ਚੇਨਈ,ਤਾਮਿਲਨਾਡੂ ਦੇ ਧਰਾਪੁਰਮ ਉਪ-ਚੋਣ ਦੇ ਪ੍ਰਚਾਰ ਦੌਰਾਨ ਡੀ. ਐੱਮ. ਕੇ. ਮੁਖੀ ਐੱਮ. ਕੇ. ਸਟਾਲਿਨ ਨੇ ਸਾਬਕਾ ਵਿਧਾਇਕ ਸਤਿਆਭਾਮਾ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਨੂੰ ‘ਸੂਟਕੇਸ-ਭਾਮਾ’ ਅਤੇ ‘ਸਮਰਸਾਲਟ ਭਾਮਾ’ ਕਰਾਰ ਦਿੱਤਾ। ਉਨ੍ਹਾਂ ਦੀ ਸਰੀਰਕ ਬਣਾਵਟ ’ਤੇ ਕੀਤੀ ਗਈ ਇਸ ਟਿੱਪਣੀ ਤੋਂ ਬਾਅਦ ਸੱਤਾਧਾਰੀ ਪਾਰਟੀ ਟੀ. ਵੀ. ਕੇ. ਨੇ ਸਖ਼ਤ ਵਿਰੋਧ ਪ੍ਰਗਟਾਇਆ ਹੈ। ਧਰਾਪੁਰਮ ਉਪ-ਚੋਣ ਦੌਰਾਨ ਇਕ ਰੈਲੀ ਵਿਚ ਐੱਮ. ਕੇ. ਸਟਾਲਿਨ ਵੱਲੋਂ ਦਿੱਤੇ ਗਏ ਇਸ ਬਿਆਨ ਤੋਂ ਬਾਅਦ ਸੂਬੇ ਵਿਚ ਵੱਡਾ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਸੱਤਾਧਾਰੀ ਪਾਰਟੀ ਟੀ. ਵੀ. ਕੇ. ਨੇ ਸਟਾਲਿਨ ਦੀ ਤਿੱਖੀ ਆਲੋਚਨਾ ਕਰਦਿਆਂ ਉਨ੍ਹਾਂ ’ਤੇ ਇਕ ਦਲਿਤ ਮਹਿਲਾ ਉਮੀਦਵਾਰ ਨੂੰ ਸਰੀਰਕ ਤੌਰ ’ਤੇ ਅਪਮਾਨਿਤ (ਬਾਡੀ ਸ਼ੇਮ) ਕਰਨ ਦਾ ਦੋਸ਼ ਲਗਾਇਆ ਅਤੇ ਉਨ੍ਹਾਂ ਤੋਂ ਮੁਆਫੀ ਦੀ ਮੰਗ ਕੀਤੀ।
ਤਾਮਿਲਨਾਡੂ ਦੇ ਮੁੱਖ ਮੰਤਰੀ ਵਿਜੇ ਨੇ ਧਰਾਪੁਰਮ ਉਪ-ਚੋਣ ਵਿਚ ਟੀ. ਵੀ. ਕੇ. ਉਮੀਦਵਾਰ ’ਤੇ ਡੀ. ਐੱਮ. ਕੇ. ਮੁਖੀ ਅਤੇ ਸਾਬਕਾ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਦੀ ਟਿੱਪਣੀ ’ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਸਟਾਲਿਨ ’ਤੇ ਨਿਸ਼ਾਨਾ ਵਿੰਨ੍ਹਦਿਆਂ ਤਾਮਿਲਨਾਡੂ ਦੇ ਸੀ. ਐੱਮ. ਵਿਜੇ ਨੇ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਪੂਰੀ ਤਰ੍ਹਾਂ ਅਸੱਭਿਅਕ ਅਤੇ ਅਪਮਾਨਜਨਕ ਦੱਸਿਆ। ਵਿਜੇ ਨੇ ਐਕਸ ’ਤੇ ਪੋਸਟ ਕਰ ਕੇ ਲਿਖਿਆ ਕਿ ਧਰਾਪੁਰਮ ਉਪ-ਚੋਣ ਦੀ ਪ੍ਰਚਾਰ ਸਭਾ ਦੀ ਆੜ ਵਿਚ ਡੀ. ਐੱਮ. ਕੇ. ਦੇ ਨੇਤਾ ਸਟਾਲਿਨ ਨੇ ਇਕ ਅਸੱਭਿਅਕ ਸਭਾ ਦਾ ਆਯੋਜਨ ਕੀਤਾ। ਧਰਾਪੁਰਮ ਤੋਂ ਸਾਡੀ ਉਮੀਦਵਾਰ ਸਤਿਆਭਾਮਾ ’ਤੇ ਉਨ੍ਹਾਂ ਨੇ ਬੇਹੱਦ ਅਸ਼ੋਭਨੀਕ ਟਿੱਪਣੀ ਕੀਤੀ ਅਤੇ ਉਨ੍ਹਾਂ ਦਾ ਮਜ਼ਾਕ ਉਡਾਇਆ। ਡੀ. ਐੱਮ. ਕੇ. ਨੂੰ ਔਰਤਾਂ ਦੇ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਕਰਨ ਦੀ ਆਦਤ ਤੋਂ ਮਜਬੂਰ ਪਾਰਟੀ ਦੱਸਦਿਆਂ ਵਿਜੇ ਨੇ ਕਿਹਾ ਕਿ ਜਨਤਾ ਇਸ ਨੂੰ ਕਦੇ ਨਹੀਂ ਭੁੱਲੇਗੀ। ਉਨ੍ਹਾਂ ਨੇ ਅੱਗੇ ਲਿਖਿਆ ਕਿ ਜੋ ਪਾਰਟੀ ਔਰਤਾਂ ਦੇ ਸਾਹਮਣੇ ਹੀ ਉਨ੍ਹਾਂ ਬਾਰੇ ਅਸ਼ਲੀਲ ਅਤੇ ਅਸ਼ੋਭਨੀਕ ਗੱਲਾਂ ਕਰਨ ਵਿਚ ਮਾਹਰ ਹੈ, ਉਸ ਨੂੰ ਤਾਮਿਲਨਾਡੂ ਅਤੇ ਧਰਾਪੁਰਮ ਦੀ ਜਨਤਾ ਠੋਕਵਾਂ ਜਵਾਬ ਦੇਵੇਗੀ। ਤਾਮਿਲਨਾਡੂ ਦੀਆਂ ਔਰਤਾਂ ਦੇ ਪੁੱਤਰ ਅਤੇ ਭਰਾ ਵਜੋਂ, ਮੈਂ ਡੀ. ਐੱਮ. ਕੇ. ਦੀ ਇਸ ਹਰਕਤ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹਾਂ।















