ਪ੍ਰੇਮੀ ਦਾ ਖੌਫ਼ਨਾਕ ਕਾਰਾ: ਵਿਆਹ ਤੋਂ ਮੁੱਕਰੀ ਪ੍ਰੇਮਿਕਾ ਨੂੰ ਖੱਡ ‘ਚ ਧੱਕਾ ਦੇ ਕੇ ਮਾਰਿਆ

ਪੁਣੇ, ਮਹਾਰਾਸ਼ਟਰ ਦੇ ਕੋਲ੍ਹਾਪੁਰ ਜ਼ਿਲੇ ਵਿਚ ਇਕ ਵਿਅਕਤੀ ਨੇ ਆਪਣੀ 23 ਸਾਲਾ ਪ੍ਰੇਮਿਕਾ ਨੂੰ ਡੂੰਘੀ ਖੱਡ ਵਿਚ ਕਥਿਤ ਤੌਰ ’ਤੇ ਧੱਕਾ ਦੇ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੇ ਤਰੰਨੁਮ ਦੀ ਲਾਸ਼ ਨਾਇਕਵਾੜੀ ਝਰਨੇ ਨੇੜੇ ਖੱਡ ਵਿਚੋਂ ਬਰਾਮਦ ਕਰਨ ਤੋਂ ਬਾਅਦ ਮੁਲਜ਼ਮ ਸ਼੍ਰੀਪਦ ਵਡਾਰ (25) ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਭੂਦਰਗੜ੍ਹ ਪੁਲਸ ਥਾਣੇ ਦੇ ਇੰਸਪੈਕਟਰ ਸੰਦੀਪ ਜਗਤਾਪ ਨੇ ਦੱਸਿਆ ਕਿ ਇਹ ਘਟਨਾ 9 ਅਕਤੂਬਰ ਦੀ ਦੁਪਹਿਰ ਨੂੰ ਵਾਪਰੀ, ਜਦੋਂ ਸ਼੍ਰੀਪਦ ਵਡਾਰ ਤਰੰਨੁਮ ਨੂੰ ਭੂਦਰਗੜ੍ਹ ਤਾਲੁਕਾ ਦੇ ਪਾਟਗਾਓਂ ਨੇੜੇ ਇਕ ਸੈਰ-ਸਪਾਟਾ ਕੇਂਦਰ (ਟੂਰਿਸਟ ਸਪੌਟ) ’ਤੇ ਲੈ ਗਿਆ ਸੀ। ਗਾਰਗੋਟੀ ਕਸਬੇ ਦੇ ਰਹਿਣ ਵਾਲੇ ਵਡਾਰ ਅਤੇ ਤਰੰਨੁਮ ਵਿਚਾਲੇ ਪਿਛਲੇ 4 ਤੋਂ 5 ਸਾਲਾਂ ਤੋਂ ਪ੍ਰੇਮ ਸਬੰਧ ਸਨ ਪਰ 4 ਮਹੀਨੇ ਪਹਿਲਾਂ ਪੀੜਤਾ ਦਾ ਵਿਆਹ ਕਿਸੇ ਹੋਰ ਥਾਂ ਤੈਅ ਹੋ ਗਿਆ ਸੀ, ਜਿਸ ਤੋਂ ਬਾਅਦ ਉਹ ਵਡਾਰ ਤੋਂ ਦੂਰੀ ਬਣਾਉਣ ਲੱਗ ਪਈ ਸੀ।
ਉਸ ਦੇ ਵਤੀਰੇ ਵਿਚ ਆਏ ਬਦਲਾਅ ਤੋਂ ਨਾਰਾਜ਼ ਸ਼੍ਰੀਪਦ ਵਡਾਰ, ਤਰੰਨੁਮ ਦਾ ਵਿਆਹ ਹੋਣ ਤੋਂ ਪਹਿਲਾਂ ਉਸ ਨੂੰ ਆਖਰੀ ਵਾਰ ਮਿਲਣ ਲਈ ਉਸ ਜਗ੍ਹਾ ’ਤੇ ਲੈ ਗਿਆ। ਵਡਾਰ ਨੇ ਕਥਿਤ ਤੌਰ ’ਤੇ ਤਰੰਨੁਮ ਨੂੰ ਵਿਆਹ ਕਰਵਾਉਣ ਲਈ ਕਿਹਾ ਪਰ ਉਸ ਦੇ ਇਨਕਾਰ ਕਰਨ ’ਤੇ ਦੋਵਾਂ ਵਿਚਾਲੇ ਬਹਿਸ ਹੋ ਗਈ ਅਤੇ ਸ਼੍ਰੀਪਦ ਵਡਾਰ ਨੇ ਉਸ ਨੂੰ ਖੱਡ ਵਿਚ ਧੱਕਾ ਦੇ ਦਿੱਤਾ।