ਮੁਅੱਤਲ DIG ਭੁੱਲਰ ਮਾਮਲੇ ‘ਚ ED ਦੀ ਵੱਡੀ ਕਾਰਵਾਈ, ਵਿਚੋਲੀਏ ਕ੍ਰਿਸ਼ਨੂ ਨੂੰ 7 ਦਿਨਾਂ ਦੇ ਰਿਮਾਂਡ ‘ਤੇ ਲਿਆ

ਚੰਡੀਗੜ੍ਹ : ਪੰਜਾਬ ਦੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਨਾਲ ਜੁੜੇ ਰਿਸ਼ਵਤ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਵੱਡੀ ਕਾਰਵਾਈ ਕੀਤੀ ਹੈ। ਈ. ਡੀ. ਨੇ ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਨੂੰ ਚੰਡੀਗੜ੍ਹ ਦੀ ਵਿਸ਼ੇਸ਼ ਪੀ. ਐੱਮ. ਐੱਲ. ਏ. ਅਦਾਲਤ ‘ਚ ਪੇਸ਼ ਕੀਤਾ, ਜਿੱਥੇ ਉਸ ਦੇ 14 ਦਿਨਾਂ ਦੇ ਰਿਮਾਂਡ ਦੀ ਗੱਲ ਕੀਤੀ ਗਈ ਸੀ ਪਰ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਈ. ਡੀ. ਦਾ 7 ਦਿਨਾਂ ਦਾ ਰਿਮਾਂਡ ਮਨਜ਼ੂਰ ਕਰ ਲਿਆ। ਹੁਣ ਪੁੱਛਗਿੱਛ ਦੌਰਾਨ ਇਸ ਮਾਮਲੇ ‘ਚ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
ਈ.ਡੀ. ਭੁੱਲਰ ਦੇ ਟਿਕਾਣਿਆਂ ’ਤੇ ਕਰ ਚੁੱਕੀ ਹੈ ਛਾਪੇਮਾਰੀ
ਅਪ੍ਰੈਲ ’ਚ ਭੁੱਲਰ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਤਹਿਤ ਪੰਜਾਬ- ਚੰਡੀਗੜ੍ਹ ’ਚ 11 ਠਿਕਾਣਿਆਂ ’ਤੇ ਕਾਰਵਾਈ ਕੀਤੀ ਸੀ। ਚੰਡੀਗੜ੍ਹ ਦੇ ਸੈਕਟਰ-40 ਸਥਿਤ ਭੁੱਲਰ ਦੇ ਘਰ ਦੇ ਇਲਾਵਾ ਲੁਧਿਆਣਾ, ਪਟਿਆਲਾ, ਨਾਭਾ ਅਤੇ ਜਲੰਧਰ ਦੇ ਟਿਕਾਣੇ ਸ਼ਾਮਲ ਸਨ। ਇਸ ਦੌਰਾਨ ਜਾਂਚ ਏਜੰਸੀ ਨੇ ਕਈ ਦਸਤਾਵੇਜ਼ ਆਪਣੇ ਕਬਜੇ ’ਚ ਲਏ ਸਨ।