ਨਵੀਂ ਦਿੱਲੀ : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਦਿੱਲੀ ’ਚ ਹੋਣ ਵਾਲੇ ਪ੍ਰੋਗਰਾਮ ਤੋਂ ਪਹਿਲਾਂ ਮੈਟਰੋ ਸਟੇਸ਼ਨਾਂ ’ਤੇ ਖਾਲਿਸਤਾਨ ਸਮਰਥਕ ਨਾਅਰੇ ਲਿਖ ਕੇ ਮਾਹੌਲ ਵਿਗਾੜਨ ਦੀ ਸਾਜ਼ਿਸ਼ ਦਾ ਪੁਲਸ ਨੇ ਖੁਲਾਸਾ ਕੀਤਾ ਹੈ। ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਇਸ ਮਾਮਲੇ ’ਚ ਇਕ ਔਰਤ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਨੁਸਾਰ, ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ (ਐੱਸ. ਐੱਫ. ਜੇ.) ਨਾਲ ਜੁੜੇ ਵਿਦੇਸ਼ੀ ਹੈਂਡਲਰਾਂ ਨੇ ਇਸ ਕੰਮ ਲਈ 1 ਲੱਖ ਰੁਪਏ ਦੇਣ ਦੀ ਗੱਲ ਤੈਅ ਕੀਤੀ ਸੀ। ਮੁਲਜ਼ਮਾਂ ਤੱਕ ਹਵਾਲਾ ਰਾਹੀਂ 10 ਹਜ਼ਾਰ ਰੁਪਏ ਪਹੁੰਚਾਏ ਗਏ ਸਨ।
ਪੁਲਸ ਮੁਤਾਬਕ, 29 ਅਕਤੂਬਰ ਨੂੰ ਜਹਾਂਗੀਰਪੁਰੀ ਅਤੇ 30 ਅਕਤੂਬਰ ਨੂੰ ਸ਼ਾਸਤਰੀ ਨਗਰ ਮੈਟਰੋ ਸਟੇਸ਼ਨ ’ਤੇ ਖਾਲਿਸਤਾਨ ਸਮਰਥਕ ਨਾਅਰੇ ਲਿਖੇ ਗਏ ਸਨ। ਜਾਂਚ ’ਚ ਸੀ. ਸੀ. ਟੀ. ਵੀ. ਫੁਟੇਜ ਅਤੇ ਤਕਨੀਕੀ ਸਬੂਤਾਂ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕੀਤੀ ਗਈ। ਪੁਲਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਐਨਕ੍ਰਿਪਟਡ ਐਪ ਰਾਹੀਂ ਹੁਕਮ, ਨਾਅਰਿਆਂ ਦੇ ਡਿਜ਼ਾਈਨ ਅਤੇ ਟੈਂਪਲੇਟ ਭੇਜੇ ਗਏ ਸਨ। ਤਿੰਨੇ 28 ਅਕਤੂਬਰ ਨੂੰ ਦਿੱਲੀ ਪਹੁੰਚੇ ਸਨ ਅਤੇ ਵੱਖ-ਵੱਖ ਮੈਟਰੋ ਸਟੇਸ਼ਨਾਂ ’ਤੇ ਨਾਅਰੇ ਲਿਖ ਕੇ ਉਨ੍ਹਾਂ ਦੀਆਂ ਵੀਡੀਓ ਹੈਂਡਲਰਾਂ ਨੂੰ ਭੇਜੀਆਂ ਸਨ।















