ਅਮਰਿੰਦਰ ਸਿੰਘ ਰਾਜਾ ਵੜਿੰਗ ਦਿੱਲੀ ਤਲਬ

ਚੰਡੀਗੜ੍ਹ : ਪੰਜਾਬ ਕਾਂਗਰਸ ਵਿਚ ਬਦਲਾਅ ਦੀਆਂ ਚਰਚਾਵਾਂ ਦੇ ਚੱਲ ਰਹੇ ਤਾਜ਼ਾ ਘਟਨਾਕ੍ਰਮ ਵਿਚਾਲੇ ਕਾਂਗਰਸ ਹਾਈਕਮਾਂਡ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਦਿੱਲੀ ਤਲਬ ਕਰ ਲਿਆ ਹੈ। ਸੂਤਰਾਂ ਮੁਤਾਬਕ ਵੜਿੰਗ ਨੂੰ ਪੰਜਾਬ ਇਕਾਈ ਵਿਚਲੀ ਤਬਦੀਲੀ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ ਪਰ ਕਿਆਸ ਲਗਾਏ ਜਾ ਰਹੇ ਹਨ ਕਿ ਅੱਜ ਉਨ੍ਹਾਂ ਤੋਂ ਰਸਮੀ ਤੌਰ ‘ਤੇ ਪ੍ਰਧਾਨੀ ਦੇ ਅਹੁਦੇ ਤੋਂ ਅਸਤੀਫਾ ਲਿਆ ਜਾ ਸਕਦਾ ਹੈ। ਅਹਿਮ ਸੂਤਰ ਦੱਸਦੇ ਹਨ ਕਿ ਕਾਂਗਰਸ ਦੇ ਸੀਨੀਅਰ ਆਗੂ ਕੇ. ਸੀ. ਵੇਣੂਗੋਪਾਲ ਨੇ ਰਾਜਾ ਵੜਿੰਗ ਨੂੰ ਅੱਜ ਦਿੱਲੀ ਸੱਦਿਆ ਹੈ ਅਤੇ ਹੁਣ ਕਾਂਗਰਸ ਹਾਈਕਮਾਂਡ ਕਿਸੇ ਸਮੇਂ ਵੀ ਨਵੇਂ ਪ੍ਰਧਾਨ ਦੇ ਨਾਂ ਦਾ ਐਲਾਨ ਕਰ ਸਕਦੀ ਹੈ।
ਦੱਸਿਆ ਜਾ ਰਿਹਾ ਹੈ ਕਿ 5 ਸਤੰਬਰ ਨੂੰ ਜਦੋਂ ਤੋਂ ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਇੰਚਾਰਜ ਬਣੇ ਸਨ ਉਦੋਂ ਤੋਂ ਹੀ ਸਚਿਨ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਮੁਲਾਕਾਤ ਕਰ ਰਹੇ ਸਨ। ਇਸ ਮਾਮਲੇ ਵਿਚ ਸਚਿਨ ਨੇ ਆਪਣੀ ਰਿਪੋਰਟ ਕਾਂਗਰਸ ਹਾਈਕਮਾਂਡ ਨੂੰ ਸੌਂਪ ਦਿੱਤੀ। ਬੀਤੇ ਦਿਨੀਂ ਵੀ ਪਾਇਲਟ ਵੱਲੋਂ ਸਿੰਗਲਾ, ਰੰਧਾਵਾ ਅਤੇ ਚੰਨੀ ਨਾਲ ਮੀਟਿੰਗ ਕੀਤੀ ਗਈ ਸੀ ਅਤੇ ਪਾਇਲਟ ਇਸ ਤੋਂ ਪਹਿਲਾਂ ਪ੍ਰਤਾਪ ਬਾਜਵਾ ਨਾਲ ਵੀ ਮੀਟਿੰਗ ਕਰ ਚੁੱਕੇ ਸਨ। ਇਸ ਪੂਰੀ ਕਵਾਇਦ ਨੂੰ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੂੰ ਹੁਣ ਜ਼ਿਆਦਾ ਸਮਾਂ ਨਹੀਂ ਬਚਿਆ। ਅਜਿਹੇ ਵਿਚ ਹਾਈਕਮਾਂਡ ਲਈ ਪੰਜਾਬ ਕਾਂਗਰਸ ਦੀ ਅੰਦਰੂਨੀ ਸਥਿਤੀ, ਧੜੇਬੰਦੀ, ਸੰਗਠਨ ਦੀ ਕਾਰਗੁਜ਼ਾਰੀ ਅਤੇ ਆਗੂਆਂ ਵਿਚਕਾਰ ਤਾਲਮੇਲ ਬਾਰੇ ਸਪੱਸ਼ਟ ਰਿਪੋਰਟ ਮਹੱਤਵਪੂਰਨ ਬਣ ਜਾਂਦੀ ਹੈ।
ਸਭ ਤੋਂ ਵੱਡਾ ਸਵਾਲ ਹੁਣ ਇਹ ਹੈ ਕਿ ਜੇਕਰ ਪ੍ਰਧਾਨ ਬਦਲਿਆ ਜਾਂਦਾ ਹੈ ਤਾਂ ਨਵਾਂ ਚਿਹਰਾ ਕੌਣ ਹੋਵੇਗਾ?
ਇਸ ਸਬੰਧੀ ਕਾਂਗਰਸ ਅੰਦਰ ਕਈ ਨਾਮ ਚਰਚਾ ਵਿਚ ਹਨ। ਇਕ ਸੰਭਾਵਨਾ ਹਿੰਦੂ ਚਿਹਰੇ ਨੂੰ ਪੰਜਾਬ ਕਾਂਗਰਸ ਦੀ ਕਮਾਨ ਦੇਣ ਦੀ ਦੱਸੀ ਜਾ ਰਹੀ ਹੈ। ਇਸ ਸੂਰਤ ਵਿਚ ਮਾਲਵਾ ਖੇਤਰ ਦੇ ਵਿਜੇ ਇੰਦਰ ਸਿੰਗਲਾ ਨੂੰ ਅੱਗੇ ਲਿਆਂਦੇ ਜਾਣ ਦੀ ਚਰਚਾ ਹੈ। ਦੂਜੇ ਪਾਸੇ ਜੇਕਰ ਸਿੱਖ ਚਿਹਰੇ ਦੀ ਚੋਣ ਹੁੰਦੀ ਹੈ ਤਾਂ ਮਾਝਾ ਜਾਂ ਦੋਆਬਾ ਖੇਤਰ ਤੋਂ ਵੀ ਨਾਮ ਸਾਹਮਣੇ ਆ ਸਕਦੇ ਹਨ। ਦੋਆਬੇ ਤੋਂ ਪਰਗਟ ਸਿੰਘ ਦੀ ਵੀ ਚਰਚਾ ਹੁੰਦੀ ਰਹੀ ਹੈ ਜਦਕਿ ਮਾਝੇ ਤੋਂ ਪ੍ਰਤਾਪ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਵਰਗੇ ਸੀਨੀਅਰ ਆਗੂਆਂ ਦੇ ਨਾਮ ਵੀ ਚਰਚਾ ਵਿਚ ਹਨ।