ਔਰਤ ਨਾਲ ਜਬਰ ਜ਼ਿਨਾਹ ਕਰਨ ਤੇ ਉਸ ਨੂੰ ਬਲੈਕਮੇਲ ਕਰਨ ਨੂੰ ਲੈ ਕੇ ਵਿਅਕਤੀ ਗ੍ਰਿਫ਼ਤਾਰ

Man in prison

ਫਰੀਦਾਬਾਦ- ਹਰਿਆਣਾ ਪੁਲਸ ਨੇ ਰਾਜਸਥਾਨ ਦੇ ਇਕ ਵਿਅਕਤੀ ਨੂੰ ਔਰਤ ਨਾਲ ਜਬਰ ਜ਼ਿਨਾਹ ਕਰਨ, ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਅਤੇ ਉਸ ਦੀਆਂ ਅਸ਼ਲੀਲ ਫੋਟੋਆਂ ਅਤੇ ਵੀਡੀਓ ਪ੍ਰਸਾਰਿਤ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਹੈ। ਇਕ ਸਰਕਾਰੀ ਬੁਲਾਰੇ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਕਿਹਾ ਕਿ ਦੋਸ਼ੀ ਦੀ ਪਛਾਣ ਰਾਜਸਥਾਨ ਦੇ ਸਵਾਈ ਮਾਧੋਪੁਰ ਵਾਸੀ ਅਭਿਸ਼ੇਕ ਕੁਮਾਰ ਬੈਰਵਾ ਵਜੋਂ ਹੋਈ ਹੈ, ਜੋ ਦਿੱਲੀ ਦੇ ਮਯੂਰ ਵਿਹਾਰ ਖੇਤਰ ‘ਚ ਰਹਿ ਰਿਹਾ ਸੀ। ਉਨ੍ਹਾਂ ਕਿਹਾ ਕਿ ਬੈਰਵਾ ਨੂੰ ਇੱਥੇ ਇਕ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ, ਜਿਸ ਨੇ ਉਸਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਸੀ।
ਪੁਲਸ ਅਨੁਸਾਰ, ਸ਼ਿਕਾਇਤਕਰਤਾ ਦੀ ਦੋਸ਼ੀ ਨਾਲ ਕਈ ਸਾਲ ਪਹਿਲਾਂ ਰਾਜਸਥਾਨ ‘ਚ ਇਕ ਮੇਲੇ ‘ਚ ਮੁਲਾਕਾਤ ਹੋਈ ਸੀ, ਜਿੱਥੇ ਉਨ੍ਹਾਂ ਨੇ ਇਕ-ਦੂਜੇ ਦੇ ਫੋਨ ਨੰਬਰ ਲਏ ਅਤੇ ਗੱਲਬਾਤ ਸ਼ੁਰੂ ਕੀਤੀ। ਔਰਤ ਦਾ ਦੋਸ਼ ਹੈ ਕਿ ਗੱਲਬਾਤ ਦੌਰਾਨ, ਦੋਸ਼ੀ ਨੇ ਉਸ ਦੀਆਂ ਫੋਟੋਆਂ ਅਤੇ ਵੀਡੀਓ ਲੈ ਲਈਆਂ ਸਨ। ਔਰਤ ਨੇ ਸ਼ਿਕਾਇਤ ‘ਚ ਦੋਸ਼ ਲਗਾਇਆ ਹੈ ਕਿ ਬਾਅਦ ‘ਚ ਬੈਰਵਾ ਨੇ ਜਾਨੋਂ ਮਾਰਨ ਅਤੇ ਤਸਵੀਰਾਂ ਤੇ ਵੀਡੀਓ ਪ੍ਰਸਾਰਿਤ ਕਰਨ ਦੀ ਧਮਕੀ ਦੇ ਕੇ ਔਰਤ ਨੂੰ ਉਸ ਦੀ ਮਰਜ਼ੀ ਦੇ ਬਿਨਾਂ ਸਰੀਰਕ ਸੰਬੰਧ ਬਣਾਉਣ ਲਈ ਮਜ਼ਬੂਰ ਕੀਤਾ। ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਦੋਸ਼ੀ ਨੇ ਹੋਰ ਇਤਰਾਜ਼ਯੋਗ ਵੀਡੀਓ ਰਿਕਾਰਡ ਕੀਤੇ ਅਤੇ ਉਸ ਨੂੰ ਲਗਾਤਾਰ ਬਲੈਕਮੇਲ ਕੀਤਾ। ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਤੋਂ ਬਾਅਦ ਸੈਕਟਰ 58 ਪੁਲਸ ਸਟੇਸ਼ਨ ‘ਚ ਮਾਮਲਾ ਦਰਜ ਕੀਤਾ ਗਿਆ ਅਤੇ ਪੁਲਸ ਟੀਮ ਨੇ ਸ਼ੁੱਕਰਵਾਰ ਨੂੰ ਰਾਜਸਥਾਨ ਤੋਂ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।