ਯੂਕ੍ਰੇਨੀ ਰਾਸ਼ਟਰਪਤੀ ਦੇ ਖੁਲਾਸੇ ਤੋਂ ਨਾਰਾਜ਼ ਹੋਇਆ ਦੱਖਣੀ ਕੋਰੀਆ, ਮੁਆਫੀ ਦੀ ਮੰਗ ਕੀਤੀ

ਇੰਟਰਨੈਸ਼ਨਲ ਡੈਸਕ- ਯੂਕ੍ਰੇਨ ਦੇ ਰਾਸ਼ਟਰਪਤੀ ਵੱਲੋਂ ਦੋ ਉੱਤਰੀ ਕੋਰੀਆਈ ਜੰਗੀ ਕੈਦੀਆਂ ਨੂੰ ਦੱਖਣੀ ਕੋਰੀਆ ਟਰਾਂਸਫਰ ਕੀਤੇ ਜਾਣ ਦੀ ਗੱਲ ਉਜਾਗਰ ਕੀਤੇ ਜਾਣ ਤੋਂ ਬਾਅਦ, ਦੱਖਣੀ ਕੋਰੀਆ ਨੇ ਯੂਕ੍ਰੇਨ ਤੋਂ ਅਧਿਕਾਰਤ ਮੁਆਫੀ ਦੀ ਮੰਗ ਕੀਤੀ ਹੈ। ਦੱਖਣੀ ਕੋਰੀਆ ਦਾ ਕਹਿਣਾ ਹੈ ਕਿ ਇਸ ਤਬਾਦਲੇ ਨੂੰ ਗੁਪਤ ਰੱਖਣਾ ਤੈਅ ਹੋਇਆ ਸੀ।
ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਪਿਛਲੇ ਹਫ਼ਤੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਕਿਹਾ ਸੀ ਕਿ ਯੂਕ੍ਰੇਨ ਨੇ ਹਾਲ ਹੀ ਵਿਚ ਇਨ੍ਹਾਂ ਦੋਵਾਂ ਲੋਕਾਂ ਨੂੰ ਦੱਖਣੀ ਕੋਰੀਆ ਭੇਜਿਆ ਸੀ। ਉਨ੍ਹਾਂ ਕਿਹਾ ਸੀ ਕਿ ਯੂਕ੍ਰੇਨ ਨੇ ਇਨ੍ਹਾਂ ਨੂੰ 2025 ਦੀ ਸ਼ੁਰੂਆਤ ਵਿਚ ਯੂਕ੍ਰੇਨ-ਰੂਸ ਜੰਗ ਦੇ ਮੈਦਾਨ ਵਿਚ ਫੜਿਆ ਸੀ ਅਤੇ ਇਹ ਦੋਵੇਂ ਉਨ੍ਹਾਂ ਹਜ਼ਾਰਾਂ ਉੱਤਰੀ ਕੋਰੀਆਈ ਫੌਜੀਆਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਜੰਗ ਵਿਚ ਰੂਸ ਦੀ ਮਦਦ ਲਈ ਭੇਜਿਆ ਗਿਆ ਸੀ।
ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਿਊਂਗ ਨੇ ਯੂਕ੍ਰੇਨ ’ਤੇ ਕੈਦੀਆਂ ਦੇ ਤਬਾਦਲੇ ਨਾਲ ਜੁੜੇ ਗੁਪਤਤਾ ਸਮਝੌਤੇ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ। ਹਾਲਾਂਕਿ, ਯੂਕ੍ਰੇਨ ਨੇ ਅਜਿਹਾ ਕੋਈ ਸਮਝੌਤਾ ਹੋਣ ਤੋਂ ਇਨਕਾਰ ਕੀਤਾ ਹੈ। ਲੀ ਦੇ ਜਨਸੰਪਰਕ ਮਾਮਲਿਆਂ ਦੇ ਸੀਨੀਅਰ ਸਲਾਹਕਾਰ ਸਿਓਂਗ ਗੀ-ਹੋਂਗ ਨੇ ਐਤਵਾਰ ਨੂੰ ਯੂਕ੍ਰੇਨ ਦੇ ਇਸ ਹਾਲੀਆ ਕਦਮ ’ਤੇ ‘ਡੂੰਘੇ ਅਫਸੋਸ’ ਦਾ ਪ੍ਰਗਟਾਵਾ ਕੀਤਾ ਅਤੇ ਅਧਿਕਾਰਤ ਮੁਆਫੀ ਤੇ ਸਪੱਸ਼ਟੀਕਰਨ ਦੀ ਮੰਗ ਕੀਤੀ।