ਟੀਕਮਗੜ੍ਹ – ਮੱਧ ਪ੍ਰਦੇਸ਼ ਦੇ ਸਾਗਰ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਤੋਂ ਬਾਅਦ ਗੁੱਸੇ ’ਚ ਆਈਆਂ ਔਰਤਾਂ ਨੇ ਟੀਕਮਗੜ੍ਹ ਜ਼ਿਲ੍ਹੇ ਦੀ ਇਕ ਲਾਇਸੈਂਸੀ ਸ਼ਰਾਬ ਦੀ ਦੁਕਾਨ ’ਤੇ ਹਮਲਾ ਕਰ ਦਿੱਤਾ ਅਤੇ ਲਗਭਗ 25 ਲੱਖ ਰੁਪਏ ਦੀ ਦੇਸੀ ਅਤੇ ਭਾਰਤ ’ਚ ਬਣੀ ਵਿਦੇਸ਼ੀ ਸ਼ਰਾਬ ਨਸ਼ਟ ਕਰ ਦਿੱਤੀ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ਰਾਬ ਵਿਰੋਧੀ ਨਾਅਰੇ ਲਾਉਂਦਿਆਂ ਅਤੇ ਪੀੜਤ ਪਰਿਵਾਰਾਂ ਲਈ ਇਨਸਾਫ਼ ਦੀ ਮੰਗ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਐਤਵਾਰ ਨੂੰ ਜ਼ਿਲੇ ਦੇ ਬਮਹੋਰੀ ਪਿੰਡ ’ਚ ਇਕ ਦੁਕਾਨ ’ਤੇ ਧਾਵਾ ਬੋਲਿਆ।
ਜ਼ਿਲ੍ਹਾ ਆਬਕਾਰੀ ਅਧਿਕਾਰੀ ਨਰੇਸ਼ ਪ੍ਰਤਾਪ ਸਿੰਘ ਨੇ ਦੱਸਿਆ ਕਿ ਜ਼ਿਲਾ ਹੈੱਡਕੁਆਰਟਰ ਤੋਂ ਲਗਭਗ 35 ਕਿਲੋਮੀਟਰ ਦੂਰ ਜਤਾਰਾ ਸਬ-ਡਵੀਜ਼ਨ ਦੇ ਬਮਹੋਰੀ ’ਚ ਇਹ ਘਟਨਾ ਵਾਪਰੀ। ਟੀਕਮਗੜ੍ਹ ਅਤੇ ਸਾਗਰ ਮੱਧ ਪ੍ਰਦੇਸ਼ ਦੇ ਆਰਥਿਕ ਤੌਰ ’ਤੇ ਪੱਛੜੇ ਬੁੰਦੇਲਖੰਡ ਖੇਤਰ ਦੇ ਜ਼ਿਲਿਆਂ ’ਚੋਂ ਹਨ, ਜੋ ਉੱਤਰ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦਾ ਹੈ। ਆਬਕਾਰੀ ਅਧਿਕਾਰੀ ਨੇ ਦੋਸ਼ ਲਾਇਆ ਕਿ ਬਮਹੋਰੀ ਪਿੰਡ ਦੇ ਸਰਪੰਚ ਨੇ ਸ਼ਰਾਬ ਦੀ ਦੁਕਾਨ ਖਿਲਾਫ਼ ਮਾਹੌਲ ਬਣਾਉਣ ਲਈ ਸਾਗਰ ਦੁਖਾਂਤ ਦੀ ਵਰਤੋਂ ਕੀਤੀ ਅਤੇ ਆਪਣੇ ਸਥਾਨਕ ਸਿਆਸੀ ਪ੍ਰਭਾਵ ਨੂੰ ਮਜ਼ਬੂਤ ਕਰਨ ਦੇ ਯਤਨ ’ਚ ਲੋਕਾਂ ਨੂੰ ਲਾਮਬੰਦ ਕੀਤਾ।















