ਸੰਗਰੂਰ : ਇੱਥੇ ਪੰਜਾਬ ਕਾਂਗਰਸ ਦੀ ਇਨਸਾਫ਼ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰੁਜਨ ਖੜਗੇ ਨੇ ਕਿਹਾ ਕਿ ਅੱਜ ਦਾ ਦਿਨ ਪੰਜਾਬੀਆਂ ਲਈ ਬੜਾ ਸ਼ੁੱਭ ਹੈ ਕਿਉਂਕਿ ਸਾਡਾ ਚੋਣ ਪ੍ਰਚਾਰ ਅੱਜ ਸੰਗਰੂਰ ਤੋਂ ਸ਼ੁਰੂ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਏਕਤਾ ਕਾਇਮ ਰੱਖਣ ਦੀ ਲੋੜ ਹੈ। ਖੜਗੇ ਨੇ ਕਿਹਾ ਕਿ ਵੋਟ ਚੋਰੀ ਦੀ ਸਰਕਾਰ ਹਰ ਪਾਸੇ ਚੱਲ ਰਹੀ ਹੈ। ਉਨ੍ਹਾਂ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਜੇਕਰ ਅਸੀਂ ਪੰਜਾਬ ਜਿੱਤਾਂਗੇ ਤਾਂ ਪੂਰਾ ਭਾਰਤ ਜਿੱਤਾਂਗੇ, ਇਹ ਮੇਰਾ ਦਾਅਵਾ ਹੈ। ਜਿੱਤ ਇੱਥੋਂ ਸ਼ੁਰੂ ਹੋਣੀ ਚਾਹੀਦੀ ਹੈ ਅਤੇ ਇਸ ਲਈ ਸਾਨੂੰ ਮਿਲ ਕੇ ਰਹਿਣਾ ਪਵੇਗਾ ਕਿਉਂਕਿ ਸਾਡੇ ਦੇਸ਼ ‘ਚ ਫੁੱਟ ਪਾਉਣ ਵਾਲੇ ਲੋਕ ਵੀ ਹਨ। ਉਨ੍ਹਾਂ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਵਲੋਂ ਬਣਾਈਆਂ ਗਈਆਂ ਚੰਗੀਆਂ ਸੰਸਥਾਵਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਡਾ. ਬਾਬਾ ਸਾਹਿਬ ਅੰਬੇਡਕਰ ਨੇ ਵੋਟ ਦਾ ਅਧਿਕਾਰ ਦਿੱਤਾ ਅਤੇ ਸੰਵਿਧਾਨ ਲਿਖਿਆ।
ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਕੋਲ ਵੋਟ ਦਾ ਅਧਿਕਾਰ ਨਹੀਂ ਹੈ ਤਾਂ ਤੁਸੀਂ ਕੁੱਝ ਵੀ ਨਹੀਂ ਕਰ ਸਕਦੇ। ਖੜਗੇ ਨੇ ਇਸ ਮੌਕੇ ਪੰਜਾਬ ‘ਚ ਫੈਲੇ ਨਸ਼ਿਆਂ ਦਾ ਜ਼ਿਕਰ ਕਰਦਿਆਂ ਸੂਬਾ ਸਰਕਾਰ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਸੱਤਾ ‘ਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਨਸ਼ਾ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਇਸ ‘ਤੇ ਪੂਰਾ ਨਹੀਂ ਉਤਰ ਸਕੀ। ਸੂਬੇ ਦੇ ਕਿਸਾਨ ਬਰਬਾਦ ਹੋ ਰਹੇ ਹਨ, ਨੌਜਵਾਨ ਨਸ਼ਿਆਂ ਕਾਰਨ ਮਰ ਰਹੇ ਹਨ ਅਤੇ ਇਹ ਇਕ ਚੰਗੀ ਸਰਕਾਰ ਦੀ ਨਿਸ਼ਾਨੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਅਤੇ ਮਨਮੋਹਨ ਸਿੰਘ ਜੀ ਨੇ ਗਰੀਬਾਂ ਲਈ ਬਹੁਤ ਸਾਰੇ ਕੰਮ ਕੀਤੇ ਹਨ। ਮਨਰੇਗਾ ਸਣੇ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ।
ਖੜਗੇ ਨੇ ਕਿਹਾ ਕਿ ਜੋ ਲੋਕ ਦੇਸ਼ ਲਈ ਕੰਮ ਕਰਦੇ ਹਨ, ਉਨ੍ਹਾਂ ਨੂੰ ਭੁੱਲਣਾ ਨਹੀਂ ਚਾਹੀਦਾ।ਜਦੋਂ ਪਾਕਿਸਤਾਨ ਨਾਲ ਯੁੱਧ ਚੱਲ ਰਿਹਾ ਸੀ, ਉਦੋਂ ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ‘ਜੈ ਜਵਾਨ, ਜੈ ਕਿਸਾਨ’ ਦਾ ਨਾਅਰਾ ਲਾਇਆ, ਜੋ ਕਿ ਇੱਥੋਂ ਹੀ ਨਿਕਲਿਆ ਹੈ। ਖੜਗੇ ਨੇ ਕਿਹਾ ਕਿ ਪੰਜਾਬ ਦਾ ਭਵਿੱਖ ਪੰਜਾਬ ਜੀ ਜਨਤਾ ਤੈਅ ਕਰੇਗੀ, ਨਾ ਕਿ ਪੰਜਾਬ ਦੀ ਸਰਕਾਰ ਦਿੱਲੀ ਤੋਂ ਚੱਲੇਗੀ। ਉਨ੍ਹਾਂ ਨੇ ਲੋਕਾਂ ਨੂੰ ਕਾਂਗਰਸ ਨੂੰ ਅੱਗੇ ਲਿਆਉਣ ਦੀ ਅਪੀਲ ਕੀਤੀ।















