ਪੰਜਾਬ ‘ਚ ਗ੍ਰਨੇਡ ਹਮਲੇ ਦੇ ਮੁਲਜ਼ਮ ਦਾ ਐਨਕਾਊਂਟਰ! ਆਹਮੋ-ਸਾਹਮਣੇ ਚੱਲੀਆਂ ਠਾਹ-ਠਾਹ ਗੋਲੀਆਂ

ਅੰਮ੍ਰਿਤਸਰ : ਅੰਮ੍ਰਿਤਸਰ ‘ਚ ਪੁਲਸ ਵਲੋਂ ਖ਼ਤਰਨਾਕ ਗੈਂਗਸਟਰ ਦਾ ਐਨਕਾਊਂਟਰ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਐਨਕਾਊਂਟਰ ਦੌਰਾਨ ਜ਼ਖਮੀ ਹੋਏ ਗੈਂਗਸਟਰ ਨੂੰ ਪੁਲਸ ਵਲੋਂ ਕਾਬੂ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਹਰਮਨ ਬੋਪਾਰਾਏ ਨਾਂ ਦੇ ਗੈਂਗਸਟਰ ਨਾਲ ਪੁਲਸ ਦਾ ਮੁਕਾਬਲਾ ਹੋਇਆ, ਜਿਸ ‘ਚ ਉਹ ਜ਼ਖਮੀ ਹੋ ਗਿਆ। ਇਸ ਗੈਂਗਸਟਰ ਵਲੋਂ ਗੁਰਦਾਸਪੁਰ ‘ਚ ਗ੍ਰਨੇਡ ਹਮਲਾ ਵੀ ਕੀਤਾ ਗਿਆ ਸੀ।
ਕੁੱਝ ਦਿਨ ਪਹਿਲਾਂ ਇਕ ਘਰ ‘ਤੇ ਵੀ ਗੋਲੀਬਾਰੀ ਕਰਨ ਦੇ ਵੀ ਉਕਤ ਗੈਂਗਸਟਰ ‘ਤੇ ਦੋਸ਼ ਲੱਗੇ ਸਨ। ਇਨ੍ਹਾਂ ਮਾਮਲਿਆਂ ‘ਚ ਇਹ ਪੁਲਸ ਨੂੰ ਲੋੜੀਂਦਾ ਸੀ। ਅੱਜ ਇਸ ਗੈਂਗਸਟਰ ਦੇ ਮੱਤੇਵਾਲ ਥਾਣਾ ਇਲਾਕੇ ‘ਚ ਆਉਣ ਦੀ ਪੁਲਸ ਨੂੰ ਸੂਚਨਾ ਮਿਲੀ ਤਾਂ ਨਾਕਾਬੰਦੀ ਕੀਤੀ ਗਈ। ਉਹ ਇੱਕਲਾ ਹੀ ਬਾਈਕ ‘ਤੇ ਆ ਰਿਹਾ ਸੀ। ਜਦੋਂ ਪੁਲਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਪੁਲਸ ‘ਤੇ ਗੋਲੀਆਂ ਚਲਾ ਦਿੱਤੀਆਂ।
ਪੁਲਸ ਵਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ, ਜਿਸ ਦੌਰਾਨ ਇਕ ਗੋਲੀ ਗੈਂਗਸਟਰ ਦੀ ਲੱਤ ‘ਤੇ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ। ਫਿਲਹਾਲ ਪੁਲਸ ਵਲੋਂ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਇਸ ਤੋਂ ਇਕ ਪਿਸਤੌਲ ਅਤੇ ਰੌਂਦ ਸਣੇ ਬਾਈਕ ਬਰਾਮਦ ਹੋਈ ਹੈ। ਹੁਣ ਪੁਲਸ ਉਸ ਨੂੰ ਰਿਮਾਂਡ ‘ਤੇ ਲੈਣ ਦੀ ਤਿਆਰੀ ਕਰ ਰਹੀ ਹੈ, ਜਿਸ ਤੋਂ ਬਾਅਦ ਹੀ ਵੱਡੇ ਖ਼ੁਲਾਸੇ ਹੋਣਗੇ ਕਿ ਗੈਂਗਸਟਰ ਨੇ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਅਤੇ ਉਸ ਨਾਲ ਹੋਰ ਕਿੰਨੇ ਸਾਥੀ ਸਨ।