ਕੋਲਕਾਤਾ – ਤ੍ਰਿਣਮੂਲ ਕਾਂਗਰਸ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਘੱਟਗਿਣਤੀਆਂ ਨਾਲ ਸਬੰਧਤ ਮੁੱਦਿਆਂ ’ਤੇ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਰਿਪੋਰਟਰ (ਆਜ਼ਾਦ ਮਾਹਿਰ) ਨਾਲ ਸੰਪਰਕ ਕਰ ਕੇ ਦੋਸ਼ ਲਾਇਆ ਹੈ ਕਿ ਪੱਛਮੀ ਬੰਗਾਲ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੌਰਿਆਂ ਦੌਰਾਨ ਸੀਨੀਅਰ ਮੁਸਲਿਮ ਆਈ. ਏ. ਐੱਸ. ਅਤੇ ਆਈ. ਪੀ. ਐੱਸ. ਅਧਿਕਾਰੀਆਂ ਨੂੰ ਉਨ੍ਹਾਂ ਦੇ ਧਰਮ ਕਾਰਨ ਅਧਿਕਾਰਤ ਪ੍ਰੋਗਰਾਮਾਂ ਤੋਂ ਬਾਹਰ ਰੱਖਿਆ ਗਿਆ। ਮੋਇਤਰਾ ਨੇ ਯੂ. ਐੱਨ. ਘੱਟਗਿਣਤੀ ਮਾਮਲਿਆਂ ਦੇ ਵਿਸ਼ੇਸ਼ ਦੂਤ ਪ੍ਰੋ. ਨਿਕੋਲਸ ਲੇਵ੍ਰੈਟ ਨੂੰ ਪੱਤਰ ਭੇਜਿਆ ਹੈ।
ਮੋਇਤਰਾ ਮੁਤਾਬਕ, ਦੂਜੇ ਧਰਮਾਂ ਦੇ ਅਫ਼ਸਰਾਂ ਨੂੰ ਪ੍ਰੋਗਰਾਮਾਂ ’ਚ ਸ਼ਾਮਲ ਹੋਣ ਦਿੱਤਾ ਗਿਆ। ਮਹੂਆ ਨੇ ਯੂ .ਐੱਨ. ਅਧਿਕਾਰੀ ਨੂੰ ਲਿਖਿਆ ਪੱਤਰ ਸੋਸ਼ਲ ਮੀਡੀਆ ‘ਐਕਸ’ ’ਤੇ ਸ਼ੇਅਰ ਕੀਤਾ ਹੈ ਅਤੇ ਸਰਕਾਰ ਤੋਂ ਜਵਾਬ ਮੰਗਣ ਦੀ ਅਪੀਲ ਕੀਤੀ ਹੈ। ਨਿਕੋਲਸ ਲੇਵ੍ਰੈਟ ਨੂੰ ਲਿਖੇ ਪੱਤਰ ’ਚ ਮੋਇਤਰਾ ਨੇ ਦੋਸ਼ ਲਾਇਆ ਕਿ ਜੁਲਾਈ ਅਤੇ ਅਗਸਤ ’ਚ ਸ਼ਾਹ ਦੇ ਦੌਰਿਆਂ ਦੌਰਾਨ 3 ਮੌਕਿਆਂ ’ਤੇ 3 ਸੀਨੀਅਰ ਅਧਿਕਾਰੀਆਂ ਨੂੰ ਜਾਂ ਤਾਂ ਪ੍ਰੋਗਰਾਮ ਸਥਾਨ ਤੋਂ ਜਾਣ ਲਈ ਕਿਹਾ ਗਿਆ ਜਾਂ ਉਨ੍ਹਾਂ ਨੂੰ ਅਧਿਕਾਰਤ ਪ੍ਰੋਗਰਾਮਾਂ ਦੌਰਾਨ ਮੌਜੂਦ ਨਾ ਰਹਿਣ ਲਈ ਕਿਹਾ ਗਿਆ।
ਮੋਇਤਰਾ ਨੇ ਪੱਤਰ ’ਚ ਕਿਹਾ, ‘‘ਇਨ੍ਹਾਂ ਤਿੰਨੋਂ ਅਧਿਕਾਰੀਆਂ ’ਚ ਇਕ ਗੱਲ ਸਮਾਨ ਹੈ ਅਤੇ ਇਹੋ ਗੱਲ ਉਨ੍ਹਾਂ ਨੂੰ ਉਨ੍ਹਾਂ ਸਹਿਕਰਮੀਆਂ ਤੋਂ ਵੱਖ ਕਰਦੀ ਹੈ ਜਿਨ੍ਹਾਂ ਨੂੰ ਪ੍ਰੋਗਰਾਮ ਦੌਰਾਨ ਮੌਜੂਦ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ-ਅਤੇ ਉਹ ਹੈ ਉਨ੍ਹਾਂ ਦਾ ਧਰਮ।’’ ਤ੍ਰਿਣਮੂਲ ਸੰਸਦ ਮੈਂਬਰ ਨੇ ਸਿਲੀਗੁੜੀ ਦੇ ਪੁਲਸ ਕਮਿਸ਼ਨਰ ਵਕਾਰ ਰਜ਼ਾ, ਪੱਛਮੀ ਬੰਗਾਲ ਪੁਲਸ ਦੇ ਵਿਸ਼ੇਸ਼ ਕਾਰਜ ਬਲ (ਐੱਸ. ਟੀ. ਐੱਫ.) ਦੇ ਮੁਖੀ ਜਾਵੇਦ ਸ਼ਮੀਮ ਅਤੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ. ਐੱਸ.) ਦੇ ਸੀਨੀਅਰ ਅਧਿਕਾਰੀ ਖ਼ਲੀਲ ਅਹਿਮਦ ਦਾ ਜ਼ਿਕਰ ਕੀਤਾ।















