ਪੰਜਾਬ ਕੈਬਨਿਟ ਦੀ ਬੈਠਕ ਅੱਜ, ਮੁਲਾਜ਼ਮਾਂ ਦੇ ਡੀ. ਏ. ਤੇ ਕੱਚੇ ਮੁਲਾਜ਼ਮਾਂ ’ਤੇ ਫੈਸਲੇ ਦੀ ਉਮੀਦ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ, 31 ਅਕਤੂਬਰ ਨੂੰ ਪੰਜਾਬ ਕੈਬਨਿਟ ਦੀ ਬੈਠਕ ਬੁਲਾਈ ਹੈ। ਮੁੱਖ ਮੰਤਰੀ ਦੇ ਨਵੀਂ ਦਿੱਲੀ ’ਚ ਆਮ ਆਦਮੀ ਪਾਰਟੀ ਦੀ ਰਾਜਨੀਤਕ ਮਾਮਲਿਆਂ ਦੀ ਕਮੇਟੀ ਦੀ ਬੈਠਕ ’ਚ ਸ਼ਾਮਲ ਹੋਣ ਕਾਰਨ ਕੈਬਨਿਟ ਬੈਠਕ ਦਾ ਸਮਾਂ ਬਦਲ ਦਿੱਤਾ ਗਿਆ ਹੈ। ਮੁੱਖ ਮੰਤਰੀ ਰਿਹਾਇਸ਼ ’ਤੇ ਹੋਣ ਵਾਲੀ ਇਹ ਬੈਠਕ ਹੁਣ ਦੁਪਹਿਰ 12 ਵਜੇ ਦੀ ਬਜਾਏ ਸ਼ਾਮ 4.30 ਵਜੇ ਹੋਵੇਗੀ। ਮੁੱਖ ਸਕੱਤਰ ਕੇ. ਏ. ਪੀ. ਸਿਨ੍ਹਾ ਵਲੋਂ ਸਮੇਂ ’ਚ ਬਦਲਾਅ ਸਬੰਧੀ ਸੋਧਿਆ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਬੈਠਕ ਦਾ ਵਿਸਥਾਰਤ ਏਜੰਡਾ ਵੱਖਰੇ ਤੌਰ ’ਤੇ ਜਾਰੀ ਕੀਤਾ ਜਾਵੇਗਾ।
ਤਿਉਹਾਰੀ ਸੀਜ਼ਨ ਨੂੰ ਦੇਖਦਿਆਂ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ (ਡੀ. ਏ.) ’ਚ ਵਾਧੇ ਦੀ ਉਮੀਦ ਹੈ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ’ਚ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਝੋਨੇ ਦੀ ਖਰੀਦ ਨਾਲ ਜੁੜੇ ਮੁੱਦਿਆਂ ’ਤੇ ਵੀ ਸੰਭਾਵੀ ਫੈਸਲਿਆਂ ਨੂੰ ਲੈ ਕੇ ਮੁਲਾਜ਼ਮਾਂ ਅਤੇ ਸਬੰਧਤ ਵਰਗਾਂ ਦੀਆਂ ਨਜ਼ਰਾਂ ਕੈਬਨਿਟ ਬੈਠਕ ’ਤੇ ਟਿਕੀਆਂ ਹੋਈਆਂ ਹਨ।