ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਕਾਰਬਨ ਨਿਕਾਸ ਲਈ ਹਮੇਸ਼ਾ ਵਿਕਾਸਸ਼ੀਲ ਦੇਸ਼ਾਂ ਨੂੰ ਗਲਤ ਤਰੀਕੇ ਨਾਲ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ, ਜਦੋਂ ਕਿ ਸੱਚਾਈ ਇਹ ਹੈ ਕਿ ਵਿਕਸਿਤ ਦੇਸ਼ਾਂ ਦਾ ਪ੍ਰਤੀ ਵਿਅਕਤੀ ਕਾਰਬਨ ਨਿਕਾਸ ਭਾਰਤ ਦੀ ਤੁਲਨਾ ‘ਚ 6 ਗੁਣਾ ਵਧ ਹੈ। ਪ੍ਰਧਾਨ ਮੰਤਰੀ ਨੇ ਇੱਥੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਵਲੋਂ ਆਯੋਜਿਤ 2 ਦਿਨ ਦੇ ਅੰਤਰਰਾਸ਼ਟਰੀ ਸੰਮੇਲਨ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਦੋਂ ਵੀ ਉਹ ਪਰਮਾਣੂ ਊਰਜਾ ਉਤਪਾਦਨ ਨਾਲ ਜੁੜੇ ਕੰਮ ਨੂੰ ਅੱਗੇ ਵਧਾਉਣਗੇ ਤਾਂ ਹਮੇਸ਼ਾ ਵਾਤਾਵਰਣ ਦੀ ਗੱਲ ਕਰਨ ਵਾਲੇ ਲੋਕ ਇਸ ਨੂੰ ਰੋਕਣ ਲਈ ਅਦਾਲਤ ਪਹੁੰਚ ਜਾਣਗੇ।
ਇਸ ਸੰਮੇਲਨ ‘ਚ ਵਾਤਾਵਰਣ ਮਾਹਿਰ, ਸੁਪਰੀਮ ਕੋਰਟ ਦੇ ਜੱਜ, ਕਾਨੂੰਨ ਮਾਹਿਰ ਅਤੇ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ। ਪੀਐੱਮ ਮੋਦੀ ਨੇ 2 ਦਿਨਾ ਸੰਮੇਲਨ ‘ਚ ਕਿਹਾ,”ਅਸੀਂ ਸਾਰੇ ਜਾਣਦੇ ਹਾਂ ਕਿ ਕਾਰਬਨ ਨਿਕਾਸ ਦੀ ਜ਼ਿੰਮੇਵਾਰੀ ਹਮੇਸ਼ਾ ਗਲਤ ਤਰੀਕੇ ਨਾਲ ਵਿਕਾਸਸ਼ੀਲ ਦੇਸ਼ਾਂ ‘ਤੇ ਪਾ ਦਿੱਤੀ ਜਾਂਦੀ ਹੈ, ਜਦੋਂ ਕਿ ਇਤਿਹਾਸਕ ਸੱਚਾਈ ਇਹ ਹੈ ਕਿ ਭਾਰਤ ਦਾ ਪ੍ਰਤੀ ਵਿਅਕਤੀ ਕਾਰਬਨ ਨਿਕਾਸ ਅੱਜ ਵੀ ਗਲੋਬਲ ਔਸਤ ਦੇ ਅੱਧੇ ਤੋਂ ਵੀ ਘੱਟ ਹੈ।” ਪੀਐੱਮ ਮੋਦੀ ਨੇ ਕਿਹਾ ਕਿ ਵਿਕਸਿਤ ਦੇਸ਼ਾਂ ਦਾ ਪ੍ਰਤੀ ਵਿਅਕਤੀ ਕਾਰਬਨ ਨਿਕਾਸ ਭਾਰਤ ਦੀ ਤੁਲਨਾ ‘ਚ 6 ਗੁਣਾ ਵੱਧ ਹੈ ਅਤੇ ਭਾਰਤ ਇਸ ਤੱਥ ਨੂੰ ਗਲੋਬਲ ਮੰਚਾਂ ‘ਤੇ ਮਜ਼ਬੂਤੀ ਨਾਲ ਰੱਖਦਾ ਹੈ।
ਉਨ੍ਹਾਂ ਕਿਹਾ,”ਅਤੇ ਮੈਂ ਹਰ ਭਾਰਤੀ ਨੂੰ ਕਹਾਂਗਾ ਕਿ ਤੁਸੀਂ ਵੀ ਇਸ ਗੱਲ ਨੂੰ ਮਜ਼ਬੂਤੀ ਨਾਲ ਕਰੋ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਬਾਕੀ ਦੁਨੀਆ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਅਤੇ ਵਾਤਾਵਰਣ ਸੁਰੱਖਿਆ ਦੇ ਖੇਤਰ ‘ਚ ਨਵੇਂ ਮਾਪਦੰਡ ਸਥਾਪਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨਵੀਨੀਕਰਨ ਊਰਜਾ ‘ਤੇ ਧਿਆਨ ਕੇਂਦਰਿਤ ਕਰ ਰਿਹਾ ਹੈ ਅਤੇ ਉਹ ਜੀ-20 ਦਾ ਇਕਮਾਤਰ ਅਜਿਹਾ ਦੇਸ਼ ਹੈ, ਜਿਸ ਨੇ ਪੈਰਿਸ ‘ਚ ਆਯੋਜਿਤ ਜਲਵਾਯੂ ਪਰਿਵਰਤਨ ਸੰਮੇਲਨ (ਸੀਓਪੀ-21) ‘ਚ ਜਤਾਈ ਗਈ ਆਪਣੀ ਵਚਨਬੱਧਤਾ ਨੂੰ ਤੈਅ ਸਮੇਂ ਤੋਂ ਕਾਫ਼ੀ ਪਹਿਲੇ ਪੂਰਾ ਕਰ ਲਿਆ ਹੈ। ਪੀਐੱਮ ਮੋਦੀ ਨੇ ਕਹਿਾ,”ਇਹੀ ਨਵੇਂ ਭਾਰਤ ਦੀ ਤਾਕਤ ਹੈ। ਗੈਰ-ਜੀਵਾਸ਼ਮ ਈਂਧਨ, ਸੌਰ ਊਰਜਾ ਸਮਰੱਥਾ, ਕਾਰਬਨ ਨਿਕਾਸ ‘ਤੇ ਰੋਕ… ਅਜਿਹੇ ਸਾਰੇ ਮਾਨਕਾਂ ‘ਤੇ ਭਾਰਤ ਦੇ ਪ੍ਰਦਰਸ਼ਨ ਦੀ ਦੁਨੀਆ ਭਰ ‘ਚ ਚਰਚਾ ਹੋ ਰਹੀ ਹੈ।”















