ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ‘ਚ ਮੰਗਲਵਾਰ ਸਵੇਰੇ ਇਕ ਕਾਰ ਦੇ ਡੂੰਘੀ ਖੱਡ ‘ਚ ਡਿੱਗਣ ਨਾਲ 4 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਗੁੰਜਨ, ਰਾਹੁਲ, ਵਿਕਾਸ ਅਤੇ ਬਾਲ ਕ੍ਰਿਸ਼ਨ ਵਜੋਂ ਹੋਈ ਹੈ, ਜਦੋਂ ਕਿ ਜ਼ਖਮੀਆਂ ਦੀ ਪਛਾਣ ਸੁਰੇਸ਼ ਵਜੋਂ ਹੋਈ ਹੈ। ਸਾਰੇ ਕੁੱਲੂ ਦੇ ਜਾਬੂ ਪਿੰਡ ਦੇ ਰਹਿਣ ਵਾਲੇ ਹਨ।
ਪੁਲਸ ਅਨੁਸਾਰ, ਹਾਦਸਾ ਤੜਕੇ ਕਰੀਬ 3.30 ਵਜੇ ਨੈਸ਼ਨਲ ਹਾਈਵੇਅ-305 ‘ਤੇ ਹਰੀਪੁਰ ਨੇੜੇ ਵਾਪਰਿਆ। ਕਾਰ ਸਵਾਰ ਕੁਮਾਰਸੈਨ ‘ਚ ਇਕ ਵਿਆਹ ਸਮਾਰੋਹ ‘ਚ ਸ਼ਾਮਲ ਹੋਣ ਤੋਂ ਬਾਅਦ ਘਰ ਵਾਪਸ ਆ ਰਹੇ ਸਨ। ਪੁਲਸ ਨੇ ਕਿਹਾ ਕਿ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਡਰਾਈਵਰ ਨੇ ਕਥਿਤ ਤੌਰ ‘ਤੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਕਾਰ ਡੂੰਘੀ ਖੱਡ ‘ਚ ਡਿੱਗ ਗਈ। ਪੁਲਸ ਨੇ ਕਿਹਾ ਕਿ ਹਾਦਸੇ ‘ਚ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪੁਲਸ ਨੇ ਕਿਹਾ ਕਿ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਟੀਮ ਮੌਕੇ ‘ਤੇ ਪਹੁੰਚੀ ਅਤੇ ਜ਼ਖ਼ਮੀ ਵਿਅਕਤੀ ਨੂੰ ਬਚਾਉਣ ਦੇ ਨਾਲ ਲਾਸ਼ਾਂ ਨੂੰ ਵੀ ਬਰਾਮਦ ਕੀਤਾ। ਪੁਲਸ ਨੇ ਦੱਸਿਆ ਕਿ ਜ਼ਖਮੀ ਨੂੰ ਰਾਮਪੁਰ ਬੁਸ਼ਹਿਰ ਦੇ ਖਾਨੇਰੀ ਸਥਿਤ ਮਹਾਤਮਾ ਗਾਂਧੀ ਮੈਡੀਕਲ ਸਰਵਿਸਿਜ਼ ਕੰਪਲੈਕਸ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।















