਜਾਂਦੀ ਐੱਲ.ਪੀ.ਜੀ. ‘ਤੇ ਨਿਰਭਰ ਹਜ਼ਾਰਾਂ ਆਟੋ-ਰਿਕਸ਼ਾ ਚਾਲਕਾਂ ਦੀ ਕਮਾਈ ਅੱਧੀ ਤੋਂ ਵੀ ਘੱਟ ਰਹਿ ਗਈ ਹੈ, ਜਿਸ ਕਾਰਨ ਕਈ ਪਰਿਵਾਰ ਦਿਨ ਵਿੱਚ ਸਿਰਫ਼ ਦੋ ਵਕਤ ਦੀ ਰੋਟੀ ਖਾਣ ਲਈ ਮਜ਼ਬੂਰ ਹੋ ਰਹੇ ਹਨ।
‘ਪਾਕਿਸਤਾਨ ਐੱਲ.ਪੀ.ਜੀ. ਐਸੋਸੀਏਸ਼ਨ’ ਅਨੁਸਾਰ ਪਾਕਿਸਤਾਨ ਸਰਹੱਦ ਬੰਦ ਹੋਣ ਤੋਂ ਪਹਿਲਾਂ ਈਰਾਨ ਤੋਂ ਰੋਜ਼ਾਨਾ ਲਗਭਗ 7,000 ਮੀਟ੍ਰਿਕ ਟਨ ਐੱਲ.ਪੀ.ਜੀ. ਦਰਾਮਦ ਕਰਦਾ ਸੀ। 17 ਅਕਤੂਬਰ ਨੂੰ ਦੋਵੇਂ ਸਰਹੱਦੀ ਲਾਂਘੇ ਬੰਦ ਹੋਣ ਤੋਂ ਬਾਅਦ ਖੁੱਲ੍ਹੇ ਬਾਜ਼ਾਰ ਵਿੱਚ 12 ਕਿੱਲੋ ਵਾਲੇ ਗੈਸ ਸਿਲੰਡਰ ਦੀ ਕੀਮਤ 56 ਫੀਸਦੀ ਤੱਕ ਵਧ ਕੇ 7,000 ਪਾਕਿਸਤਾਨੀ ਰੁਪਏ (ਲਗਭਗ 583 ਰੁਪਏ ਪ੍ਰਤੀ ਕਿੱਲੋ) ਤੱਕ ਪਹੁੰਚ ਗਈ ਹੈ। ਸਰਹੱਦ ਬੰਦ ਕਰਨ ਦੇ ਕਾਰਨਾਂ ਬਾਰੇ ਵੱਖ-ਵੱਖ ਦਾਅਵੇ ਕੀਤੇ ਜਾ ਰਹੇ ਹਨ। ਜਿਨ੍ਹਾਂ ਵਿਚ ਬਲੋਚਿਸਤਾਨ ਸਰਕਾਰ ਨੇ ਸੁਰੱਖਿਆ ਅਤੇ ਤਸਕਰੀ ਨੂੰ ਮੁੱਖ ਕਾਰਨ ਦੱਸਿਆ ਹੈ। ਈਰਾਨੀ ਵਿਦੇਸ਼ ਮੰਤਰਾਲਾ ਨੇ ਤਕਨੀਕੀ ਖ਼ਰਾਬੀਆਂ ਨੂੰ ਵਜ੍ਹਾ ਦੱਸਿਆ ਹੈ। ਈਰਾਨੀ ਰਾਜਦੂਤ ਨੇ ਸਪੱਸ਼ਟ ਕੀਤਾ ਕਿ ਈਰਾਨ ਵੱਲੋਂ ਕੋਈ ਪਾਬੰਦੀ ਨਹੀਂ ਲਗਾਈ ਗਈ ਅਤੇ ਉਨ੍ਹਾਂ ਪਾਕਿਸਤਾਨ ਦੇ ਇੰਪੋਰਟ ਦਸਤਾਵੇਜ਼ਾਂ ਵਿੱਚ ਹੋਈਆਂ ਤਬਦੀਲੀਆਂ ਨੂੰ ਜ਼ਿੰਮੇਵਾਰ ਠਹਿਰਾਇਆ।
‘ਅਵਾਮੀ ਰਿਕਸ਼ਾ ਯੂਨੀਅਨ’ ਦੇ ਚੇਅਰਮੈਨ ਮਜੀਦ ਘੌਰੀ ਅਨੁਸਾਰ ਐੱਲ.ਪੀ.ਜੀ. ਗਰੀਬਾਂ ਦਾ ਬਾਲਣ ਹੈ। ਯੂਨੀਅਨ ਦੇ 43,000 ਆਟੋ-ਰਿਕਸ਼ਿਆਂ ਵਿੱਚੋਂ ਲਗਭਗ 70 ਫੀਸਦੀ ਅਤੇ ਲਗਭਗ 8,000 ‘ਚਿੰਗਚੀ’ (ਮੋਟਰਸਾਈਕਲ ਆਧਾਰਿਤ ਥ੍ਰੀ-ਵੀਲਰ) ਐੱਲ.ਪੀ.ਜੀ. ‘ਤੇ ਹੀ ਚੱਲਦੇ ਹਨ। ਲਾਹੌਰ ਦੇ ਰਿਕਸ਼ਾ ਚਾਲਕ ਰਸ਼ੀਦ ਅਲੀ, ਜੋ ਪਿਛਲੇ 13 ਸਾਲਾਂ ਤੋਂ ਰਿਕਸ਼ਾ ਚਲਾ ਰਿਹਾ ਹੈ, ਨੇ ਦੱਸਿਆ ਕਿ ਪਹਿਲਾਂ ਉਹ ਸਵੇਰੇ 6 ਵਜੇ ਤੋਂ ਰਾਤ 12 ਵਜੇ ਤੱਕ ਕੰਮ ਕਰਕੇ ਰੋਜ਼ਾਨਾ 6.50 ਅਮਰੀਕੀ ਡਾਲਰ ਕਮਾ ਲੈਂਦਾ ਸੀ, ਜਿਸ ਨਾਲ ਘਰ ਦਾ ਗੁਜ਼ਾਰਾ ਚੱਲ ਜਾਂਦਾ ਸੀ। ਪਰ ਹੁਣ ਗੈਸ ਮਹਿਂਗੀ ਹੋਣ ਕਾਰਨ ਉਸ ਦੀ ਦਿਹਾੜੀ 3 ਡਾਲਰ (700-800 ਰੁਪਏ) ਵੀ ਨਹੀਂ ਬਣਦੀ, ਜਿਸ ਕਾਰਨ ਉਸ ਦੇ ਪਰਿਵਾਰ ਨੂੰ ਦਿਨ ਵਿੱਚ ਸਿਰਫ਼ ਦੋ ਵਾਰ ਹੀ ਖਾਣਾ ਖਾਣਾ ਪੈ ਰਿਹਾ ਹੈ। ਰਸ਼ੀਦ ਅਲੀ ਰੋਜ਼ਾਨਾ 600 ਰੁਪਏ ਰਿਕਸ਼ੇ ਦਾ ਕਿਰਾਇਆ ਦਿੰਦਾ ਹੈ, 11,000 ਰੁਪਏ ਮਹੀਨਾ ਘਰ ਦਾ ਕਿਰਾਇਆ ਹੈ ਅਤੇ ਦੋ ਛੋਟੇ ਬੱਚਿਆਂ ਦੀ ਦੇਖਭਾਲ ਕਰਦਾ ਹੈ।
ਗੈਸ ਦੀਆਂ ਕੀਮਤਾਂ ਵਧਣ ਨਾਲ ਜਦੋਂ ਚਾਲਕ ਕਿਰਾਇਆ ਵਧਾਉਂਦੇ ਹਨ, ਤਾਂ ਸਵਾਰੀਆਂ ਵਧੇ ਹੋਏ ਪੈਸੇ ਦੇਣ ਤੋਂ ਇਨਕਾਰ ਕਰ ਦਿੰਦੀਆਂ ਹਨ। ਪਾਕਿਸਤਾਨ ਵਿੱਚ ਅਕਤੂਬਰ ਮਹੀਨੇ ਦੌਰਾਨ ਮਹਿੰਗਾਈ ਦਰ 9.6 ਫੀਸਦੀ ‘ਤੇ ਪਹੁੰਚ ਗਈ ਹੈ। ਊਰਜਾ ਅਤੇ ਕਣਕ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਪਾਕਿਸਤਾਨ ਦੇ ਕੇਂਦਰੀ ਬੈਂਕ ਨੇ ਮੁੱਖ ਵਿਆਜ ਦਰਾਂ ਵਧਾ ਕੇ 12 ਫੀਸਦੀ ਕਰ ਦਿੱਤੀਆਂ ਹਨ। 3 ਅਪ੍ਰੈਲ ਨੂੰ ਪੈਟਰੋਲ ਦੀ ਕੀਮਤ 458 ਰੁਪਏ ਪ੍ਰਤੀ ਲੀਟਰ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਈ ਸੀ ਅਤੇ ਇਹ ਅਜੇ ਵੀ ਜੰਗ ਤੋਂ ਪਹਿਲਾਂ ਦੀਆਂ ਕੀਮਤਾਂ ਨਾਲੋਂ 40 ਫੀਸਦੀ ਤੋਂ ਵੱਧ ਹੈ।