ਪੰਜਾਬ : ਬਿਜਲੀ ਵਾਲੇ ਬਿੱਲਾਂ ਨੂੰ ਲੈ ਕੇ ਵੱਡੀ ਖ਼ਬਰ, ਐਡਵਾਇਜ਼ਰੀ ਦੇ ਨਾਲ ਚੇਤਾਵਨੀ ਜਾਰੀ

ਲੁਧਿਆਣਾ : ਆਨਲਾਈਨ ਠੱਗੀ ਕਰਨ ਵਾਲੇ ਸਾਈਬਰ ਅਪਰਾਧੀਆਂ ਨੇ ਆਮ ਜਨਤਾ ਦੀ ਮਿਹਨਤ ਦੀ ਕਮਾਈ ਲੁੱਟਣ ਲਈ ਹੁਣ ਸਰਕਾਰੀ ਬਿਜਲੀ ਵਿਭਾਗ ਦੇ ਨਾਮ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਜਨਤਾ ਨੂੰ ਚੌਕਸ ਕਰਦੇ ਪੁਲਸ ਕਮਿਸ਼ਨਰੇਟ ਅਤੇ ਸਾਈਬਰ ਸੈੱਲ ਨੇ ਇਕ ਅਹਿਮ ਐਡਵਾਇਜ਼ਰੀ ਜਾਰੀ ਕੀਤੀ ਹੈ। ਸਾਈਬਰ ਠੱਗ ਖੁਦ ਨੂੰ ਪਾਵਰਕਾਮ ਜਾਂ ਬਿਜਲੀ ਵਿਭਾਗ ਦਾ ਵੱਡਾ ਅਧਿਕਾਰੀ ਦੱਸ ਕੇ ਖਪਤਕਾਰਾਂ ਨੂੰ ਕਾਲ ਕਰ ਰਹੇ ਹਨ ਅਤੇ ਪਿਛਲੇ ਬਿੱਲਾਂ ਨੂੰ ਠੀਕ ਕਰਨ, ਛੋਟ ਦੇਣ ਜਾਂ ਕੁਨੈਕਸ਼ਨ ਕੱਟਣ ਦਾ ਡਰ ਦਿਖਾ ਕੇ ਓ.ਟੀ.ਪੀ ਮੰਗ ਰਹੇ ਹਨ। ਸਾਈਬਰ ਅਧਿਕਾਰੀਆਂ ਨੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਅਜਿਹੀਆਂ ਕਾਲਾਂ ਦੇ ਝਾਂਸੇ ਵਿਚ ਬਿਲਕੁਲ ਨਾ ਆਉਣ ਕਿਉਂਕਿ ਇਕ ਛੋਟਾ ਜਿਹਾ ਓਟੀ.ਪੀ ਸ਼ੇਅਰ ਕਰਦੇ ਹੀ ਬੈਂਕ ਖਾਤਾ ਖਾਲੀ ਹੋ ਸਕਦਾ ਹੈ।
ਸਾਈਬਰ ਸੈੱਲ ਦੇ ਕੋਲ ਪੁੱਜ ਰਹੀਆਂ ਸ਼ਿਕਾਇਤਾਂ ਦੇ ਮੁਤਾਬਕ ਜਾਅਲਸਾਜ਼ ਖਪਤਕਾਰਾਂ ਨੂੰ ਫੋਨ ਕਰਕੇ ਭਰੋਸੇ ਵਿਚ ਲੈਂਦੇ ਹਨ ਕਿ ਉਨ੍ਹਾਂ ਦੇ ਬਿਜਲੀ ਬਿੱਲ ਵਿਚ ਕੋਈ ਤਕਨੀਕੀ ਗੜਬੜ ਆ ਗਈ ਹੈ ਜਾਂ ਉਨ੍ਹਾਂ ਦਾ ਬਿੱਲ ਜ਼ਿਆਦਾ ਬਣ ਗਿਆ ਹੈ। ਠੱਗ ਕਹਿੰਦੇ ਹਨ ਕਿ ਉਹ ਸਿਸਟਮ ਤੋਂ ਬਿੱਲ ਨੂੰ ਅਡਜਸਟ ਜਾਂ ਘੱਟ ਕਰ ਰਹੇ ਹਨ, ਇਸ ਲਈ ਵੈਰੀਫਿਕੇਸ਼ਨ ਲਈ ਖਪਤਕਾਰ ਦੇ ਮੋਬਾਇਲ ਨੰਬਰ ‘ਤੇ ਇਕ ਵਨ-ਟਾਈਮ ਪਾਸਵਰਡ ਭੇਜਿਆ ਗਿਆ ਹੈ। ਜਿਵੇਂ ਹੀ ਕੋਈ ਖਪਤਕਾਰ ਛੋਟ ਦੇ ਲਾਲਚ ਵਿਚ ਆ ਕੇ ਜਾਂ ਕੁਨੈਕਸ਼ਨ ਕੱਟਣ ਦੇ ਡਰੋਂ ਉਹ ਕੋਡ ਦੱਸਦਾ ਹੈ, ਜਾਅਲਸਾਜ਼ ਤੁਰੰਤ ਉਨ੍ਹਾਂ ਦੇ ਬੈਂਕ ਖਾਤੇ ਜਾਂ ਯੂਪੀ.ਆਈ. ਰਾਹੀਂ ਪੈਸੇ ਟ੍ਰਾਂਸਫਰ ਕਰ ਲੈਂਦੇ ਹਨ।
ਪੁਲਸ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਨੇ ਆਮ ਜਨਤਾ ਨੂੰ ਆਗਾਹ ਕਰਦੇ ਸਾਫ ਕੀਤਾ ਹੈ ਕਿ ਕੋਈ ਵੀ ਅਸਲ ਬਿਜਲੀ ਅਧਿਕਾਰੀ ਜਾਂ ਮੁਲਾਜ਼ਮ ਕਦੇ ਵੀ ਕਿਸੇ ਖਪਤਕਾਰ ਤੋਂ ਫੋਨ ’ਤੇ ਓ.ਟੀ.ਪੀ., ਪਿਨ, ਪਾਸਵਰਡ ਜਾਂ ਬੈਂਕ ਵੇਰਵਾ ਨਹੀਂ ਮੰਗਦਾ। ਪੁਲਸ ਨੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਕਿਸੇ ਵੀ ਅਣਪਛਾਤੇ ਜਾਂ ਸ਼ੱਕੀ ਨੰਬਰ ਤੋਂ ਆਉਣ ਵਾਲੀਆਂ ਅਜਿਹੀਆਂ ਕਾਲਾਂ ’ਤੇ ਭਰੋਸਾ ਨਾ ਕਰਨ। ਸਾਈਬਰ ਸੈੱਲ ਦੇ ਐੱਸ.ਐੱਚ.ਓ. ਸਤਵੰਤ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਅਜਿਹੀ ਕੋਈ ਫਰਜ਼ੀ ਜਾਂ ਸ਼ੱਕੀ ਕਾਲ ਆਉਂਦੀ ਹੈ ਤਾਂ ਬਿਨਾਂ ਘਬਰਾਏ ਤੁਰੰਤ ਰਾਸ਼ਟਰੀ ਸਾਈਬਰ ਹੈਲਪਲਾਈਨ ਨੰਬਰ 1930 ’ਤੇ ਕਾਲ ਕਰਕੇ ਸੂਚਨਾ ਦਰਜ ਕਰਵਾਉਣ। ਇਸ ਤੋਂ ਇਲਾਵਾ ਭਾਰਤ ਸਰਕਾਰ ਦੇ ਸਾਈਬਰ ਕ੍ਰਾਇਮ ਰਿਪੋਰਟਿੰਗ ਪੋਰਟਲ ’ਤੇ ਵੀ ਫੌਰਨ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।